ਕਾਠਮਾਂਡੂ : ਮਸ਼ਕਲਾਂ ਨਾਲ ਘਿਰੇ ਨੇਪਾਲ ਦੇ ਪ੍ਰਧਾਨ ਮੰਤਰੀ ਕੇ ਪੀ ਓਲੀ ਨੇ ਮੁਖ ਕੈਬਿਨੇਟ ਫੇਰਬਦਲ ਮਗਰੋਂ ਮਧੇਸੀ ਜਨਤਾ ਸਮਾਜਵਾਦੀ ਪਾਰਟੀ ਨਾਲ ਹੱਥ ਮਿਲਾ ਲਿਆ ਹੈ।ਕਈ ਸਿਆਸੀ ਮਾਹਰਾਂ ਵੱਲੋਂ ਉਨ੍ਹਾਂ ਦੇ ਇਸ ਕਦਮ ਨੂੰ ਇੱਕ ਤੀਰ ਦੋ ਨਿਸ਼ਾਨਿਆਂ ਵਜੋਂ ਵੇਖਿਆ ਜਾ ਰਿਹਾ ਹੈ। ਕਿਉਂਕਿ ਇਸ ਕਦਮ ਨਾਲ ਉਨ੍ਹਾਂ ਦਾ ਸੱਤਾ 'ਤੇ ਆਪਣੀ ਪਕੜ ਮਜਬੂਤ ਕਰਨ ਦਾ ਟੀਚਾ ਤੇ ਗੁਆਂਢੀ ਦੇਸ਼ ਦੇ ਨਾਲ ਸਬੰਧਾਂ ਨੂੰ ਮਜਬੂਤ ਬਣਾਉਣਾ ਸ਼ਾਮਲ ਹੈ।
ਓਲੀ ਨੂੰ ਪ੍ਰਤੀਨਿਧੀ ਸਦਨ ਭੰਗ ਕਰਨ ਤੇ ਓਲੀ ਨੂੰ ਆਪਣੀ ਹੀ ਪਾਰਟੀ ਵੱਲੋਂ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਓਲੀ ਨੇ ਸ਼ੁੱਕਰਵਾਰ ਨੂੰ ਮੰਤਰੀ ਮੰਡਲ 'ਚ ਤਬਦੀਲੀ ਕੀਤੀ ਤੇ ਉਪ ਪ੍ਰਧਾਨ ਮੰਤਰੀ ਈਸ਼ਵਰ ਪੋਖਰੈਲ ਤੇ ਵਿਦੇਸ਼ ਮੰਤਰੀ ਪ੍ਰਦੀਪ ਗਿਆਵਾਲੀ ਸਣੇ ਕੁੱਝ ਮੰਤਰੀਆਂ ਨੂੰ ਹਟਾ ਦਿੱਤਾ। ਓਲੀ ਨੇ ਮਧੇਸੀ ਦਲ ਜਨਤਾ ਸਮਾਜਵਾਦੀ ਪਾਰਟੀ ਤੋਂ ਅੱਠ ਮੰਤਰੀਆਂ ਤੇ ਦੋ ਸੂਬਾ ਮੰਤਰੀਆਂ ਨੂੰ ਸ਼ਾਮਲ ਕੀਤਾ ਹੈ।
ਰਾਜੇਂਦਰ ਮਹਤੋ ਨੂੰ ਉਪ ਪ੍ਰਧਾਨ ਮੰਤਰੀ ਤੇ ਸ਼ਹਿਰੀ ਵਿਕਾਸ ਮੰਤਰੀ ਬਣਾਇਆ ਗਿਆ ਹੈ, ਜਦੋਂ ਕਿ ਸੱਤਾਧਾਰੀ ਸੀਪੀਐਨ-ਯੂਐਮਐਲ ਤੋਂ ਰਘੁਬੀਰ ਮਹਾਸੇਠ ਨੂੰ ਇੱਕ ਹੋਰ ਉਪ ਪ੍ਰਧਾਨ ਮੰਤਰੀ ਤੇ ਵਿਦੇਸ਼ ਮੰਤਰੀ ਬਣਾਇਆ ਗਿਆ ਹੈ। ਤੀਜੇ ਉਪ ਪ੍ਰਧਾਨ ਮੰਤਰੀ ਯੂਐਮਐਲ ਤੋਂ ਬਿਸ਼ਨੂ ਪੌਦਿਆਲ ਹਨ, ਜਿਨ੍ਹਾਂ ਨੂੰ ਵਿੱਤ ਮੰਤਰਾਲੇ ਦਾ ਕਾਰਜਭਾਰ ਵੀ ਸੌਂਪਿਆ ਗਿਆ ਹੈ।
ਮਧੇਸੀ ਪਾਰਟੀਆਂ ਨੇਪਾਲ 'ਚ ਮਧੇਸ਼ੀਆਂ ਦੀ ਨੁਮਾਇੰਦਗੀ ਕਰਨ ਦਾ ਦਾਅਵਾ ਕਰਦੀਆਂ ਹਨ। ਮਧੇਸੀ ਲੋਕ ਮੁੱਖ ਤੌਰ 'ਤੇ ਤਰਾਈ ਖੇਤਰ ਦੇ ਵਸਨੀਕ ਹਨ। ਇਸ ਭਾਈਚਾਰੇ ਦੇ ਭਾਰਤ ਨਾਲ ਮਜ਼ਬੂਤ ਸੱਭਿਆਚਾਰਕ ਅਤੇ ਪਰਿਵਾਰਕ ਸੰਬੰਧ ਹਨ। ਹਾਲਾਂਕਿ, ਵਿਰੋਧੀ ਧਿਰ ਤੇ ਮਾਹਰਾਂ ਨੇ ਓਲੀ ਦੇ ਇਸ ਕਦਮ ਦੀ ਅਲੋਚਨਾ ਕਰਦਿਆਂ ਕਿਹਾ ਕਿ ਇਹ ਸੰਵਿਧਾਨਕ ਨਿਯਮਾਂ ਦੇ ਖਿਲਾਫ ਹੈ। ਕਿਉਂਕਿ ਸੰਸਦ ਪਹਿਲਾਂ ਹੀ ਭੰਗ ਹੋ ਚੁੱਕੀ ਹੈ ਤੇ ਚੋਣਾਂ ਦੀਆਂ ਤਰੀਕਾਂ 12 ਤੇ 19 ਨਵੰਬਰ ਨਿਰਧਾਰਤ ਕੀਤੀਆਂ ਗਈਆਂ ਹਨ।
ਕਮਿਊਨਿਸਟ ਪਾਰਟੀ ਆਫ ਨੇਪਾਲ -(ਸੀਪੀਐਨ-ਯੂਐਮਐਲ) ਦੀ ਸਥਾਈ ਕਮੇਟੀ ਦਾ ਮੈਂਬਰ, ਮਹਾਸੇਤ ਨੂੰ ਨਾਂ ਮਹਿਜ਼ ਵਿਦੇਸ਼ ਮੰਤਰੀ ਬਣਾਇਆ ਗਿਆ ਹੈ। ਬਲਕਿ ਉਹ ਤਿੰਨ ਉਪ ਪ੍ਰਧਾਨ ਮੰਤਰੀਆਂ ਚੋਂ ਇੱਕ ਹੈ। ਯੂਐਮਐਲ ਦੇ ਵਿਦੇਸ਼ੀ ਸਬੰਧਾਂ ਦੇ ਵਿਭਾਗ ਦੇ ਉਪ-ਮੁਖੀ ਵਿਸ਼ਨੂੰ ਰਿਜਲ ਦੇ ਹਵਾਲੇ ਨਾਲ ਕਿਹਾ ਗਿਆ, "ਨੇਪਾਲ ਵਿੱਚ ਸਾਡੀ ਮੁਹਾਰਤ, ਯੋਗਤਾਵਾਂ ਅਤੇ ਕੰਮ ਦੇ ਪੁਰਾਣੇ ਤਜ਼ਰਬੇ ਦੇ ਅਧਾਰ ਉੱਤੇ ਮੰਤਰੀ ਚੁਣਨ ਦੀ ਰਵਾਇਤ ਨਹੀਂ ਹੈ।"
ਨੇਪਾਲ ਦੀ ਰਾਸ਼ਟਰਪਤੀ ਵਿਦਿਆ ਦੇਵੀ ਭੰਡਾਰੀ ਨੇ 22 ਮਈ ਨੂੰ ਸੰਸਦ ਭੰਗ ਕੀਤੀ ਤੇ 12 ਤੋਂ 19 ਨਵੰਬਰ ਨੂੰ ਮੱਧ-ਮਿਆਦ ਦੀਆਂ ਚੋਣਾਂ ਦਾ ਐਲਾਨ ਕੀਤਾ। ਰਾਸ਼ਟਰਪਤੀ ਭੰਡਾਰੀ ਨੇ ਪ੍ਰਧਾਨ ਮੰਤਰੀ ਓਲੀ ਤੇ ਵਿਰੋਧੀ ਗੱਠਜੋੜ ਵੱਲੋਂ ਨਵੀਂ ਸਰਕਾਰ ਬਣਾਉਣ ਦੇ ਦਾਅਵਿਆਂ ਨੂੰ ਰੱਦ ਕਰਦਿਆਂ ਇਸ ਦਾਅਵੇ ਨੂੰ ‘ਨਾਕਾਫ਼ੀ’ ਕਰਾਰ ਦਿੱਤਾ ਸੀ।
ਇਹ ਵੀ ਪੜ੍ਹੋ : Pakistan Train Accident: 2 ਟ੍ਰੇਨਾਂ ਦੀ ਸਿੱਧੀ ਟੱਕਰ, 30 ਤੋਂ ਵੱਧ ਲੋਕਾਂ ਦੀ ਮੌਤ