ਚੰਡੀਗੜ੍ਹ: 9 ਨਵੰਬਰ ਨੂੰ ਇਤਿਹਾਸਕ ਦਿਨ ਹੋ ਨਿਬੜਿਆ। ਆਜ਼ਾਦੀ ਮਿਲਣ ਤੋਂ ਬਾਅਦ ਪਹਿਲੀ ਵਾਰ ਭਾਰਤ-ਪਾਕਿਸਤਾਨ ਦੇ ਬਾਰਡਰ ਖੋਲੇ ਗਏ ਤੇ ਗੁਰੂ ਨਾਨਕ ਲੇਵਾ ਸੰਗਤ ਪਹਿਲੇ ਪਾਤਸ਼ਾਹ ਦੇ ਪ੍ਰਕਾਸ਼ ਪੁਰਬ ਮੌਕੇ ਉਸ ਪਵਿੱਤਰ ਅਸਥਾਨ ਦੇ ਦਰਸ਼ਨ ਕਰ ਸਕਦੀ ਹੈ ਜਿੱਥੇ ਗੁਰੂ ਸਾਹਿਬ ਨੇ ਆਪਣੇ ਜੀਵਨ ਦੇ ਆਖਰੀ 18 ਸਾਲ ਬਿਤਾਏ ਸਨ। ਪਹਿਲੇ ਦਿਨ ਪਤਵੰਤੇ ਸੱਜਣਾ ਦੇ ਜੱਥੇ ਮਗਰੋਂ ਅੱਜ ਤੋਂ ਆਮ ਸੰਗਤ ਦਰਸ਼ਨ ਲਈ ਲਾਂਘੇ ਰਾਹੀਂ ਜਾ ਸਕਣਗੇ।
ਸ਼ਨੀਵਾਰ ਨੂੰ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਰਤਾਰਪੁਰ ਲਾਂਘੇ ਦਾ ਉਦਘਾਟਨ ਕੀਤਾ ਤੇ ਬਾਅਦ 'ਚ ਪਾਕਿਸਤਾਨ ਵਾਲੇ ਪਾਸੇ ਇਮਰਾਨ ਖ਼ਾਨ ਨੇ ਲਾਂਘਾ ਖੋਲ੍ਹਿਆ।
ਲਾਂਘਾ ਖੁੱਲ੍ਹਣ ਤੋਂ ਬਾਅਦ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੀ ਅਗਵਾਈ 'ਚ ਪਹਿਲਾ ਜੱਥੇ ਨੇ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕੀਤੇ। ਪਹਿਲੇ ਜੱਥੇ ਵਿਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਸਾਬਕਾ ਪ੍ਰਧਾਨ ਮੰਤਰੀ ਡਾ.ਮਨਮੋਹਨ ਸਿੰਘ, ਗਿਆਨੀ ਹਰਪ੍ਰੀਤ ਸਿੰਘ, ਹਰਸਿਮਰਤ ਕੌਰ ਬਾਦਲ, ਹਰਦੀਪ ਸਿੰਘ ਪੁਰੀ ਸਮੇਤ ਕਈ ਪ੍ਰਮੁੱਖ ਸ਼ਖਸੀਅਤਾਂ ਵੀ ਸ਼ਾਮਲ ਹੋਈਆਂ।
ਕੈਪਟਨ ਨੇ ਇਸਨੂੰ ਦੱਸਿਆ ਚੰਗਾ ਤਜਰਬਾ
ਮੱਥਾ ਟੇਕਣ ਮਗਰੋਂ ਰਾਤ ਨੂੰ ਪਹਿਲਾ ਜੱਥਾ ਪਰਤ ਆਇਆ। ਪਰਤਨ ਮਗਰੋਂ ਕੈਪਟਨ ਨੇ ਕਿਹਾ ਇਹ ਇੱਕ ਚੰਗਾ ਤਜਰਬਾ ਸੀ ਤੇ ਆਸ ਪ੍ਰਗਟਾਈ ਕਿ ਲਾਂਘਾ ਦੋਹਾਂ ਦੇਸ਼ਾਂ ਵਿਚਾਲੇ ਸ਼ਾਂਤੀ ਸਥਾਪਤ ਕਰਨ 'ਚ ਮਦਦ ਕਰੇਗਾ।
ਪ੍ਰਧਾਨ ਮੰਤਰੀ ਮੋਦੀ ਨੇ 550 ਰੁਪਏ ਦਾ ਸਿੱਕਾ ਕੀਤਾ ਜਾਰੀ
ਇਸ ਤੋਂ ਪਹਿਲਾਂ ਐੱਸਜੀਪੀਸੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕੌਮੀ ਸੇਵਾ ਪੁਰਸਕਾਰ ਦਾ ਸਨਮਾਨਿਤ ਕੀਤਾ। ਪ੍ਰਧਾਨ ਮੰਤਰੀ ਨਰਿਦਰ ਮੋਦੀ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਪੰਜਾਬ ਸਰਕਾਰ ਵੱਲੋਂ ਬਣਾਇਆ ਗਿਆ 550 ਰੁਪਏ ਦਾ ਸਿੱਕਾ ਜਾਰੀ ਕੀਤਾ। ਇਸ ਦੇ ਨਾਲ ਹੀ ਉਨ੍ਹਾਂ ਡਾਕ ਟਿਕਟਾਂ ਜਾਰੀ ਕੀਤੀਆਂ ਜਿਸ ਉੱਤੇ ਪੰਜ ਗੁਰਦੁਆਰਾ ਸਾਹਿਬ ਦੀਆਂ ਤਸਵੀਰਾਂ ਉਕੇਰੀਆਂ ਗਈਆਂ ਹਨ।
ਲਾਂਘਾ ਖੁੱਲਣ ਤੋਂ ਪਹਿਲਾਂ ਪ੍ਰਧਾਨ ਮੰਤਰੀ ਨੇ ਕੀਤਾ ਸੰਬੋਧਨ
ਪ੍ਰਧਾਨ ਮੰਤਰੀ ਨੇ ਕੌਮੀ ਸੇਵਾ ਪੁਰਸਕਾਰ ਲਈ ਐਸਜੀਪੀਸੀ ਦਾ ਧੰਨਵਾਦ ਕੀਤਾ। ਇਸ ਦੇ ਨਾਲ ਹੀ ਉਨ੍ਹਾਂ ਇਮਰਾਨ ਖਾਨ ਦਾ ਵੀ ਧੰਨਵਾਦ ਕੀਤਾ ਕਿ ਉਨ੍ਹਾਂ ਵੱਲੋਂ ਵੀ ਕਰਤਾਰਪੁਰ ਲਾਂਘਾ ਖੋਲਿਆ ਜਾ ਰਿਹਾ ਹੈ ਜਿਸ ਕਾਰਨ ਹੁਣ ਕਰਤਾਰਪੁਰ ਸਾਹਿਬ ਦੇ ਦਰਸ਼ਨ ਆਸਾਨ ਹੋ ਜਾਣਗੇ। ਉਨ੍ਹਾਂ ਕਿਹਾ ਕਿ ਗੁਰੂ ਨਾਨਕ ਦੇਵ ਜੀ ਨੇ ਸਮਾਜ ਨੂੰ ਏਕਤਾ ਤੇ ਭਾਈਚਾਰੇ ਦਾ ਰਸਤਾ ਵਿਖਾਇਆ।
ਸੁਲਤਾਨਪੁਰ ਲੋਧੀ ਨਤਮਸਤਕ ਹੋਏ ਪ੍ਰਧਾਨ ਮੰਤਰੀ ਮੋਦੀ
ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਮ੍ਰਿਤਸਰ ਪੁੱਜੇ ਜਿੱਥੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਉਨ੍ਹਾਂ ਦਾ ਸਵਾਗਤ ਕੀਤਾ। ਹਵਾਈ ਅੱਡੇ ਤੋਂ ਉਹ ਸੁਲਤਾਨਪੁਰ ਲੋਧੀ ਲਈ ਰਵਾਨੇ ਹੋਏ ਜਿੱਥੇ ਉਹ ਗੁਰਦੁਆਰਾ ਸ੍ਰੀ ਬੇਰ ਸਾਹਿਬ ਨਤਮਸਤਕ ਹੋਏ ਅਤੇ ਉਨ੍ਹਾਂ ਨੂੰ ਸਿਰੋਪਾਓ ਵੀ ਭੇਂਟ ਕੀਤਾ ਗਿਆ।
ਕਰਤਾਰਪੁਰ ਸਾਹਿਬ ਨੂੰ ਗੁਰਦੁਆਰਾ ਦਰਬਾਰ ਸਾਹਿਬ ਦੇ ਨਾਂਅ ਨਾਲ ਜਾਣਿਆ ਜਾਂਦਾ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੀ ਜ਼ਿੰਦਗੀ ਦੇ ਆਖਰੀ ਸਾਲ ਕਰਤਾਰਪੁਰ ਸਾਹਿਬ ਵਿਖੇ ਬਿਤਾਏ ਜਿੱਥੇ ਉਨ੍ਹਾਂ ਖੇਤੀਬਾੜੀ ਕਰਦਿਆਂ ਸੰਗਤ ਨੂੰ ਕਿਰਤ ਕਰਨ, ਨਾਮ ਜਪਣ ਅਤੇ ਵੰਡ ਕੇ ਛਕਣ ਦਾ ਉਪਦੇਸ਼ ਦਿੱਤਾ ਸੀ। ਇਸ ਕਰਕੇ ਸਿੱਖ ਸੰਗਤਾਂ ਅਤੇ ਸਮੂਹ ਗੁਰੂ ਨਾਨਕ ਨਾਮ ਲੇਵਾ ਸੰਗਤ ਵਿਚ ਇਸ ਸਥਾਨ ਦੇ ਖੁੱਲ੍ਹੇ ਦਰਸ਼ਨ ਦੀਦਾਰ ਕਰਨ ਦੀ ਹਮੇਸ਼ਾ ਤੋਂ ਹੀ ਕਾਫੀ ਚਾਹ ਹੈ ਜੋ ਕਿ ਹੁਣ ਪੂਰੀ ਹੋ ਗਈ ਹੈ।
ਇਹ ਵੀ ਪੜ੍ਹੋ: 72 ਸਾਲ ਬਾਅਦ ਸੰਗਤ ਦੀ ਅਰਦਾਸ ਕਬੂਲ, ਖੁੱਲ੍ਹ ਗਿਆ ਕਰਤਾਰਪੁਰ ਲਾਂਘਾ