ਨਵੀਂ ਦਿੱਲੀ: ਚੀਨ ਵਿੱਚ ਕੋਰੋਨਾ ਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ 1110 ਤੱਕ ਪਹੁੰਚ ਗਈ ਹੈ। ਮੰਗਲਵਾਰ ਨੂੰ 24 ਘੰਟਿਆਂ ਵਿੱਚ 108 ਲੋਕਾਂ ਦੀ ਮੌਤ ਹੋ ਗਈ, ਜੋ ਕਿਸੇ ਇੱਕ ਦਿਨ ਵਿੱਚ ਮਰਨ ਵਾਲਿਆਂ ਦੀ ਸਭ ਤੋਂ ਉੱਚਾ ਅੰਕੜਾ ਸੀ। ਚੀਨ ਦੇ ਸਿਹਤ ਅਧਿਕਾਰੀਆਂ ਨੇ ਮੰਗਲਵਾਰ ਨੂੰ ਕਿਹਾ ਕਿ ਮਹਾਮਾਰੀ ਦੇ 42,638 ਮਾਮਲਿਆਂ ਦੀ ਪੁਸ਼ਟੀ ਹੋਈ ਹੈ।
ਚੀਨ ਤੋਂ ਬਾਹਰ ਲਗਭਗ 30 ਥਾਵਾਂ 'ਤੇ ਦੋ ਮੌਤਾਂ ਨਾਲ ਸੰਕਰਮਣ ਦੇ 350 ਤੋਂ ਵੱਧ ਮਾਮਲੇ ਸਾਹਮਣੇ ਆ ਚੁੱਕੇ ਹਨ। ਇੱਕ ਦੀ ਮੌਤ ਫਿਲੀਪੀਨਜ਼ ਵਿੱਚ ਹੋਈ ਅਤੇ ਦੂਜੀ ਹਾਂਗਕਾਂਗ ਵਿੱਚ ਹੋਈ। ਦੂਜੇ ਪਾਸੇ ਜਰਮਨੀ, ਬ੍ਰਿਟੇਨ, ਇਟਲੀ ਅਤੇ ਫਰਾਂਸ, ਰੂਸ, ਸਵੀਡਨ, ਬੈਲਜੀਅਮ, ਫਿਨਲੈਂਡ ਅਤੇ ਸਪੇਨ ਦੇ ਯੂਰਪੀਅਨ ਦੇਸ਼ਾਂ ਵਿੱਚ ਵੀ ਇਸ ਵਾਇਰਸ ਦੇ ਮਾਮਲੇ ਸਾਹਮਣੇ ਆਏ ਹਨ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਚੀਨ ਵਿੱਚ ਐਤਵਾਰ ਨੂੰ ਕੋਰੋਨਾ ਵਾਇਰਸ ਕਾਰਨ ਇੱਕੋ ਦਿਨ ਵਿੱਚ ਹੀ 97 ਲੋਕਾਂ ਦੀ ਮੌਤ ਹੋ ਗਈ ਸੀ। ਐਤਵਾਰ ਨੂੰ 4008 ਨਵੇਂ ਕੇਸ ਸਾਹਮਣੇ ਆਏ, ਜਿਨ੍ਹਾਂ ਵਿੱਚ 296 ਮਰੀਜ਼ਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ। ਐਤਵਾਰ ਨੂੰ ਹੀ 3281 ਲੋਕਾਂ ਨੂੰ ਮਾਹਾਮਾਰੀ ਖ਼ਤਮ ਹੋਣ ਤੋਂ ਬਾਅਦ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਸੀ। ਹੁਣ ਤੱਕ 40 ਹਜ਼ਾਰ ਤੋਂ ਵੱਧ ਮਾਮਲੇ ਸਾਹਮਣੇ ਆ ਚੁੱਕੇ ਹਨ। ਵਾਇਰਸ ਨੇ 27 ਦੇਸ਼ਾਂ ਵਿੱਚ ਦਸਤਕ ਦਿੱਤੀ ਹੈ।
ਤੁਹਾਨੂੰ ਦੱਸ ਦਈਏ ਕਿ ਕੋੋਰੋਨਾ ਵਾਇਰਸ ਨਾਲ ਚੀਨ ਦੇ ਹੋਰਨਾਂ ਦੇਸ਼ਾਂ ਨਾਲ ਚੱਲ ਰਹੇ ਆਯਾਤ-ਨਿਰਯਾਤ ਉੱਤੇ ਵੀ ਡੂੰਘਾ ਅਸਰ ਪਿਆ ਹੈ ਅਤੇ ਇੱਥੋਂ ਤੱਕ ਚੀਨ ਨੇ ਕਈ ਆਯਾਤ-ਨਿਰਯਾਤ ਉੱਤੇ ਰੋਕ ਵੀ ਲਾ ਦਿੱਤੀ ਹੈ।