ਵਾਸ਼ਿੰਗਟਨ ਡੀਸੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਫਰਾਂਸ ਦੇ ਸਫਲ ਦੌਰੇ ਤੋਂ ਬਾਅਦ ਬੁੱਧਵਾਰ ਸ਼ਾਮ (ਭਾਰਤੀ ਸਮੇਂ ਅਨੁਸਾਰ ਵੀਰਵਾਰ ਸਵੇਰੇ) ਅਮਰੀਕਾ ਪਹੁੰਚ ਗਏ। ਅਮਰੀਕਾ ਦੇ ਦੋ ਦਿਨਾਂ ਦੌਰੇ 'ਤੇ ਪਹੁੰਚੇ ਪ੍ਰਧਾਨ ਮੰਤਰੀ ਦਾ ਵਾਸ਼ਿੰਗਟਨ ਡੀਸੀ ਦੇ ਹਵਾਈ ਅੱਡੇ 'ਤੇ ਸ਼ਾਨਦਾਰ ਸਵਾਗਤ ਕੀਤਾ ਗਿਆ। ਪ੍ਰਵਾਸੀ ਭਾਰਤੀਆਂ ਨੇ ਵੀ ਪ੍ਰਧਾਨ ਮੰਤਰੀ ਦਾ ਬਲੇਅਰ ਹਾਊਸ ਵਿਖੇ ਨਿੱਘਾ ਸਵਾਗਤ ਕੀਤਾ, ਜਿੱਥੇ ਉਹ ਰੁਕਣਗੇ। ਬਲੇਅਰ ਹਾਊਸ 'ਚ ਥੋੜ੍ਹੇ ਸਮੇਂ ਦੇ ਰੁਕਣ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਨੇ ਅਮਰੀਕੀ ਖੁਫੀਆ ਡਾਇਰੈਕਟਰ ਤੁਲਸੀ ਗਬਾਰਡ ਨਾਲ ਮੁਲਾਕਾਤ ਕੀਤੀ, ਜੋ ਇਸ ਦੌਰੇ ਦਾ ਅਹਿਮ ਹਿੱਸਾ ਸੀ।
ਤੁਲਸੀ ਗਬਾਰਡ ਬਣੀ ਅਮਰੀਕੀ ਖੁਫੀਆ ਮੁਖੀ, ਪ੍ਰਧਾਨ ਮੰਤਰੀ ਮੋਦੀ ਨੇ ਦਿੱਤੀ ਵਧਾਈ
ਤੁਲਸੀ ਗਬਾਰਡ ਨੂੰ ਬੁੱਧਵਾਰ ਨੂੰ ਹੀ ਨੈਸ਼ਨਲ ਇੰਟੈਲੀਜੈਂਸ ਡਾਇਰੈਕਟਰ ਨਿਯੁਕਤ ਕੀਤਾ ਗਿਆ ਸੀ। ਸੈਨੇਟ ਨੇ ਉਸ ਦੇ ਹੱਕ ਵਿਚ ਵੋਟਿੰਗ ਕੀਤੀ, ਜਿਸ ਤੋਂ ਬਾਅਦ ਉਹ ਅਮਰੀਕਾ ਦੀਆਂ 18 ਖੁਫੀਆ ਏਜੰਸੀਆਂ ਦੀ ਮੁਖੀ ਬਣ ਗਈ। ਮੰਨਿਆ ਜਾ ਰਿਹਾ ਹੈ ਕਿ ਇਹੀ ਕਾਰਨ ਹੈ ਕਿ ਪ੍ਰਧਾਨ ਮੰਤਰੀ ਮੋਦੀ ਨੇ ਆਪਣੇ ਅਮਰੀਕੀ ਦੌਰੇ ਦੀ ਸ਼ੁਰੂਆਤ ਉਨ੍ਹਾਂ ਨੂੰ ਮਿਲ ਕੇ ਕੀਤੀ ਸੀ। ਮੁਲਾਕਾਤ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਨੇ ਸੋਸ਼ਲ ਮੀਡੀਆ ਪਲੇਟਫਾਰਮ 'ਐਕਸ' 'ਤੇ ਇੱਕ ਪੋਸਟ ਸ਼ੇਅਰ ਕੀਤੀ। ਉਨ੍ਹਾਂ ਲਿਖਿਆ, "ਵਾਸ਼ਿੰਗਟਨ ਡੀਸੀ ਵਿੱਚ ਅਮਰੀਕੀ ਖੁਫੀਆ ਨਿਰਦੇਸ਼ਕ ਤੁਲਸੀ ਗਬਾਰਡ ਨਾਲ ਮੁਲਾਕਾਤ ਕੀਤੀ। ਉਨ੍ਹਾਂ ਦੀ ਨਿਯੁਕਤੀ 'ਤੇ ਉਨ੍ਹਾਂ ਨੂੰ ਵਧਾਈ ਦਿੱਤੀ। ਅਸੀਂ ਭਾਰਤ-ਅਮਰੀਕਾ ਦੋਸਤੀ ਦੇ ਵੱਖ-ਵੱਖ ਪਹਿਲੂਆਂ 'ਤੇ ਚਰਚਾ ਕੀਤੀ, ਜਿਨ੍ਹਾਂ ਵਿੱਚੋਂ ਉਹ ਹਮੇਸ਼ਾ ਇੱਕ ਮਜ਼ਬੂਤ ਸਮਰਥਕ ਰਹੀ ਹੈ।"
Met USA’s Director of National Intelligence, @TulsiGabbard in Washington DC. Congratulated her on her confirmation. Discussed various aspects of the India-USA friendship, of which she’s always been a strong votary. pic.twitter.com/w2bhsh8CKF
— Narendra Modi (@narendramodi) February 13, 2025
ਪੀਐਮ ਮੋਦੀ ਅਤੇ ਤੁਲਸੀ ਗਬਾਰਡ ਨੇ ਇਨ੍ਹਾਂ ਮੁੱਦਿਆਂ 'ਤੇ ਕੀਤੀ ਚਰਚਾ
ਇਸ ਦੇ ਨਾਲ ਹੀ, ਵਿਦੇਸ਼ ਮੰਤਰਾਲੇ ਦੇ ਅਧਿਕਾਰਤ ਬੁਲਾਰੇ ਰਣਧੀਰ ਜੈਸਵਾਲ ਨੇ ਐਕਸ ਪੋਸਟ ਵਿੱਚ ਕਿਹਾ, “ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਵਾਸ਼ਿੰਗਟਨ ਡੀਸੀ ਵਿੱਚ ਅਮਰੀਕੀ ਰਾਸ਼ਟਰੀ ਖੁਫੀਆ ਨਿਰਦੇਸ਼ਕ ਤੁਲਸੀ ਗਬਾਰਡ ਨਾਲ ਇੱਕ ਸਾਰਥਕ ਮੀਟਿੰਗ ਕੀਤੀ। ਚਰਚਾ ਸਾਈਬਰ ਸੁਰੱਖਿਆ, ਅੱਤਵਾਦ ਅਤੇ ਉੱਭਰਦੇ ਖਤਰਿਆਂ ਵਿੱਚ ਖੁਫੀਆ ਸਹਿਯੋਗ ਵਧਾਉਣ 'ਤੇ ਕੇਂਦਰਿਤ ਸੀ।"
ਕੌਣ ਹੈ ਤੁਲਸੀ ਗਬਾਰਡ ?
ਤੁਲਸੀ ਗਬਾਰਡ, ਭਾਵੇਂ ਉਸਦਾ ਨਾਮ ਭਾਰਤੀ ਨਾਵਾਂ ਨਾਲ ਮਿਲਦਾ-ਜੁਲਦਾ ਹੈ, ਪਰ ਭਾਰਤੀ ਮੂਲ ਦੀ ਨਹੀਂ ਹੈ। ਉਸਦੀ ਮਾਂ ਨੇ ਆਪਣੀ ਧੀ ਦਾ ਨਾਮ ਹਿੰਦੂ ਧਰਮ ਪ੍ਰਤੀ ਪਿਆਰ ਕਾਰਨ ਤੁਲਸੀ ਰੱਖਿਆ। ਤੁਲਸੀ ਗਬਾਰਡ ਸਾਬਕਾ ਫੌਜੀ ਹੈ ਅਤੇ ਡੈਮੋਕ੍ਰੇਟਿਕ ਪਾਰਟੀ ਤੋਂ ਅਮਰੀਕੀ ਸੰਸਦ ਦੀ ਮੈਂਬਰ ਵੀ ਰਹਿ ਚੁੱਕੀ ਹੈ। ਵਰਤਮਾਨ ਵਿੱਚ ਉਹ ਇੱਕ ਰਿਪਬਲਿਕਨ ਹੈ। ਤੁਲਸੀ ਗਬਾਰਡ ਦਾ ਵਿਆਹ ਹੋ ਗਿਆ ਹੈ। ਉਸਦਾ ਪਹਿਲਾ ਵਿਆਹ ਐਡੋਆਰਡੋ ਤਾਮਾਯੋ ਨਾਲ ਹੋਇਆ ਸੀ, ਜੋ ਸਿਰਫ ਚਾਰ ਸਾਲ ਚੱਲਿਆ ਸੀ। ਬਾਅਦ ਵਿੱਚ ਉਸਨੇ ਸਿਨੇਮੈਟੋਗ੍ਰਾਫਰ ਅਬ੍ਰਾਹਮ ਵਿਲੀਅਮਜ਼ ਨਾਲ ਵਿਆਹ ਕਰਵਾ ਲਿਆ।
Upon his arrival in Washington DC, PM @narendramodi received an enthusiastic welcome from the Indian community. Here are a few pictures. pic.twitter.com/uMrfpJ069Y
— PMO India (@PMOIndia) February 13, 2025
ਪ੍ਰਧਾਨ ਮੰਤਰੀ ਮੋਦੀ ਦੀ ਇਸ ਫੇਰੀ ਨੂੰ ਭਾਰਤ ਅਤੇ ਅਮਰੀਕਾ ਦਰਮਿਆਨ ਰਣਨੀਤਕ ਭਾਈਵਾਲੀ ਨੂੰ ਹੋਰ ਮਜ਼ਬੂਤ ਕਰਨ ਦੀ ਦਿਸ਼ਾ ਵਿੱਚ ਅਹਿਮ ਮੰਨਿਆ ਜਾ ਰਿਹਾ ਹੈ। ਇੰਟੈਲੀਜੈਂਸ ਡਾਇਰੈਕਟਰ ਤੁਲਸੀ ਗਬਾਰਡ ਨਾਲ ਉਨ੍ਹਾਂ ਦੀ ਮੁਲਾਕਾਤ ਖੁਫੀਆ ਜਾਣਕਾਰੀ ਸਾਂਝੀ ਕਰਨ ਅਤੇ ਦੋਵਾਂ ਦੇਸ਼ਾਂ ਵਿਚਾਲੇ ਸੁਰੱਖਿਆ ਸਹਿਯੋਗ ਨੂੰ ਉਤਸ਼ਾਹਿਤ ਕਰਨ ਵਿਚ ਅਹਿਮ ਭੂਮਿਕਾ ਨਿਭਾ ਸਕਦੀ ਹੈ।
ਪ੍ਰਧਾਨ ਮੰਤਰੀ ਮੋਦੀ ਅਤੇ ਟਰੰਪ ਅੱਜ ਵ੍ਹਾਈਟ ਹਾਊਸ ਵਿੱਚ ਕਰਨਗੇ ਦੁਵੱਲੀ ਗੱਲਬਾਤ
ਦੱਸ ਦਈਏ ਕਿ ਫਰਾਂਸ ਦੇ ਦੌਰੇ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਬੁੱਧਵਾਰ ਸ਼ਾਮ 5.30 ਵਜੇ (ਵੀਰਵਾਰ ਸਵੇਰੇ 4 ਵਜੇ) ਅਮਰੀਕਾ ਪਹੁੰਚੇ। ਪ੍ਰਧਾਨ ਮੰਤਰੀ ਮੋਦੀ ਅਤੇ ਟਰੰਪ ਵੀਰਵਾਰ ਨੂੰ ਵ੍ਹਾਈਟ ਹਾਊਸ 'ਚ ਦੁਵੱਲੀ ਗੱਲਬਾਤ ਕਰਨਗੇ।