ਢਾਕਾ: ਬੰਗਲਾਦੇਸ਼ ਦੀ ਰਾਜਧਾਨੀ ਢਾਕਾ ਦੇ ਬਾਹਰੀ ਖੇਤਰ 'ਚ ਇੱਕ ਮਸਜਿਦ ਵਿੱਚ ਗੈਸ ਰਿਸਾਵ ਹੋਣ ਦੇ ਕਾਰਨ ਇਕੋ ਸਮੇ 6 ਐਸੀ (ਏਅਰ ਕੰਡੀਸ਼ਨਰ) 'ਚ ਧਮਾਕਾ ਹੋਣ ਨਾਲ 21 ਲੋਕਾਂ ਦੀ ਮੌਤ ਹੋ ਗਈ। ਮਰਨ ਵਾਲਿਆਂ ਵਿੱਚ ਇੱਕ ਬੱਚਾ ਵੀ ਸ਼ਾਮਲ ਹੈ। ਇਸ ਧਮਾਕੇ ਵਿੱਚ ਇੱਕ ਦਰਜਨ ਤੋਂ ਵੱਧ ਲੋਕ ਜ਼ਖਮੀ ਹੋ ਗਏ ਹਨ।
ਫਾਇਰ ਸਰਵਿਸ ਦੇ ਅਧਿਕਾਰੀਆਂ ਮੁਤਾਬਕ ਨਰਾਇਣਗੰਜ ਕੇਂਦਰੀ ਜ਼ਿਲ੍ਹੇ 'ਚ ਸਥਿਤ ਬੈਤੂਲ ਸਲਾਤ ਮਸਜਿਦ ਵਿਖੇ ਸ਼ੁੱਕਰਵਾਰ ਰਾਤ ਕਰੀਬ 9 ਵਜੇ ਨਮਾਜ਼ ਦੌਰਾਨ ਇਹ ਧਮਾਕਾ ਹੋਇਆ। ਮੀਡੀਆ ਰਿਪੋਰਟਾਂ ਦੇ ਅਨੁਸਾਰ, ਸ਼ਨੀਵਾਰ ਨੂੰ 17 ਲੋਕਾਂ ਦੀ ਮੌਤ ਹੋਈ, ਜਦੋਂ ਕਿ ਲਗਭਗ 20 ਦੇ ਕਰੀਬ ਵਿਅਕਤੀ ਹਸਪਤਾਲ ਵਿੱਚ ਜ਼ੇਰੇ ਇਲਾਜ ਹਨ। ਐਤਵਾਰ ਨੂੰ ਮਰਨ ਵਾਲਿਆਂ ਦੀ ਗਿਣਤੀ 21 ਹੋ ਗਈ ਹੈ।
ਨਾਰਾਇਣਗੰਜ ਦੇ ਪੁਲਿਸ ਸੁਪਰਡੈਂਟ ਮੁਹੰਮਦ ਜਾਇਦੁਲ ਆਲਮ ਨੇ ਕਿਹਾ ਕਿ ਜੇ ਜਾਂਚ ਵਿੱਚ ਲਾਪ੍ਰਵਾਹੀ ਦਾ ਕੋਈ ਸਬੂਤ ਮਿਲਦਾ ਹੈ ਤਾਂ ਕਾਰਵਾਈ ਕੀਤੀ ਜਾਵੇਗੀ। ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੇ ਇਸ ਘਟਨਾ ‘ਤੇ ਦੁੱਖ ਜ਼ਾਹਰ ਕੀਤਾ ਹੈ ਅਤੇ ਪੀੜਤਾਂ ਦੀ ਹਰ ਸੰਭਵ ਡਾਕਟਰੀ ਦੇਖਭਾਲ ਨੂੰ ਯਕੀਨੀ ਬਣਾਉਣ ਲਈ ਨਿਰਦੇਸ਼ ਜਾਰੀ ਕੀਤੇ ਹਨ।