ਕਾਬੁਲ: ਅਫਗਾਨਿਸਤਾਨ ਦੇ ਰਾਸ਼ਟਰਪਤੀ ਅਸ਼ਰਫ ਗਨੀ ਨੇ ਦੇਸ਼ ਛੱਡ ਦਿੱਤਾ ਹੈ। ਟੋਲੋ ਨਿਊਜ਼ ਨੇ ਸੂਤਰਾਂ ਦੇ ਹਵਾਲੇ ਨਾਲ ਇਹ ਜਾਣਕਾਰੀ ਦਿੱਤੀ ਹੈ। ਹਾਲਾਂਕਿ ਰਾਸ਼ਟਰਪਤੀ ਦੇ ਸਲਾਹਕਾਰ ਨੇ ਦਾਅਵਾ ਕੀਤਾ ਹੈ ਕਿ ਉਹ (ਅਸ਼ਰਫ ਗਨੀ) ਦੇਸ਼ ਛੱਡ ਕੇ ਨਹੀਂ ਗਏ ਹਨ।
ਉਥੇ ਹੀ ਰਾਇਟਰਜ਼ ਦੇ ਅਨੁਸਾਰ, ਗ੍ਰਹਿ ਮੰਤਰਾਲੇ ਦੇ ਸੀਨੀਅਰ ਅਧਿਕਾਰੀਆਂ ਦਾ ਕਹਿਣਾ ਹੈ ਕਿ ਅਫਗਾਨ ਰਾਸ਼ਟਰਪਤੀ ਅਸ਼ਰਫ ਗਨੀ ਤਾਜ਼ਿਕਿਸਤਾਨ ਲਈ ਰਵਾਨਾ ਹੋਏ ਹਨ।
ਇਸ ਨੂੰ ਲੈਕੇ ਐਚਸੀਐਨਆਰ ਦੇ ਮੁਖੀ ਅਬਦੁੱਲਾ ਅਬਦੁੱਲਾ ਨੇ ਲੋਕਾਂ ਨੂੰ ਇਸ ਬਾਰੇ ਸ਼ਾਂਤ ਰਹਿਣ ਲਈ ਕਿਹਾ ਹੈ। ਉਨ੍ਹਾਂ ਨੇ ਅਫਗਾਨ ਬਲਾਂ ਨੂੰ ਸੁਰੱਖਿਆ ਯਕੀਨੀ ਬਣਾਉਣ ਵਿੱਚ ਸਹਿਯੋਗ ਕਰਨ ਲਈ ਵੀ ਕਿਹਾ ਹੈ।
ਅਬਦੁੱਲਾ ਨੇ ਤਾਲਿਬਾਨ ਨੂੰ ਕਾਬੁਲ ਸ਼ਹਿਰ ਵਿੱਚ ਦਾਖਲ ਹੋਣ ਤੋਂ ਪਹਿਲਾਂ ਗੱਲਬਾਤ ਲਈ ਕੁਝ ਸਮਾਂ ਦੇਣ ਲਈ ਕਿਹਾ ਹੈ। ਉਨ੍ਹਾਂ ਨੇ ਗਨੀ ਨੂੰ 'ਸਾਬਕਾ ਰਾਸ਼ਟਰਪਤੀ' ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਹ (ਗਨੀ) ਦੇਸ਼ ਛੱਡ ਚੁੱਕੇ ਹਨ।
ਤਾਲਿਬਾਨ ਦੇ ਬੁਲਾਰੇ ਜ਼ਬੀਹੁੱਲਾਹ ਮੁਜਾਹਿਦ ਨੇ ਕਿਹਾ ਕਿ ਲੁੱਟ ਅਤੇ ਅਰਾਜਕਤਾ ਨੂੰ ਰੋਕਣ ਲਈ ਉਨ੍ਹਾਂ ਦੀਆਂ ਫੌਜਾਂ ਕਾਬੁਲ, ਅਫਗਾਨਿਸਤਾਨ ਦੇ ਕੁਝ ਹਿੱਸਿਆਂ ਵਿੱਚ ਦਾਖਲ ਹੋਣਗੀਆਂ ਅਤੇ ਉਨ੍ਹਾਂ ਚੌਂਕੀਆਂ 'ਤੇ ਕਬਜਾ ਕਰ ਲਵੇਗੀ, ਜਿਨ੍ਹਾਂ ਨੂੰ ਸੁਰੱਖਿਆ ਬਲਾਂ ਦੁਆਰਾ ਖਾਲੀ ਕਰ ਦਿੱਤਾ ਗਿਆ ਹੈ। ਉਨ੍ਹਾਂ ਨੇ ਲੋਕਾਂ ਨੂੰ ਕਿਹਾ ਕਿ ਉਨ੍ਹਾਂ (ਤਾਲਿਬਾਨ) ਦੇ ਦਾਖਲੇ ਤੋਂ ਨਾ ਡਰੇ।
ਰਿਪੋਰਟਾਂ ਦੇ ਅਨੁਸਾਰ, ਗਨੀ ਦੇ ਦੇਸ਼ ਛੱਡਣ ਤੋਂ ਪਹਿਲਾਂ ਤਾਲਿਬਾਨ ਅੱਤਵਾਦੀਆਂ ਦਾ ਇੱਕ ਸਮੂਹ ਸੱਤਾ ਦੇ ਤਬਾਦਲੇ ਲਈ ਰਾਸ਼ਟਰਪਤੀ ਭਵਨ ਪਹੁੰਚਿਆ ਸੀ। ਉਥੇ ਹੀ ਅਫਗਾਨਿਸਤਾਨ ਦੇ ਸਾਬਕਾ ਗ੍ਰਹਿ ਮੰਤਰੀ ਅਲੀ ਅਹਿਮਦ ਜਲਾਲੀ ਦੇਸ਼ ਦੀ ਅੰਤਰਿਮ ਸਰਕਾਰ ਦੀ ਅਗਵਾਈ ਕਰ ਸਕਦੇ ਹਨ।
ਤੁਹਾਨੂੰ ਦੱਸ ਦਈਏ ਕਿ ਤਾਲਿਬਾਨ ਨੇ ਅਫਗਾਨਿਸਤਾਨ 'ਤੇ ਕਬਜ਼ਾ ਕਰ ਲਿਆ ਹੈ। ਅਫਗਾਨ ਸੁਰੱਖਿਆ ਬਲਾਂ ਦੇ ਵਿਰੁੱਧ ਇੱਕ ਮਹੀਨੇ ਦੇ ਲੰਬੇ ਹਮਲੇ ਤੋਂ ਬਾਅਦ ਇਸਲਾਮਿਕ ਸੰਗਠਨ ਤਾਲਿਬਾਨ ਨਾਲ ਜੁੜੇ ਅੱਤਵਾਦੀ ਅਖੀਰ ਐਤਵਾਰ (15 ਅਗਸਤ) ਨੂੰ ਕਾਬੁਲ ਦੇ ਦਰਵਾਜ਼ਿਆਂ 'ਤੇ ਪਹੁੰਚ ਗਏ।
ਇਹ ਵੀ ਪੜ੍ਹੋ:ਤਾਲਿਬਾਨ ਨੇ ਅਫਗਾਨਿਸਤਾਨ 'ਚ ਬਣਾਈ ਅੰਤਰਿਮ ਸਰਕਾਰ,ਅਹਿਮਦ ਜਲਾਲੀ ਨੂੰ ਮਿਲ ਸਕਦੀ ਹੈ ਸੱਤਾ