ਵਾਸ਼ਿੰਗਟਨ: ਅਮਰੀਕੀ ਸੈਨੇਟ ਨੇ ਚੀਨ ਨੂੰ ਵੱਡਾ ਝਟਕਾ ਦਿੰਦਿਆਂ ਵੀਰਵਾਰ ਨੂੰ ਸਰਬਸੰਮਤੀ ਨਾਲ ਇੱਕ ਬਿੱਲ ਪਾਸ ਕੀਤਾ ਹੈ, ਜਿਸ ਦੇ ਤਹਿਤ ਹਾਂਗ ਕਾਂਗ 'ਤੇ ਵਿਵਾਦਪੂਰਨ ਰਾਸ਼ਟਰੀ ਸੁਰੱਖਿਆ ਕਾਨੂੰਨ ਲਾਗੂ ਕਰਨ ਦੇ ਆਪਣੇ ਫੈਸਲੇ ਲਈ ਚੀਨ 'ਤੇ ਪਾਬੰਦੀਆਂ ਲਗਾਈਆਂ ਜਾਣਗੀਆਂ। ਆਲੋਚਕਾਂ ਦਾ ਕਹਿਣਾ ਹੈ ਕਿ ਇਹ ਕਾਨੂੰਨ ਸ਼ਹਿਰ ਦੀ ਲੋਕਤੰਤਰੀ ਆਜ਼ਾਦੀ ਨੂੰ ਖ਼ਤਮ ਕਰਦਾ ਹੈ।
ਦੱਸ ਦਈਏ ਕਿ ਹਾਂਗ ਕਾਂਗ ਆਟੋਨੋਮੀ ਐਕਟ, ਵਿਅਕਤੀਆਂ ਅਤੇ ਕਾਰੋਬਾਰਾਂ 'ਤੇ ਪਾਬੰਦੀਆਂ ਲਗਾਵੇਗਾ ਜੋ ਚੀਨ ਨੂੰ ਹਾਂਗਕਾਂਗ ਦੀ ਖ਼ੁਦਮੁਖਤਿਆਰੀ 'ਤੇ ਰੋਕ ਲਗਾਉਣ ਵਿੱਚ ਸਹਾਇਤਾ ਕਰੇਗਾ। ਮੀਡੀਆ ਰਿਪੋਰਟ ਮੁਤਾਬਕ ਬਿੱਲ ਨੂੰ ਪੈਨਸਿਲਵੇਨੀਆ ਦੇ ਰਿਪਬਲੀਕਨ ਸੈਨੇਟਰ ਪੈਟ ਟੂਮੀ ਅਤੇ ਮੈਰੀਲੈਂਡ ਦੇ ਡੈਮੋਕਰੇਟਿਕ ਸੈਨੇਟਰ ਕ੍ਰਿਸ ਵੈਨ ਹੋਲਨ ਵੱਲੋਂ ਲਿਖਿਆ ਗਿਆ ਸੀ।
ਇਹ ਵੀ ਪੜ੍ਹੋ: ਭਾਰਤ ਨੂੰ ਚੀਨ ਤੋਂ ਖ਼ਤਰਾ, ਫੌਜ ਦੀ ਤਾਇਨਾਤੀ ਦੀ ਸਮੀਖਿਆ ਕਰ ਰਿਹਾ ਅਮਰੀਕਾ
ਵੈਨ ਹੋਲੇਨ ਨੇ ਕਿਹਾ, “ਚੀਨ ਦੀ ਸਰਕਾਰ ਹਾਂਗ ਕਾਂਗ ਵਿੱਚ ਜੋ ਕਰ ਰਹੀ ਹੈ ਉਹ ਮੰਨਣਯੋਗ ਨਹੀਂ ਹੈ। ਉਹ ਹਾਂਗ ਕਾਂਗ ਵਿੱਚ ਲੋਕਾਂ ਦੇ ਅਧਿਕਾਰ ਖੋਹ ਰਹੇ ਹਨ। ਉਹ ਇਸ ਵੇਲੇ ਉਥੋਂ ਦੀ ਆਜ਼ਾਦੀ ਨੂੰ ਖੋਹ ਰਹੇ ਹਨ।
ਹਾਂਗ ਕਾਂਗ ਵਿੱਚ ਭਾਰੀ ਪ੍ਰਦਰਸ਼ਨਾਂ ਨੇ ਚੀਨ ਨੂੰ ਸੁਰੱਖਿਆ ਕਾਨੂੰਨ ਲਾਗੂ ਕਰਨ ਤੋਂ ਰੋਕਿਆ ਹੈ, ਪਰ ਬੀਜ਼ਿੰਗ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਇਸ ਕਾਨੂੰਨ ਨੂੰ ‘ਬਿਨ੍ਹਾਂ ਦੇਰੀ’ ਲਾਗੂ ਕੀਤਾ ਜਾਵੇਗਾ। ਕਾਨੂੰਨ ਦੇ ਤਹਿਤ ਸਾਬਕਾ ਬ੍ਰਿਟਿਸ਼ ਕਲੋਨੀ ਵਿੱਚ ਗੁਪਤ ਪੁਲਿਸਿੰਗ ਦੇ ਨਾਲ-ਨਾਲ ਕਾਨੂੰਨ ਨੂੰ ਲਾਗੂ ਕਰਨ ਦੀ ਨਿਗਰਾਨੀ ਲਈ ਇੱਕ ਪੁਲਿਸ ਯੂਨਿਟ ਵੀ ਸਥਾਪਤ ਕੀਤੀ ਜਾਵੇਗੀ।
ਹਾਂਗ ਕਾਂਗ ਸੁਰੱਖਿਆ ਕਾਨੂੰਨ ਦੀ ਦੁਨੀਆ ਭਰ ਵਿੱਚ ਆਲੋਚਨਾ ਹੋ ਰਹੀ ਹੈ। ਪਰ ਚੀਨ ਅਤੇ ਹਾਂਗ ਕਾਂਗ ਦੇ ਆਗੂ ਇਹ ਕਹਿ ਰਹੇ ਹਨ ਕਿ ਉਨ੍ਹਾਂ ਨੂੰ ਕਾਨੂੰਨ ਲਾਗੂ ਕਰਨ ਦਾ ਪੂਰਾ ਅਧਿਕਾਰ ਹੈ।