ਲਾਸ ਏਂਜਲਸ: ਭਾਰਤ ਦੇ ਗਣਤੰਤਰ ਦਿਵਸ ਮੌਕੇ 'ਤੇ ਨਾਗਰਿਕਤਾ ਸੋਧ ਕਾਨੂੰਨ (ਸੀ.ਏ.ਏ.), ਨੈਸ਼ਨਲ ਸਿਵਲ ਰਜਿਸਟਰ (ਐਨ.ਆਰ.ਸੀ.) ਅਤੇ ਰਾਸ਼ਟਰੀ ਜਨਸੰਖਿਆ ਰਜਿਸਟਰ (ਐਨਪੀਆਰ) ਦੇ ਵਿਰੋਧ ਲਈ ਭਾਰਤੀ ਭਾਈਚਾਰੇ ਦੇ ਕਈ ਲੋਕ ਕੈਲੀਫੋਰਨੀਆ ਦੀਆਂ ਸੜਕਾਂ' 'ਤੇ ਉੱਤਰ ਆਏ। ਮੀਡੀਆ ਰਿਪੋਰਟਾਂ ਮੁਤਾਬਕ ਐਤਵਾਰ ਨੂੰ ਸ਼ਹਿਰ ਤੋਂ 19 ਮੀਲ ਦੀ ਦੂਰੀ 'ਤੇ ਆਰਟੇਸੀਆ ਸ਼ਹਿਰ ਵਿਚ ਇੱਕ ਰੋਸ ਮਾਰਚ ਕੱਢਿਆ ਗਿਆ।
ਮਾਰਚ ਵਿੱਚ ਹਿੱਸਾ ਲੈਣ ਵਾਲੇ ਰਿਸਰਚ ਸਕਾਲਰ ਰਾਜਸ਼ਿਕ ਨੇ ਕਿਹਾ, “ਭਾਵੇਂ ਸੁਪਰੀਮ ਕੋਰਟ ਵੀ ਸਰਕਾਰ ਦੇ ਹੱਕ ਵਿੱਚ ਹੋਵੇ, ਤਾਂ ਵੀ ਮੈਂ ਭਾਰਤੀ ਅਤੇ ਵਿਦੇਸ਼ਾਂ ਵਿੱਚ ਰਹਿਣ ਵਾਲੇ ਸਾਰੇ ਭਾਰਤੀ ਲੋਕਾਂ ਨੂੰ ਸੱਚ ਦੇ ਪੱਖ 'ਚ ਖੜਾ ਹੋਣ ਲਈ ਅਤੇ ਆਪਣੀ ਆਵਾਜ਼ ਬੁਲੰਦ ਕਰਨ ਲਈ ਹੌਂਸਲਾ ਦਿੰਦਾ ਰਹਾਂਗਾ। ਕਾਨੂੰਨੀ ਫ਼ੈਸਲਾ ਹੋਵੇ ਜਾਂ ਨਾਂ ਹੋਵੇ, ਸੀਏਏ ਅਤੇ ਐਨਆਰਸੀ ਨੂੰ ਸੰਵਿਧਾਨ ਦੀ ਭਾਵਨਾ ਨੂੰ ਬਣਾਏ ਰੱਖਣ ਲਈ ਰੱਦ ਕੀਤਾ ਜਾਣਾ ਚਾਹੀਦਾ ਹੈ।"
ਆਰਟੇਸੀਆ 'ਚ ਹੋਈ ਰੈਲੀ ਅਮਰੀਕਾ ਦੇ ਕਈ ਹਿੱਸਿਆਂ 'ਚ ਨੈਸ਼ਨਲ ਡੇਅ ਆਫ਼ ਐਕਸ਼ਨ ਦੇ ਹਿੱਸਿਆਂ ਦੇ ਰੂਪ ਵਿੱਚ ਸੀ। ਇਹ ਰੈਲੀ ਹੋਰ ਵੀ ਕਈ ਸ਼ਹਿਰਾਂ 'ਚ ਹੋਵੇਗੀ। ਐਤਵਾਰ ਦੀ ਰੈਲੀ ਦੇ ਪ੍ਰਬੰਧਕਾਂ ਵਿੱਚੋਂ ਇੱਕ, ਪ੍ਰੇਰਨਾ ਚਾਵਲਾ ਨੇ ਕਿਹਾ ਕਿ ਦਸੰਬਰ ਵਿੱਚ ਐਲਏ ਸਿਟੀ ਹਾਲ ਵਿੱਚ ਹੋਏ ਪਹਿਲੇ ਵਿਰੋਧ ਪ੍ਰਦਰਸ਼ਨ ਤੋਂ ਬਾਅਦ ਉਹ ਸੀਏਏ ਅਤੇ ਐਨਆਰਸੀ ਵਿਰੁੱਧ ਲੜਨਾ ਚਾਹੁੰਦੇ ਸੀ ਜਿਸ ਦੇ ਤਹਿਤ ਉਨ੍ਹਾਂ ਆਪਣਾ ਵਿਰੋਧ ਆਰਟੇਸੀਆ ਵੱਲ ਲੈਕੇ ਜਾਣ ਦਾ ਫ਼ੈਸਲਾ ਕੀਤਾ।
ਉਨ੍ਹਾਂ ਇਹ ਵੀ ਕਿਹਾ ਕਿ ਉਹ ਭਾਰਤ ਭਰ ਦੇ ਸਾਰੇ ਪ੍ਰਦਰਸ਼ਨਕਾਰੀਆਂ ਦੇ ਨਾਲ ਇੱਕਜੁਟਤਾ ਦੇ ਨਾਲ ਖੜੇ ਹਨ, ਜੋ ਧਮਕੀ ਅਤੇ ਤਸ਼ੱਦਦ ਸਹਿਣ ਤੋਂ ਬਾਅਦ ਵੀ ਆਪਣੇ ਹੱਕ ਲਈ ਖੜੇ ਹੋ ਰਹੇ ਹਨ।
ਮੀਡੀਆ ਰਿਪੋਰਟਾਂ ਮੁਤਾਬਕ, ਦਸੰਬਰ 2019 'ਚ ਭਾਰਤ 'ਚ ਸੀਏਏ ਜਦੋਂ ਪਾਸ ਹੋਇਆ ਸੀ, ਉਸ ਵੇਲੇ ਤੋਂ ਭਾਰਤ ਅਤੇ ਵਿਦੇਸ਼ ਵਿੱਚ ਫ਼ੈਸਲੇਂ ਦੇ ਵਿਰੁੱਧ ਪ੍ਰਦਰਸ਼ਨ ਹੋ ਰਹੇ ਸਨ। ਇਹ ਕਾਨੂੰਨ ਅਫ਼ਗਾਨਿਸਤਾਨ,ਪਾਕਿਸਤਾਨ ਅਤੇ ਬੰਗਲਾਦੇਸ਼ ਤੋਂ ਆਏ ਗ਼ੈਰ-ਮੁਸਲਿਮ ਸ਼ਰਨਾਰਥੀਆਂ ਨੂੰ ਨਾਗਰਿਕਤਾ ਦੇ ਅਧਿਕਾਰ ਦਿੰਦਾ ਹੈ ਜੋ 2014 ਤੋਂ ਪਹਿਲਾਂ ਭਾਰਤ ਵਿੱਚ ਸ਼ਰਨ ਲੈ ਚੁੱਕੇ ਹਨ।