ਵਾਸ਼ਿੰਗਟਨ: ਕੋਰੋਨਾ ਵਾਇਰਸ ਦਾ ਕਹਿਰ ਰੁਕਣ ਦਾ ਨਾਂਅ ਨਹੀਂ ਲੈ ਰਿਹਾ। ਦੁਨੀਆ ਦੇ ਸਭ ਤੋਂ ਸ਼ਕਤੀਸ਼ਾਲੀ ਦੇਸ਼ ਨੂੰ ਇਸ ਵਾਇਰਸ ਨੇ ਸਭ ਤੋਂ ਵੱਧ ਚਪੇਟ ਵਿੱਚ ਲਿਆ ਹੋਇਆ ਹੈ। ਤਾਜ਼ਾ ਅੰਕੜਿਆਂ ਮੁਤਾਬਕ ਅਮਰੀਕਾ ਵਿੱਚ ਮੌਤਾਂ ਦੀ ਗਿਣਤੀ 20 ਹਜ਼ਾਰ ਤੋਂ ਪਾਰ ਹੋ ਗਈ ਹੈ। ਇਸ ਤੋਂ ਪਹਿਲਾਂ ਦੁਨੀਆ ਵਿੱਚ ਸਭ ਤੋਂ ਵਧ ਕੋਰੋਨਾ ਨਾਲ ਇਟਲੀ ਵਿੱਚ ਮੌਤਾਂ ਹੋਈਆਂ ਸਨ, ਪਰ ਅੱਜ ਦੇ ਤਾਜ਼ਾ ਅੰਕੜਿਆਂ ਤੋਂ ਬਾਅਦ ਅਮਰੀਕਾ ਨੇ ਇਟਲੀ ਨੂੰ ਪਿੱਛੇ ਛੱਡ ਦਿੱਤਾ ਹੈ। ਇਟਲੀ ਵਿੱਚ ਹੁਣ ਤੱਕ 19,468 ਮੌਤਾਂ ਹੋ ਚੁੱਕੀਆਂ ਹਨ।
ਜਾਣਕਾਰੀ ਲਈ ਦੱਸ ਦਈਏ ਕਿ ਅਮਰੀਕਾ ਵਿੱਚ ਹੁਣ ਤੱਕ ਕੋਰੋਨਾ ਵਾਇਰਸ ਦੇ 5,32,879 ਪੌਜ਼ੀਟਿਵ ਮਾਮਲੇ ਸਾਹਮਣੇ ਆ ਚੁੱਕੇ ਹਨ, ਉੱਥੇ ਹੀ 20,577 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦਕਿ 30,453 ਲੋਕ ਠੀਕ ਹੋ ਚੁੱਕੇ ਹਨ। ਇਟਲੀ 'ਚ ਕੁੱਲ ਪੌਜ਼ੀਟਿਵ ਮਾਮਲਿਆਂ ਦੀ ਗਿਣਤੀ 1,52,271 ਹੈ, ਜਿਨ੍ਹਾਂ ਵਿੱਚੋਂ 19,468 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦਕਿ 32,534 ਲੋਕ ਠੀਕ ਹੋ ਗਏ ਹਨ।
ਇਹ ਵੀ ਜ਼ਿਕਰ ਕਰਨਾ ਜ਼ਰੂਰੀ ਹੈ ਕਿ ਰਾਸ਼ਟਰੀ ਐਮਰਜੈਂਸੀ ਕਾਰਨ ਅਮਰੀਕਾ ਦੀ 95 ਪ੍ਰਤੀਸ਼ਤ ਤੋਂ ਵੱਧ ਆਬਾਦੀ ਘਰਾਂ ਵਿੱਚ ਕੈਦ ਹੈ ਅਤੇ ਲਗਭਗ 1 ਕਰੋੜ 60 ਲੱਖ ਲੋਕ ਆਪਣੀਆਂ ਨੌਕਰੀਆਂ ਗਵਾਂ ਚੁੱਕੇ ਹਨ। ਕੋਰੋਨਾ ਦੇ ਕਹਿਰ ਨਾਲ ਕੁੱਝ ਹੀ ਹਫ਼ਤਿਆਂ ਵਿੱਚ ਅਮਰੀਕੀ ਅਰਥਚਾਰਾ ਰੁਕ ਜਿਹਾ ਗਿਆ ਹੈ।
ਇਹ ਵੀ ਪੜ੍ਹੋ: ਨਿਹੰਗ ਸਿੰਘਾਂ ਨੇ ਪੁਲਿਸ ਮੁਲਾਜ਼ਮਾਂ 'ਤੇ ਕੀਤਾ ਹਮਲਾ, ASI ਦਾ ਕੱਟਿਆ ਗਿਆ ਹੱਥ
ਅਮਰੀਕਾ ਦੇ ਪ੍ਰਮੁੱਖ ਸੂਬਿਆਂ ਅਤੇ ਸ਼ਹਿਰਾਂ 'ਚ ਹਜ਼ਾਰਾਂ ਲੋਕਾਂ ਨੂੰ ਆਪਣੀ ਲਪੇਟ 'ਚ ਲੈਣ ਤੋਂ ਬਾਅਦ ਕੋਰੋਨਾ ਵਾਇਰਸ ਨੇ ਦੇਸ਼ ਦੇ ਮੀਟ ਬਾਜ਼ਾਰਾਂ ਵਿੱਚ ਦਸਤਕ ਦੇ ਦਿੱਤੀ ਹੈ। ਪਿਛਲੇ ਇੱਕ ਹਫ਼ਤੇ 'ਚ ਬੁੱਚੜਖਾਨਿਆਂ ਤੋਂ ਸੈਂਕੜੇ ਪੌਜ਼ੀਟਿਵ ਮਾਮਲੇ ਸਾਹਮਣੇ ਆਏ ਹਨ।