ਚੰਡੀਗੜ੍ਹ: ਹਿੰਦੀ ਸਿਨੇਮਾ ਦੇ ਮਸ਼ਹੂਰ ਐਕਟਰ ਮੁਕੇਸ਼ ਰਿਸ਼ੀ ਪੰਜਾਬੀ ਫਿਲਮ ‘ਨਿਡਰ’ ਨਾਲ ਬਤੌਰ ਨਿਰਮਾਤਾ ਸ਼ਾਨਦਾਰ ਡੈਬਿਊ ਕਰਨ ਜਾ ਰਹੇ ਹਨ। ਹੋਣਹਾਰ ਐਕਟਰ ਯੁਵਰਾਜ ਔਲਖ, ਜੋ ਇਸ ਫਿਲਮ ਵਿਚ ਕਾਫ਼ੀ ਮਹੱਤਵਪੂਰਨ ਭੂਮਿਕਾ ਵਿਚ ਨਜ਼ਰ ਆਵੇਗਾ। ਰੁਸਤਮ-ਏ-ਹਿੰਦ ਦਾ ਖ਼ਿਤਾਬ ਹਾਸਿਲ ਕਰਨ ਵਾਲੇ ਅਤੇ ਹਿੰਦੀ, ਪੰਜਾਬੀ ਸਿਨੇਮਾ ਦੀ ਸ਼ਾਨ ਰਹੇ ਦਾਰਾ ਸਿੰਘ ਪਰਿਵਾਰ ਨਾਲ ਸੰਬੰਧਤ ਇਹ ਪ੍ਰਤਿਭਾਵਾਨ ਐਕਟਰ ਪ੍ਰਸਿੱਧ ਐਕਟਰ-ਨਿਰਮਾਤਾ-ਨਿਰਦੇਸ਼ਕ ਰਤਨ ਔਲਖ ਦਾ ਬੇਟਾ ਹੈ, ਜਿਸ ਨੂੰ ਐਕਟਿੰਗ ਦੇ ਗੁਣ ਵਿਰਾਸਤ ਵਿਚੋਂ ਹੀ ਮਿਲੇ ਹਨ।
ਮੁੰਬਈ ਯੂਨੀਵਰਸਿਟੀ ਤੋਂ ਗ੍ਰੈਜ਼ੂਏਸ਼ਨ ਕਰਨ ਤੋਂ ਇਲਾਵਾ ਪੂਨੇ ਤੋਂ ਐਮ.ਬੀ.ਏ ਕਰਨ ਵਾਲਾ ਯੁਵਰਾਜ ਔਲਖ ਟੈਨਿਸ, ਤੈਰਾਕੀ ਅਤੇ ਕਿੱਕ ਬਾਕਸਿੰਗ ਵਿਚ ਵੀ ਚੰਗੇ ਹੁਨਰ ਰੱਖਦਾ ਹੈ। ਬਾਲੀਵੁੱਡ ਗਲਿਆਰਿਆਂ ਵਿਚ ਪੰਜਾਬੀਅਤ ਦੀ ਸਰਦਾਰੀ ਕਾਇਮ ਕਰਨ ਵਾਲੇ ਆਪਣੇ ਪਿਤਾ ਰਤਨ ਔਲਖ ਵਾਂਗ ਹੀ ਆਪਣੀਆਂ ਕਦਰਾਂ, ਕੀਮਤਾਂ ਅਤੇ ਵਿਰਸੇ ਨਾਲ ਹਮੇਸ਼ਾਂ ਜੁੜਿਆ ਰਹਿਣਾ ਪਸੰਦ ਕਰਦਾ ਹੈ ਯੁਵਰਾਜ ਔਲਖ।
ਅਦਾਕਾਰ ਔਲਖ ਨੇ ਦੱਸਿਆ ਕਿ ਪਰਿਵਾਰ ਪਾਸੋਂ ਮਿਲੇ ਇੰਨੇ ਚੰਗੇਰੇ ਅਤੇ ਆਤਮ ਵਿਸ਼ਵਾਸ਼ੀ ਗੁਣਾਂ ਦੀ ਬਦੌਲਤ ਹੀ ਉਸਨੇ ਪੂਰੀ ਮਿਹਨਤ ਅਤੇ ਲੰਮੇ ਸਿੱਖਿਅਕ ਪੜ੍ਹਾਵਾਂ ਬਾਅਦ ਇਸ ਖੇਤਰ ਵਿਚ ਕਦਮ ਧਰਨ ਦਾ ਫੈਸਲਾ ਲਿਆ ਹੈ। ਉਨ੍ਹਾਂ ਦੱਸਿਆ ਕਿ ਐਕਸ਼ਨ ਡਰਾਮਾ ਕਹਾਣੀ ਆਧਾਰਿਤ ਉਨ੍ਹਾਂ ਦੀ ਇਸ ਪਹਿਲੀ ਫਿਲਮ ਵਿਚ ਦੇਸ਼ ਭਗਤੀ ਅਤੇ ਭਾਈਚਾਰਕ ਸਾਂਝਾ ਨੂੰ ਹੋਰ ਗੂੜਾ ਕਰਨ ਨੂੰ ਵੀ ਪ੍ਰਮੁੱਖਤਾ ਦਿੱਤੀ ਗਈ ਹੈ।
ਯੁਵਰਾਜ ਔਲਖ ਅਨੁਸਾਰ ਪਹਿਲੀ ਹੀ ਫਿਲਮ ਵਿਚ ਮੁਕੇਸ਼ ਰਿਸ਼ੀ ਅਤੇ ਪੰਜਾਬੀ ਸਿਨੇਮਾ ਦੇ ਮੰਨੇ ਪ੍ਰਮੰਨੇ ਐਕਟਰਾਂ ਨਾਲ ਅਭਿਨੈ ਕਰਨਾ ਉਨਾਂ ਲਈ ਕਾਫ਼ੀ ਯਾਦਗਾਰੀ ਤਜ਼ਰਬਾ ਰਿਹਾ ਹੈ, ਜਿੰਨ੍ਹਾਂ ਦੀ ਸੰਗਤ ਵਿਚ ਉਸਨੂੰ ਅਭਿਨੈ ਬਾਰੀਕੀਆਂ ਨੂੰ ਹੋਰ ਗਹਿਰਾਈ ਨਾਲ ਸਿੱਖਣ, ਸਮਝਣ ਵਿਚ ਵੀ ਮਦਦ ਮਿਲੀ ਹੈ।
ਉਨ੍ਹਾਂ ਦੱਸਿਆ ਕਿ ਪੰਜਾਬੀ ਸਿਨੇਮਾ ਦੇ ਬਹੁਤ ਹੀ ਮੰਝੇ ਹੋਏ ਨਿਰਦੇਸ਼ਕ ਮਨਦੀਪ ਚਾਹਲ ਵੱਲੋਂ ਨਿਰਦੇਸ਼ਿਤ ਕੀਤੀ ਗਈ ਇਸ ਪੰਜਾਬੀ ਫਿਲਮ ਨੂੰ ਅਗਲੇ ਦਿਨ੍ਹੀਂ ਦੇਸ਼ ਵਿਦੇਸ਼ ਵਿਚ ਵੀ ਰਿਲੀਜ਼ ਕੀਤਾ ਜਾ ਰਿਹਾ ਹੈ, ਜਿਸ ਤੋਂ ਬਾਅਦ ਉਨ੍ਹਾਂ ਦੀ ਇਕ ਹੋਰ ਫਿਲਮ ‘ਨਾਨਕ ਨਾਮ ਜਹਾਜ਼ ਹੈ-ਭਾਗ ਦੂਜਾ’ ਵੀ ਰਿਲੀਜ਼ ਲਈ ਤਿਆਰ ਹੈ ਅਤੇ ਇਸ ਫਿਲਮ ਵਿਚ ਵੀ ਉਨ੍ਹਾਂ ਦੀ ਭੂਮਿਕਾ ਕਾਫ਼ੀ ਚੁਣੌਤੀਪੂਰਨ ਹੈ। ਉਨ੍ਹਾਂ ਦੱਸਿਆ ਕਿ ਸਿਨੇਮਾ ਖੇਤਰ ਵਿਚ ਉਨਾਂ ਦੀ ਤਰਜੀਹ ਹਮੇਸ਼ਾ ਮਿਆਰੀ ਅਤੇ ਪੰਜਾਬੀਅਤ ਦੀ ਤਰਜ਼ਮਾਨੀ ਕਰਦੀਆਂ ਫਿਲਮਾਂ ਕਰਨ ਦੀ ਰਹੇਗੀ ਤਾਂ ਕਿ ਉਸ ਦਾ ਪੂਰਾ ਪਰਿਵਾਰ ਅਤੇ ਹਰ ਪੰਜਾਬੀ ਉਸ 'ਤੇ ਫ਼ਖਰ ਮਹਿਸੂਸ ਕਰ ਸਕੇ।
ਇਹ ਵੀ ਪੜ੍ਹੋ: Kanwar Chahal Death News: ਪੰਜਾਬੀ ਗਾਇਕ ਕੰਵਰ ਚਾਹਲ ਦਾ ਹੋਇਆ ਦੇਹਾਂਤ, ਸ਼ਹਿਨਾਜ਼ ਗਿੱਲ ਨਾਲ ਵੀ ਕਰ ਚੁੱਕੇ ਨੇ ਕੰਮ