ਮੁੰਬਈ (ਬਿਊਰੋ): ਆਪਣੇ ਬੋਲਡ ਕੱਪੜਿਆਂ ਅਤੇ ਅਜੀਬੋ-ਗਰੀਬ ਫੈਸ਼ਨ ਲਈ ਅਕਸਰ ਸੁਰਖੀਆਂ ਬਟੋਰਨ ਵਾਲੀ ਅਦਾਕਾਰਾ ਉਰਫੀ ਜਾਵੇਦ ਨੂੰ ਹਾਲ ਹੀ 'ਚ ਮੁੰਬਈ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ। ਦਰਅਸਲ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ 'ਚ ਮੁੰਬਈ ਪੁਲਿਸ ਉਰਫੀ ਨੂੰ ਗ੍ਰਿਫ਼ਤਾਰ ਕਰਦੀ ਨਜ਼ਰ ਆ ਰਹੀ ਹੈ। ਇਸ ਵੀਡੀਓ 'ਚ ਉਰਫੀ ਨੂੰ ਸਵੇਰੇ ਕੌਫੀ ਪੀਂਦੇ ਦੇਖਿਆ ਗਿਆ। ਜਿੱਥੇ ਕੁਝ ਮਹਿਲਾ ਪੁਲਿਸ ਮੁਲਾਜ਼ਮਾਂ ਨੇ ਆ ਕੇ ਉਸ ਨੂੰ ਹਿਰਾਸਤ ਵਿੱਚ ਲੈ ਲਿਆ।
ਉਰਫੀ ਨੂੰ ਕਿਉਂ ਕੀਤਾ ਗਿਆ ਗ੍ਰਿਫਤਾਰ?: ਵਾਇਰਲ ਵੀਡੀਓ ਵਿੱਚ ਇੱਕ ਮਹਿਲਾ ਪੁਲਿਸ ਉਰਫੀ ਨੂੰ ਆਪਣੇ ਨਾਲ ਥਾਣੇ ਜਾਣ ਲਈ ਕਹਿੰਦੀ ਹੈ। ਜਦੋਂ ਉਰਫੀ ਨੇ ਉਸ ਤੋਂ ਇਸ ਦਾ ਕਾਰਨ ਪੁੱਛਿਆ ਤਾਂ ਉਸ ਨੇ ਕਿਹਾ- ਇੰਨੇ ਛੋਟੇ ਕੱਪੜੇ ਪਾ ਕੇ ਕੌਣ ਘੁੰਮਦਾ ਹੈ? ਜਦੋਂ ਉਰਫੀ ਨੇ ਦੁਬਾਰਾ ਕਾਰਨ ਜਾਣਨਾ ਚਾਹਿਆ ਤਾਂ ਮਹਿਲਾ ਪੁਲਿਸ ਨੇ ਉਸ ਨੂੰ ਫੜ ਕੇ ਗ੍ਰਿਫਤਾਰ ਕਰ ਲਿਆ। ਮੀਡੀਆ ਰਿਪੋਰਟਾਂ ਮੁਤਾਬਕ ਪੁਲਿਸ ਨੇ ਉਰਫੀ ਨੂੰ ਛੋਟੇ ਅਤੇ ਅਜੀਬ ਕੱਪੜੇ ਪਹਿਨਣ ਦੇ ਕਾਰਨ ਗ੍ਰਿਫਤਾਰ ਕੀਤਾ ਹੈ। ਇਸ ਵੀਡੀਓ 'ਚ ਉਰਫੀ ਨੇ ਡੈਨਿਮ ਪੈਂਟ ਅਤੇ ਬੈਕਲੈੱਸ ਰੈੱਡ ਟਾਪ ਪਾਇਆ ਹੋਇਆ ਹੈ।
ਸੋਸ਼ਲ ਮੀਡੀਆ 'ਤੇ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਯੂਜ਼ਰਸ ਕਈ ਤਰ੍ਹਾਂ ਦੇ ਕਮੈਂਟ ਕਰ ਰਹੇ ਹਨ। ਕੁਝ ਲੋਕ ਇਸ ਨੂੰ ਮਜ਼ਾਕ ਸਮਝ ਰਹੇ ਹਨ ਅਤੇ ਕੁਝ ਲੋਕ ਇਸ ਨੂੰ ਗੰਭੀਰਤਾ ਨਾਲ ਲੈ ਰਹੇ ਹਨ। ਇਸ ਦੌਰਾਨ ਇੱਕ ਯੂਜ਼ਰ ਨੇ ਲਿਖਿਆ, 'ਲੱਗਦਾ ਹੈ ਕਿ ਇਹ ਪ੍ਰੈਂਕ ਹੈ।' ਇੱਕ ਨੇ ਲਿਖਿਆ, 'ਨਕਲੀ ਲੱਗ ਰਿਹਾ ਹੈ, ਪੁਲਿਸ ਨਾਲੋਂ ਉਰਫੀ ਦੀ ਆਵਾਜ਼ ਜਿਆਦਾ ਆ ਰਹੀ ਹੈ'। ਇੱਕ ਨੇ ਲਿਖਿਆ, 'ਹੁਣ ਪੁਲਿਸ ਵਾਲਿਆਂ ਨੇ ਵੀ ਰੀਲਾਂ ਬਣਾਉਣੀਆਂ ਸ਼ੁਰੂ ਕਰ ਦਿੱਤੀਆਂ ਹਨ।' ਇੱਕ ਯੂਜ਼ਰ ਨੇ ਲਿਖਿਆ, 'ਕਾਸ਼ ਇਹ ਪ੍ਰੈਂਕ ਸੱਚ ਹੁੰਦਾ।' ਇਸ ਤਰ੍ਹਾਂ ਲੋਕ ਇਸ ਨੂੰ ਸੱਚ ਨਹੀਂ ਮੰਨ ਰਹੇ।
ਪਹਿਲਾਂ ਵੀ ਦਰਜ ਕਰਵਾਈ ਜਾ ਚੁੱਕੀ ਹੈ ਸ਼ਿਕਾਇਤ: ਮੀਡੀਆ ਰਿਪੋਰਟਾਂ ਮੁਤਾਬਕ ਕੁਝ ਸਮਾਂ ਪਹਿਲਾਂ ਵੀ ਉਰਫੀ ਖਿਲਾਫ ਬਾਂਦਰਾ ਪੁਲਿਸ ਸਟੇਸ਼ਨ 'ਚ ਉਸ ਦੇ ਫੈਸ਼ਨ ਸੈਂਸ ਨੂੰ ਲੈ ਕੇ ਸ਼ਿਕਾਇਤ ਦਰਜ ਕਰਵਾਈ ਗਈ ਸੀ। ਜਦੋਂ ਉਰਫੀ ਤੋਂ ਇਸ ਬਾਰੇ ਪੁੱਛਿਆ ਗਿਆ ਤਾਂ ਉਸ ਨੇ ਟ੍ਰੋਲ ਕਰਨ ਵਾਲਿਆਂ 'ਤੇ ਨਿਸ਼ਾਨਾ ਸਾਧਿਆ। ਉਸ ਨੇ ਕਿਹਾ ਸੀ ਕਿ ਇਸ ਇੰਡਸਟਰੀ 'ਚ ਉਹ ਇਕੱਲੀ ਨਹੀਂ ਹੈ ਜੋ ਅਜਿਹੇ ਕੱਪੜੇ ਪਾਉਂਦੀ ਹੈ ਅਤੇ ਵੈਸੇ ਵੀ ਇਹ ਉਸਦੀ ਨਿੱਜੀ ਪਸੰਦ ਹੈ।