ਚੰਡੀਗੜ੍ਹ: ਪੰਜਾਬੀ ਸਿਨੇਮਾ ਦੀਆਂ ਉਚਕੋਟੀ ਅਤੇ ਬੇਹਤਰੀਨ ਅਦਾਕਾਰਾਂ ਵਿਚੋਂ ਇੱਕ ਵਾਮਿਕਾ ਗੱਬੀ ਹੈ, ਅਦਾਕਾਰਾ ਵਾਮਿਕਾ ਗੱਬੀ ਅੱਜਕੱਲ੍ਹ ਬਾਲੀਵੁੱਡ, ਮਲਿਆਲਮ, ਤਾਮਿਲ, ਤੇਲਗੂ ਸਿਨੇਮਾ ’ਚ ਵੀ ਮਾਣਮੱਤੀਆਂ ਪ੍ਰਾਪਤੀਆਂ ਵੱਲ ਵੱਧ ਰਹੀ ਹੈ, ਜੋ ਵੈਬ ਸੀਰੀਜ਼ ‘ਜੁਬਲੀ’ ਵਿਚ ਲੀਡ ਭੂਮਿਕਾ ਵਿਚ ਨਜ਼ਰ ਆਵੇਗੀ, ਜਿਸ ਦੀ ਸਟ੍ਰੀਮਿੰਗ ਅਮੈਜ਼ਨ ਪ੍ਰਾਈਮ 'ਤੇ ਹੋਣ ਜਾ ਰਹੀ ਹੈ।
ਹਿੰਦੀ ਸਿਨੇਮਾ ਦੇ ਮੰਝੇ ਹੋਏ ਅਤੇ ਅਜ਼ੀਮ ਨਿਰਦੇਸ਼ਕ ਵਜੋਂ ਜਾਣੇ ਜਾਂਦੇ ਵਿਕਰਮਾਦਿਤਿਆ ਮੋਟਵਾਲੀ ਵੱਲੋਂ ਨਿਰਦੇਸ਼ਿਤ ਕੀਤੀ ਗਈ ਇਸ ਵੈੱਬ ਸੀਰੀਜ਼ ਦੀ ਸਟਾਰ ਕਾਸਟ ਵਿਚ ਅਪਰਸ਼ਕਤੀ ਖੁਰਾਣਾ, ਪ੍ਰਸੋਨਜੀਤ ਚੈਟਰਜੀ, ਸਿਧਾਂਤ ਗੁਪਤਾ, ਨੰਦੀਸ਼ ਸੰਧੂ, ਰਾਮ ਕੁਮਾਰ ਜਿਹੇ ਵੱਡੇ ਨਾਂਅ ਵੀ ਸ਼ਾਮਿਲ ਹਨ।
ਮੂਲ ਰੂਪ ਵਿਚ ਚੰਡੀਗੜ੍ਹ ਅਤੇ ਇਕ ਸਾਹਿਤਕਾਰ ਪਰਿਵਾਰ ਨਾਲ ਤਾਲੁਕ ਰੱਖਦੀ ਵਾਮਿਕਾ ਦੇ ਜੇਕਰ ਫ਼ਿਲਮ ਕਰੀਅਰ ਦੀ ਗੱਲ ਕੀਤੀ ਜਾਵੇ ਤਾਂ ਉਨ੍ਹਾਂ ਦੀਆਂ ਚਰਚਿਤ ਫ਼ਿਲਮਾਂ ਵਿਚ ਨਿਰਦੇਸ਼ਕ ਇਮਤਿਆਜ਼ ਅਲੀ ਦੀ ਸ਼ਾਹਿਦ ਕਪੂਰ, ਕਰੀਨਾ ਕਪੂਰ ਸਟਾਰਰ ‘ਜਬ ਮੀ ਮੀਟ’ ਤੋਂ ਇਲਾਵਾ ਐਮੀ ਵਿਰਕ ਨਾਲ ‘ਨਿੱਕਾ ਜ਼ੈਲਦਾਰ’, ‘ਨਿੱਕਾ ਜ਼ੈਲਦਾਰ 3’, ਪਰਮੀਸ਼ ਵਰਮਾ ਦੀ ‘ਦਿਲ ਦੀਆਂ ਗੱਲਾਂ’, ਤਰਸੇਮ ਜੱਸੜ੍ਹ ਦੀ ‘ਗੱਲਵੱਕੜ੍ਹੀ’, ਰਣਬੀਰ ਸਿੰਘ ਦੀ ‘83’, ਸਤਿੰਦਰ ਸਰਤਾਜ ਨਾਲ ਹਾਲੀਆ ‘ਕਲੀ ਜੋਟਾ’ ਆਦਿ ਪ੍ਰਮੁੱਖ ਰਹੀਆਂ ਹਨ, ਜਿੰਨ੍ਹਾਂ ਦੀ ਕਾਮਯਾਬੀ ਨਾਲ ਇਸ ਹੋਣਹਾਰ ਅਦਾਕਾਰਾ ਨੇ ਪਾਲੀਵੁੱਡ ਅਤੇ ਹਿੰਦੀ ਸਿਨੇਮਾ ਦੀਆਂ ਚਰਚਿਤ ਅਤੇ ਕਾਮਯਾਬ ਅਦਾਕਾਰਾਂ ਵਿਚ ਆਪਣੀ ਮੌਜੂਦਗੀ ਦਰਜ ਕਰਵਾ ਲਈ ਹੈ।
ਇਸ ਤੋਂ ਇਲਾਵਾ ਨੌਜਵਾਨ ਵਰਗ ਦੀ ਤਰਜਮਾਨੀ ਕਰਦੀ ਹਿੰਦੀ ਫ਼ਿਲਮ ‘ਸੈਵਨ ਸ਼ਿਕਸ਼ਟੀਨ’ ਵਿਚ ਵੀ ਉਨ੍ਹਾਂ ਦੇ ਕਿਰਦਾਰ ਨੂੰ ਕਾਫ਼ੀ ਸਰਾਹਣਾ ਅਤੇ ਸਫ਼ਲਤਾ ਮਿਲ ਚੁੱਕੀ ਹੈ। ਉਕਤ ਵੈਬਸੀਰੀਜ਼ ਵਿਚ ਵਾਮਿਕਾ 50 ਅਤੇ 60 ਦਸ਼ਕ ਦੀ ਇਕ ਸਫ਼ਲਤਮ ਹਿੰਦੀ ਸਿਨੇਮਾ ਅਦਾਕਾਰਾ ਦਾ ਕਿਰਦਾਰ ਪਲੇ ਕਰ ਰਹੀ ਹੈ, ਜਿਸ ਨੂੰ ਨਿਭਾਉਣ ਲਈ ਉਨ੍ਹਾਂ ਸਬੰਧਤ ਅਦਾਕਾਰਾ ਦੇ ਪਿਛੋਕੜ ਅਤੇ ਫ਼ਿਲਮ ਕਰੀਅਰ ਦੇ ਨਾਲ ਨਾਲ ਨਿੱਜੀ ਜੀਵਨ ਦਾ ਵੀ ਕਾਫ਼ੀ ਅਧਿਐਨ ਕੀਤਾ ਹੈ ਤਾਂ ਕਿ ਉਹ ਹਰ ਪੱਖੋਂ ਆਪਣੇ ਕਿਰਦਾਰ ਨੂੰ ਸੱਚਾ ਰੂਪ ਦੇ ਸਕੇ।
ਉਨ੍ਹਾਂ ਦੱਸਿਆ ਕਿ ਸੰਬੰਧਤ ਕਿਰਦਾਰ ਲਈ ਉਨ੍ਹਾਂ ਉਸ ਅਦਾਕਾਰਾ ਦੀ ਸਰੀਰ ਭਾਸ਼ਾ ਤੋਂ ਲੈ ਕੇ ਚਿਹਰੇ ਦੇ ਜੋ ਹਾਵ ਭਾਵ ਅਤੇ ਡਾਇਲਾਗ ਡਲਿਵਰੀ ਰਹੀ, ਉਨ੍ਹਾਂ ਪੱਖਾਂ 'ਤੇ ਵੀ ਪੂਰਾ ਧਿਆਨ ਕੇਂਦਰਿਤ ਕਰਦਿਆਂ ਤਿਆਰੀ ਕੀਤੀ ਹੈ ਤਾਂ ਕਿ ਦਰਸ਼ਕਾਂ ਨੂੰ ਉਸ ਦੀ ਅਭਿਨੈ ਸ਼ੈਲੀ ਵਿਚ ਕਿਸੇ ਤਰ੍ਹਾਂ ਦਾ ਬਣਾਵਟੀਪਣ ਨਜ਼ਰ ਨਾ ਆਵੇ।
ਉਨ੍ਹਾਂ ਅਨੁਸਾਰ ਪੀਰੀਅਡ ਡਰਾਮਾ ਵਜੋਂ ਸਾਹਮਣੇ ਆ ਰਹੀ ਇਸ ਵੈਬਸੀਰੀਜ਼ ਵਿਚ ਆਪਣੇ ਵੱਲੋਂ ਉਨ੍ਹਾਂ ਆਪਣਾ 100 ਫੀਸਦੀ ਅਤੇ ਬੈਸਟ ਦੇਣ ਦੀ ਕੋਸ਼ਿਸ਼ ਕੀਤੀ ਹੈ ਅਤੇ ਉਨ੍ਹਾਂ ਨੂੰ ਇਹ ਉਮੀਦ ਹੈ ਕਿ ਦਰਸ਼ਕਾਂ ਅਤੇ ਚਾਹੁੰਣ ਵਾਲਿਆਂ ਨੂੰ ਇਸ ਫ਼ਿਲਮ ਦੁਆਰਾ ਉਨ੍ਹਾਂ ਦੇ ਅਭਿਨੈ ਦੇ ਕੁਝ ਹੋਰ ਨਿਵੇਕਲੇ ਰੰਗ ਵੇਖਣ ਨੂੰ ਮਿਲਣਗੇ। ਉਨ੍ਹਾਂ ਕਿਹਾ ਕਿ ਹਿੰਦੀ ਫ਼ਿਲਮ ਇੰਡਸਟਰੀ ਦੀ ਬੈਕਡਰਾਪ ਆਧਾਰਿਤ ਇਸ ਵੈਬਸੀਰੀਜ਼ ਵਿਚ ਪਿਆਰ, ਨਫ਼ਰਤ, ਈਰਖ਼ਾ ਹਰ ਸੰਵੇਦਨਾ ਰੰਗ ਭਰੇ ਗਏ ਹਨ, ਜੋ ਸੁਨਿਹਰੇ ਸਿਨੇਮਾ ਅਤੀਤ ਦੀਆਂ ਯਾਦਾਂ ਨੂੰ ਵੀ ਜੀਵੰਤ ਕਰਨਗੇ।
ਇਹ ਵੀ ਪੜ੍ਹੋ:Nimrat Khaira Photos: ਦੁਲਹਨ ਦੇ ਪਹਿਰਾਵੇ 'ਚ ਨਿਮਰਤ ਖਹਿਰਾ ਨੇ ਕਰਵਾਇਆ ਦਿਲ ਖਿੱਚ ਫੋਟੋਸ਼ੂਟ, ਮਿਸ ਪੂਜਾ ਨੇ ਕੀਤਾ ਇਹ ਕਮੈਂਟ