ਚੰਡੀਗੜ੍ਹ: ਟੈਲੀਵਿਜ਼ਨ ਦੀ ਦੁਨੀਆਂ ਵਿੱਚ ਕਈ ਨਵੇਂ ਅਧਿਆਏ ਕਾਇਮ ਕਰਨ ਦਾ ਸਫ਼ਰ ਤੈਅ ਕਰ ਚੁੱਕੇ ਡੀਡੀ ਪੰਜਾਬੀ ਨੇ ਪੁਰਾਣੀਆਂ ਪਰ ਸਮੇਂ ਦੀ ਤੇਜ ਰਫ਼ਤਾਰ ਨਾਲ ਮੱਧਮ ਪੈ ਚੁੱਕੀਆਂ ਆਪਣੀਆਂ ਪੈੜਾਂ ਨੂੰ ਹੁਣ ਮੁੜ੍ਹ ਸੁਰਜੀਤੀ ਦੇਣੀ ਸ਼ੁਰੂ ਕਰ ਦਿੱਤੀ ਹੈ, ਜਿਸ ਦਾ ਨਵਾਂ ਮੁੱਢ ਬੰਨਣ ਦਾ ਸਿਹਰਾ ਹਾਸਿਲ ਕਰਨ ਜਾ ਰਿਹਾ ਦਿਲਚਸਪ ਲੜੀਵਾਰ ਸੀਰੀਅਲ 'ਫੌਜੀ ਚਾਚੇ ਦਾ ਪੀਜੀ', ਜਿਸ ਦਾ ਪ੍ਰਸਾਰਣ ਜਲਦ ਇਸ ਮਹੱਤਵਪੂਰਣ ਪਲੇਟਫ਼ਾਰਮ 'ਤੇ ਸ਼ੁਰੂ ਹੋਣ ਜਾ ਰਿਹਾ ਹੈ।
ਨਵੇਂ ਵਰ੍ਹੇ 2024 ਦੇ ਆਗਾਜ਼ ਨੂੰ ਹੋਰ ਸੋਹਣੇ ਰੰਗ ਦੇਣ ਜਾ ਰਹੇ ਇਸ ਸੀਰੀਅਲ ਦਾ ਨਿਰਮਾਣ ਕੇਵਲ ਕ੍ਰਿਸ਼ਨ ਵੱਲੋਂ ਕੀਤਾ ਗਿਆ ਹੈ, ਜੋ ਟੈਲੀਵਿਜ਼ਨ ਦੇ ਖੇਤਰ ਵਿੱਚ ਮਾਣਮੱਤੇ ਨਾਂਅ ਵਜੋਂ ਆਪਣਾ ਸ਼ੁਮਾਰ ਕਰਵਾਉਂਦੇ ਹਨ, ਜਿੰਨਾਂ ਦੁਆਰਾ ਬਹੁਤ ਹੀ ਉਮਦਾ ਅਤੇ ਪ੍ਰਭਾਵੀ ਕਹਾਣੀਸਾਰ ਅਧੀਨ ਸਾਹਮਣੇ ਲਿਆਂਦੇ ਜਾ ਰਹੇ ਇਸ ਲੜੀਵਾਰ ਸੀਰੀਅਲ ਦਾ ਲੇਖਨ ਰਾਜ ਮਾਨਸਾ ਕਰ ਰਹੇ ਹਨ ਜਦਕਿ ਇਸ ਦਾ ਕੰਨਸੈਪਟ ਅਤੇ ਨਿਰਦੇਸ਼ਨ ਕ੍ਰਿਏਸ਼ਨ ਪੱਖ ਪੁਨੀਤ ਸਹਿਗਲ ਸੰਭਾਲ ਰਹੇ ਹਨ, ਜਿੰਨਾਂ ਦੀ ਟੀਮ ਅਨੁਸਾਰ ਟੀਵੀ ਅਤੇ ਸਿਨੇਮਾ ਦੇ ਕਈ ਮੰਝੇ ਹੋਏ ਕਲਾਕਾਰਾਂ ਨਾਲ ਸਜੇ ਇਸ ਸੀਰੀਅਲ ਦੇ ਐਪੀਸੋਡ ਨਿਰਦੇਸ਼ਕ ਦੇ ਰੂਪ ਵਿੱਚ ਜਿੰਮੇਵਾਰੀ ਦਲਜਿੰਦਰ ਬਸਰਾ ਸੰਭਾਲ ਰਹੇ ਹਨ, ਜਿੰਨਾਂ ਵੱਲੋਂ ਬਹੁਤ ਕੁਸ਼ਲਤਾਪੂਰਵਕ ਅਪਣੀਆਂ ਨਿਰਦੇਸ਼ਨ ਜਿੰਮੇਵਾਰੀਆਂ ਨੂੰ ਅੰਜ਼ਾਮ ਦਿੱਤਾ ਜਾ ਰਿਹਾ ਹੈ।
ਪੰਜਾਬ ਦੇ ਮਾਝਾ ਅਤੇ ਦੁਆਬਾ ਇਲਾਕਿਆਂ ਵਿੱਚ ਫਿਲਮਾਏ ਜਾ ਰਹੇ ਉਕਤ ਸੀਰੀਅਲ ਵਿੱਚ ਟਾਈਟਲ ਕਿਰਦਾਰ ਸੁਦੇਸ਼ ਵਿੰਕਲ ਅਦਾ ਕਰ ਰਹੇ ਹਨ, ਜੋ ਥੀਏਟਰ ਅਤੇ ਟੀਵੀ ਦੇ ਖੇਤਰ ਚੌਖਾ ਨਾਮਣਾ ਖੱਟ ਚੁੱਕੇ ਹਨ ਅਤੇ ਅੱਜਕੱਲ੍ਹ ਸਿਨੇਮਾ ਜਗਤ ਵਿੱਚ ਵੀ ਵੱਡਾ ਨਾਂਅ ਬਣਨ ਦਾ ਪੈਂਡਾ ਤੇਜੀ ਨਾਲ ਤੈਅ ਕਰਦੇ ਜਾ ਰਹੇ ਹਨ, ਜਿੰਨਾਂ ਤੋਂ ਇਲਾਵਾ ਰਾਜਬੀਰ ਕੌਰ ਸਮੇਤ ਕਈ ਚਰਚਿਤ ਚਿਹਰੇ ਵੀ ਇਸ ਸੀਰੀਅਲ 'ਚ ਲੀਡਿੰਗ ਕਿਰਦਾਰ ਨਿਭਾਉਂਦੇ ਨਜ਼ਰੀ ਪੈਣਗੇ।
ਨੌਜਵਾਨ ਮਨਾਂ ਦੀ ਤਰਜ਼ਮਾਨੀ ਕਰਦੇ ਇਸ ਸੀਰੀਅਲ ਦੀ ਕਹਾਣੀ ਇੱਕ ਕਾਲਜ ਅਤੇ ਇਸ ਵਿੱਚ ਪੜਨ ਵਾਲੀਆਂ ਅਜਿਹੀਆਂ ਵਿਦਿਆਰਥਣਾਂ 'ਤੇ ਅਧਾਰਿਤ ਹੈ, ਜਿੰਨਾਂ ਨੂੰ 'ਫੌਜੀ ਚਾਚੇ ਦੇ ਪੀਜੀ' ਵਿਚ ਰਹਿਣ ਦਾ ਮੌਕਾ ਮਿਲਦਾ ਹੈ, ਜਿਸ ਦੌਰਾਨ ਉਨਾਂ ਦਾ ਸਾਹਮਣਾ ਇਸ ਨੇਕਦਿਲ ਅਤੇ ਸਾਊ ਇਨਸਾਨ ਅੰਦਰ ਛਿਪੀਆਂ ਬਹੁਤ ਸਾਰੀਆਂ ਦਿਲਚਸਪ ਅਤੇ ਭਾਵਨਾਤਮਕ ਪਰ-ਸਥਿਤੀਆਂ ਨਾਲ ਹੁੰਦਾ ਹੈ, ਜਿਸ ਉਪਰੰਤ ਉਨਾਂ ਲਈ ਇਹ ਪੀਜੀ ਕੇਵਲ ਰਹਿਣਯੋਗ ਬਸੇਰਾ ਨਹੀਂ ਰਹਿ ਜਾਂਦਾ, ਸਗੋਂ ਇੱਕ ਘਰ ਵਿੱਚ ਤਬਦੀਲ ਹੋ ਜਾਂਦਾ ਹੈ, ਜਿਥੇ ਉਹ ਸਕੂਨ ਅਤੇ ਮੰਨੋਰੰਜਨ ਦੇ ਕਈ ਅਨੂਠੇ ਪੜਾਵਾਂ ਵਿੱਚੋਂ ਗੁਜ਼ਰਦੀਆਂ ਹਨ।