ਚੰਡੀਗੜ੍ਹ : 'RRR' ਨਾਲ ਧਮਾਕਾ ਕਰਨ ਵਾਲੇ ਸਾਊਥ ਸੁਪਰਸਟਾਰ ਜੂਨੀਅਰ NTR ਨੇ ਹੁਣ ਆਪਣੀ ਅਗਲੀ ਫਿਲਮ NTR 30 ਲਈ ਤਿਆਰੀ ਕਰ ਲਈ ਹੈ। ਇਸ ਫਿਲਮ 'ਚ ਉਨ੍ਹਾਂ ਨਾਲ ਬਾਲੀਵੁੱਡ ਅਦਾਕਾਰਾ ਜਾਹਨਵੀ ਕਪੂਰ ਨਜ਼ਰ ਆਵੇਗੀ। ਆਸਕਰ ਜੇਤੂ ਫਿਲਮ 'ਆਰ.ਆਰ.ਆਰ' ਦੇ ਨਿਰਦੇਸ਼ਕ ਐਸਐਸ ਰਾਜਾਮੌਲੀ ਨੇ 23 ਮਾਰਚ ਨੂੰ ਫਿਲਮ ਦਾ ਮੁਹੂਰਤ ਕੀਤਾ।
ਜੂਨੀਅਰ ਐਨ ਟੀ ਆਰ ਦੀ ਅਗਲੀ ਤੇਲਗੂ ਫ਼ਿਲਮ ਸੰਬੰਧਤ ਨਿਰਮਾਤਾਵਾਂ ਨੇ ਆਪਣੇ ਇਸ ਪ੍ਰੋਜੈਕਟ ‘ਐਨ ਟੀ ਆਰ 30’ ਦੀ ਸ਼ੁਰੂਆਤ ਦੇ ਲਈ ਹੈਦਰਾਬਾਦ ਵਿਚ ਇਕ ਆਲੀਸ਼ਾਨ ਮਹੂਰਤ ਸਮਾਰੋਹ ਦਾ ਆਯੋਜਨ ਕੀਤਾ, ਜਿਸ ਵਿਚ ਬਾਹੂਬਲੀ ਫ਼ੇਮ ਦਿੱਗਜ ਨਿਰਦੇਸ਼ਕ ਐਸ ਐਸ ਰਾਜਮੌਲੀ ਤੋਂ ਇਲਾਵਾ ਕੇ.ਜੀ.ਐਫ ਨਿਰਦੇਸ਼ਕ ਪ੍ਰਸ਼ਾਤ ਨੀਲ ਦੇ ਨਾਲ ਪ੍ਰਕਾਸ਼ ਰਾਜ, ਮਨੀ ਰਤਨਮ, ਮੇਕਾ ਸ਼੍ਰੀਕਾਂਤ, ਭੂਸ਼ਨ ਕੁਮਾਰ ਸਹਿਤ ਤਾਮਿਲ ਸਿਨੇਮਾ ਨਾਲ ਜੁੜੀਆਂ ਕਈ ਨਾਮੀ ਸ਼ਖ਼ਸੀਅਤਾਂ ਵੀ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਈਆਂ।
ਇਸ ਮੌਕੇ ਫ਼ਿਲਮ ਦੇ ਨਾਇਕ ਜੂਨੀਅਰ ਐਨਟੀਆਰ ਵੱਲੋਂ ਸਫ਼ੈਦ ਸ਼ਰਟ ਅਤੇ ਨੀਲੀ ਜੀਨਸ ਵਿਚ ਬਹੁਤ ਹੀ ਸਟਾਈਲਸ਼ ਢੰਗ ਨਾਲ ਇਸ ਸਮਾਰੋਹ ਵਿਚ ਆਗਮਨ ਕੀਤਾ ਗਿਆ, ਉਨ੍ਹਾਂ ਨਾਲ ਲੀਡ ਭੂਮਿਕਾ ਨਿਭਾ ਰਹੀ ਬਾਲੀਵੁੱਡ ਅਦਾਕਾਰਾ ਜਾਹਨਵੀ ਕਪੂਰ ਵੀ ਹਰੇ ਰੰਗ ਦੀ ਸਾੜ੍ਹੀ ਵਿਚ ਇਸ ਸਮਾਰੋਹ ਦਾ ਖਾਸ ਕੇਂਦਰਬਿੰਦੂ ਰਹੀ।
ਉਕਤ ਮੌਕੇ ਨਿਰਮਾਤਾ-ਨਿਰਦੇਸ਼ਕ ਐਸ.ਐਸ ਰਾਜਮੌਲੀ ਨੇ ਮਹੂਰਤ ਕਲੈਪ ਦੇਣ ਦੀ ਰਸਮ ਅਦਾ ਕੀਤੀ , ਜਿਸ ਉਪਰੰਤ ਉਨ੍ਹਾਂ ਨੇ ਫ਼ਿਲਮ ਦੀ ਸਮੁੱਚੀ ਟੀਮ ਨੂੰ ਆਸ਼ੀਰਵਾਦ ਵੀ ਦਿੱਤਾ। ਇਸ ਸਮੇਂ ਫ਼ਿਲਮ ਨਿਰਮਾਣ ਟੀਮ ਨੇ ਦੱਸਿਆ ਕਿ ਐਨਟੀਆਰ 30 ਕੋਰਾਤਾਲਾ ਸ਼ਿਵਾ ਦੁਆਰਾ ਨਿਰਦੇਸ਼ਿਤ ਇਕ ਹਾਈ ਆਕਟੇਨ ਐਕਸ਼ਨ ਡਰਾਮਾ ਫ਼ਿਲਮ ਹੈ, ਜੋ ਭਾਰਤ ਦੇ ਭੁੱਲੇ ਵਿਸਰੇ ਤੱਟਵਰਤੀ ਇਲਾਕਿਆਂ ਨਾਲ ਜੁੜੀ ਇਕ ਪ੍ਰਭਾਵੀ ਕਹਾਣੀ 'ਤੇ ਆਧਾਰਿਤ ਹੋਵੇਗੀ ਅਤੇ ਇਸ ਨੂੰ ਹੋਰ ਸ਼ਾਨਦਾਰ ਰੂਪ ਦੇਣ ਲਈ ਸਾਊਥ, ਤਾਮਿਲ ਸਿਨੇਮਾ ਇੰਡਸਟਰੀ ਦੇ ਉਚਕੋਟੀ ਤਕਨੀਸ਼ਨਾਂ ਦੀਆਂ ਸੇਵਾਵਾਂ ਹਾਸਿਲ ਕੀਤੀਆਂ ਜਾ ਰਹੀਆਂ ਹਨ।
ਫ਼ਿਲਮ ਦੇ ਨਿਰਮਾਤਾ ਅਨਿਰੂਦ ਰਵੀਚੰਦਰ ਆਪਣੀ ਇਸ ਬਹੁ ਚਰਚਿਤ ਫ਼ਿਲਮ ਨੂੰ ਹਰ ਪੱਖੋਂ ਸੋਹਣਾ ਅਤੇ ਪ੍ਰਭਾਵਸ਼ਾਲੀ ਮੁਹਾਂਦਰਾ ਦੇਣ ਲਈ ਆਪਣਾ ਪੂਰਾ ਟਿੱਲ ਲਾਉਣ ਜਾ ਰਹੇ ਹਨ, ਜਿਸ ਦੇ ਮੱਦੇਨਜ਼ਰ ਹੀ ਇਸ ਐਕਸ਼ਨ ਪੈਕੇਜ਼ ਫ਼ਿਲਮ ਲਈ ਡੀ.ਓ.ਪੀ ਵਜੋਂ ਆਰ ਰਤਨਾਵੇਲੂ, ਕਲਾ ਨਿਰਦੇਸ਼ਕ ਸਾਬੂ ਸਿਰਿਲ ਅਤੇ ਸੰਪਾਦਕ ਦੇ ਤੌਰ 'ਤੇ ਸ੍ਰੀਕਰ ਪ੍ਰਸ਼ਾਦ ਜਿਹੀਆਂ ਬੇਹਤਰੀਨ ਸਿਨੇਮਾਂ ਹਸਤੀਆਂ ਨੂੰ ਵੀ ਇਸ ਮਹੱਤਵਪੂਰਨ ਪ੍ਰੋਜੈਕਟ ਦਾ ਉਚੇਚਾ ਹਿੱਸਾ ਬਣਾਇਆ ਗਿਆ ਹੈ। ‘ਐਨਟੀਆਰ ਆਰਟਸ’, ‘ਹਰੀ ਕ੍ਰਿਸ਼ਨਾ ਕੇ’ ਅਤੇ ’ਯੁਵਸੁਥਾ ਆਰਟਸ’ ਤੋਂ ਇਲਾਵਾ ਸੁਧਾਕਰ ਮਿਕਿਲਿਨੇਨੀ ਦੁਆਰਾ ਨਿਰਮਿਤ ਕੀਤੀ ਜਾ ਰਹੀ ਇਸ ਫ਼ਿਲਮ ਨੂੰ 5 ਅਪ੍ਰੈਲ 2024 ਨੂੰ ਦੇਸ਼ ਵਿਦੇਸ਼ ਵਿਚ ਰਿਲੀਜ਼ ਕੀਤੇ ਜਾਣ ਦਾ ਟੀਚਾ ਮਿਥਿਆ ਗਿਆ ਹੈ।
ਤੁਹਾਨੂੰ ਦੱਸ ਦੇਈਏ ਕਿ ਹਾਲ ਹੀ ਵਿੱਚ ਅਦਾਕਾਰ ਵਰੁਣ ਧਵਨ ਨਾਲ ਜਾਹਨਵੀ ਕਪੂਰ ਦੀ ਫਿਲਮ 'ਬਾਵਲ' ਦੀ ਰਿਲੀਜ਼ ਡੇਟ ਦਾ ਖੁਲਾਸਾ ਹੋਇਆ ਹੈ। ਮਰਹੂਮ ਅਦਾਕਾਰ ਸੁਸ਼ਾਂਤ ਰਾਜਪੂਤ ਅਤੇ ਸ਼ਰਧਾ ਕਪੂਰ ਨਾਲ ਫਿਲਮ 'ਛੀਛੋਰੇ' ਬਣਾਉਣ ਵਾਲੇ ਨਿਰਦੇਸ਼ਕ ਨਿਤੇਸ਼ ਤਿਵਾਰੀ ਨੇ ਫਿਲਮ ਬਾਵਲ ਦਾ ਨਿਰਦੇਸ਼ਨ ਕੀਤਾ ਹੈ। ਨਿਤੇਸ਼ ਨੇ ਆਮਿਰ ਖਾਨ ਦੀ ਫਿਲਮ 'ਦੰਗਲ' ਦਾ ਨਿਰਦੇਸ਼ਨ ਕੀਤਾ ਸੀ। ਤੁਹਾਨੂੰ ਦੱਸ ਦੇਈਏ ਫਿਲਮ ਬਾਵਲ ਚਾਲੂ ਸਾਲ ਦੀ 6 ਅਕਤੂਬਰ ਨੂੰ ਰਿਲੀਜ਼ ਹੋਵੇਗੀ।
ਇਹ ਵੀ ਪੜ੍ਹੋ:Jasmin Bhasin: ਪੰਜਾਬੀ ਫਿਲਮ ਜਗਤ 'ਚ ਇਸ ਤਰ੍ਹਾਂ ਦਾ ਕੰਮ ਕਰਨਾ ਚਾਹੁੰਦੀ ਹੈ ਜੈਸਮੀਨ ਭਸੀਨ, ਸਾਂਝਾ ਕੀਤਾ ਅਨੁਭਵ