ਚੰਡੀਗੜ੍ਹ: ਜੇਕਰ ਤੁਸੀਂ ਪੰਜਾਬੀ ਸਿਨੇਮਾ ਦੀਆਂ ਫਿਲਮਾਂ ਵਾਲਾ ਝੋਲਾ ਖੋਲ੍ਹ ਕੇ ਦੇਖੋਗੇ ਤਾਂ ਤੁਹਾਨੂੰ ਜਿਆਦਾਤਰ ਫਿਲਮਾਂ ਕਾਮੇਡੀ, ਡਰਾਮਾ ਅਤੇ ਹਾਸੇ-ਮਜ਼ਾਕ ਵਾਲੀਆਂ ਮਿਲਣਗੀਆਂ। ਜੇਕਰ ਡਰਾਉਣੀ ਫਿਲਮ ਯਾਨੀ ਕਿ ਭੂਤੀਆ ਫਿਲਮ ਦੀ ਗੱਲ ਕਰੀਏ ਤਾਂ ਇਸ ਵੰਨਗੀ ਵਿੱਚ ਤੁਹਾਨੂੰ ਫਿਲਮਾਂ ਨਾ ਦੇ ਬਰਾਬਰ ਮਿਲਣਗੀਆਂ। ਪਰ ਹੁਣ ਯੁਵਰਾਜ ਹੰਸ (Horror Movie Gudiya Trailer Out) ਨੇ ਇੱਕ ਅਜਿਹੀ ਫਿਲਮ ਬਣਾਈ ਹੈ, ਜੋ ਪੰਜਾਬੀ ਫਿਲਮ ਇੰਡਸਟਰੀ ਦੀ ਪਹਿਲੀ ਭੂਤੀਆ ਫਿਲਮ ਹੋਵੇਗੀ।
ਜੀ ਹਾਂ, ਤੁਸੀਂ ਸਹੀ ਪੜ੍ਹਿਆ ਹੈ...ਹਾਲ ਹੀ ਵਿੱਚ ਇਸ ਫਿਲਮ, ਜਿਸ ਦਾ ਨਾਂ ਗੁੜੀਆ ਹੈ, ਟ੍ਰੇਲਰ (Gudiya Trailer Out) ਰਿਲੀਜ਼ ਕੀਤਾ ਗਿਆ ਹੈ, ਟ੍ਰੇਲਰ ਦੀ ਸ਼ੁਰੂਆਤ ਇੱਕ ਸਾਧਾਰਨ ਪਿੰਡ ਤੋਂ ਹੁੰਦੀ ਹੈ ਅਤੇ ਬੈਕਗ੍ਰਾਊਂਡ ਉਤੇ ਅਸੀਂ ਭੂਤੀਆ ਸੰਗੀਤ ਸੁਣ ਸਕਦੇ ਹਾਂ। ਫਿਲਮ ਵਿੱਚ ਅਦਾਕਾਰਾ ਸਾਵਨ ਰੂਪੋਵਾਲੀ ਨੂੰ ਗੁੜੀਆ ਦੇ ਪਾਤਰ ਵਿੱਚ ਦਿਖਾਇਆ ਗਿਆ ਹੈ, ਜੋ ਕਿ ਇੱਕ ਭੂਤ ਹੈ। ਅਦਾਕਾਰ-ਗਾਇਕ ਯੁਵਰਾਜ ਹੰਸ ਇੱਕ ਸਾਧਾਰਨ ਪਰਿਵਾਰ ਦਾ ਇਕਲੌਤਾ ਪੁੱਤਰ ਹੈ, ਜਿਸ ਨੂੰ ਕਿਸੇ ਕੁੜੀ ਦੇ ਪਿਆਰ ਵਿੱਚ ਦਿਖਾਇਆ ਗਿਆ। ਕਹਾਣੀ ਵਿੱਚ ਉਦੋਂ ਮੋੜ ਆਉਂਦਾ ਹੈ, ਜਦੋਂ ਸੁਣਨ ਨੂੰ ਮਿਲਦਾ ਹੈ ਕਿ ਰਾਤ ਨੂੰ ਬਾਹਰ ਜਾਣ ਵਾਲਾ ਪਿੰਡ ਦਾ ਕੋਈ ਵੀ ਵਿਅਕਤੀ ਮੁੜ ਕੇ ਵਾਪਿਸ ਨਹੀਂ ਆਉਂਦਾ। ਪੂਰੀ ਕਹਾਣੀ ਫਿਲਮ ਦੇਖਣ ਤੋਂ ਬਾਅਦ ਹੀ ਪਤਾ ਲੱਗੇਗੀ।
ਉਲੇਖਯੋਗ ਹੈ ਕਿ ਫਿਲਮ ਦੇ ਚੰਗੇ ਵਿਜ਼ੂਅਲ ਇਫੈਕਟਸ ਅਤੇ ਮੇਕਅੱਪ ਨੇ ਲੋਕਾਂ ਨੂੰ ਕਾਫੀ ਖਿੱਚਿਆ ਹੈ ਅਤੇ ਲੋਕ ਟ੍ਰੇਲਰ ਦੀ ਕਾਫੀ ਤਾਰੀਫ਼ ਕਰ ਰਹੇ ਹਨ। ਇੱਕ ਪ੍ਰਸ਼ੰਸਕ ਨੇ ਲਿਖਿਆ, 'ਸ਼ੁਕਰ ਆ ਬਾਈ ਕਿ ਪਹਿਲੀ ਵਾਰ ਪੰਜਾਬੀ 'ਚ ਭੂਤੀਆ ਫਿਲਮ ਬਣੀ। ਬਹੁਤ ਵਧੀਆ ਝਲਕ ਆ। ਹੋਰ ਵੀ ਵਧੀਆ ਵਧੀਆ ਫਿਲਮਾਂ ਲਿਆਓ ਅਤੇ ਪੰਜਾਬੀ ਸਿਨੇਮਾ ਨੂੰ ਪੂਰੀ ਦੁਨੀਆਂ ਚ ਲੈ ਕੇ ਜਾਓ।' ਇੱਕ ਹੋਰ ਨੇ ਲਿਖਿਆ, 'ਸ਼ਾਨਦਾਰ SFX ਅਤੇ ਮੇਰੀ ਮਨਪਸੰਦ ਸਮਾਇਰਾ ਤੁਸੀਂ ਇਸ ਨੂੰ ਪੂਰਾ ਕਰ ਦਿੱਤਾ ਹੈ, ਸਾਰੀ ਕਾਸਟ ਅਤੇ ਚਾਲਕ ਦਲ ਨੂੰ ਸ਼ੁਭਕਾਮਨਾਵਾਂ। ਸ਼ਾਨਦਾਰ ਟ੍ਰੇਲਰ। ਫਿਲਮ ਦੇ ਸਿਨੇਮਾਘਰਾਂ 'ਚ ਰਿਲੀਜ਼ ਹੋਣ ਦਾ ਬੇਸਬਰੀ ਨਾਲ ਇੰਤਜ਼ਾਰ ਹੈ।'
ਫਿਲਮ ਬਾਰੇ ਹੋਰ ਗੱਲ ਕਰੀਏ ਤਾਂ ਇਹ ਫਿਲਮ 24 ਨਵੰਬਰ 2023 ਨੂੰ ਸਿਨੇਮਾਘਰਾਂ ਵਿੱਚ ਦਸਤਕ ਦੇਵੇਗੀ। ਕਾਸਟ ਵਿੱਚ ਯੁਵਰਾਜ ਹੰਸ, ਸਾਵਨ ਰੂਪੋਵਾਲੀ, ਆਰੂਸ਼ੀ ਐਨ ਸ਼ਰਮਾ, ਸ਼ਵਿੰਦਰ ਮਾਹਲ, ਸੁਨੀਤਾ ਧੀਰ, ਵਿੰਦੂ ਦਾਰਾ ਸਿੰਘ, ਹਿਮਾਂਸ਼ੂ ਅਰੋੜਾ, ਸਮਾਇਰਾ ਨਾਇਰ ਵਰਗੇ ਸ਼ਾਨਦਾਰ ਕਲਾਕਾਰ ਸ਼ਾਮਿਲ ਹਨ। ਫਿਲਮ ਦਾ ਨਿਰਦੇਸ਼ਨ ਰਾਹੁਲ ਚੰਦਰੇ ਅਤੇ ਗੌਰਵ ਸੋਨੀ ਦੁਆਰਾ ਕੀਤਾ ਗਿਆ ਹੈ।