ਫਰੀਦਕੋਟ: ਪੰਜਾਬੀ ਸਿਨੇਮਾਂ ਦੇ ਸੁਨਹਿਰੇ ਦੌਰ ਦਾ ਅਹਿਮ ਹਿੱਸਾ ਰਹੇ ਅਦਾਕਾਰ, ਨਿਰਮਾਤਾ ਅਤੇ ਨਿਰਦੇਸ਼ਕ ਆਰ.ਐਸ ਰੰਗੀਲਾ ਦਾ ਦੇਹਾਂਤ ਹੋ ਗਿਆ ਹੈ। ਸਿਨੇਮਾ ਪ੍ਰੇਮੀਆਂ ਦੇ ਦਿਲਾਂ 'ਚ ਆਪਣੀ ਜਗ੍ਹਾਂ ਬਣਾਉਣ 'ਚ ਸਫ਼ਲ ਰਹੇ ਅਦਾਕਾਰ ਰਾਜਵੰਤ ਰੰਗੀਲਾ, ਜਿਨਾਂ ਨੂੰ ਆਰ.ਐਸ ਰੰਗੀਲਾ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਉਨਾਂ ਦੀ ਆਖ਼ਰੀ ਫ਼ਿਲਮ 2015 'ਚ ਰਿਲੀਜ਼ ਹੋਈ ਸੀ। ਇਸ ਫਿਲਮ ਦਾ ਨਾਮ 'ਅਮਰੀਕਾ' ਸੀ। ਇੰਨੀ ਦਿਨੀ ਉਹ ਅਪਣੇ ਇੱਕ ਹੋਰ ਡਰੀਮ ਪ੍ਰੋਜੋਕਟ ਪੰਜਾਬੀ ਫ਼ਿਲਮ 'ਸਦਾ ਵੰਸ਼' ਨੂੰ ਸ਼ੁਰੂ ਕਰਨ ਦੀ ਤਿਆਰੀ 'ਚ ਸੀ ਅਤੇ ਇਸ ਦੀਆਂ ਪ੍ਰੀ-ਪ੍ਰੋਡੋਕਸ਼ਨ ਤਿਆਰੀਆਂ ਨੂੰ ਬਹੁਤ ਹੀ ਸ਼ਿੱਦਤ ਨਾਲ ਪੂਰਾ ਕੀਤਾ ਜਾ ਰਿਹਾ ਸੀ।
ਅਦਾਕਾਰ ਆਰ.ਐਸ ਰੰਗੀਲਾ ਦਾ ਕਰੀਅਰ: ਅਦਾਕਾਰ ਆਰ.ਐਸ ਰੰਗੀਲਾ ਦੇ ਫਿਲਮੀ ਕਰੀਅਰ ਬਾਰੇ ਗੱਲ ਕੀਤੀ ਜਾਵੇ, ਤਾਂ ਉਨਾਂ ਨੇ ਆਪਣੇ ਫ਼ਿਲਮੀ ਕਰਿਅਰ ਦਾ ਆਗਾਜ਼ ਮਸ਼ਹੂਰ ਨਿਰਮਾਤਾ, ਨਿਰਦੇਸ਼ਕ ਅਤੇ ਲੇਖਕ ਬੀ.ਐਸ ਸ਼ਾਦ ਦੀ ਕਾਮਯਾਬ ਰਹੀ ਫਿਲਮ 'ਸੈਦਾਨ ਜੋਗਨ' ਨਾਲ ਕੀਤਾ ਸੀ। ਇਸ ਫਿਲਮ 'ਚ ਉਨ੍ਹਾਂ ਨੇ ਅਦਾਕਾਰ ਦੇ ਨਾਲ-ਨਾਲ ਪ੍ਰੋਡੋਕਸ਼ਨ ਵਿਭਾਗ ਦੀ ਜਿੰਮੇਵਾਰੀ ਵੀ ਸੰਭਾਲੀ ਸੀ। ਉਨ੍ਹਾਂ ਦੇ ਨਾਲ ਇਸ ਫਿਲਮ 'ਚ ਵੀਰੇਂਦਰ, ਸਤੀਸ਼ ਕੌਲ, ਮੁਹੰਮਦ ਸਾਦਿਕ, ਕੰਚਨ ਮੱਟੂ, ਵੇਦ ਗੋਸਵਾਮੀ, ਸਰੂਪ ਪਰਿੰਦਾ ਅਤੇ ਮੇਹਰ ਮਿੱਤਲ ਲੀਡ ਭੂਮਿਕਾਵਾਂ ਵਿੱਚ ਸੀ। ਇਸ ਫ਼ਿਲਮ ਨੂੰ ਵਜ਼ੂਦ ਦੇਣ ਵਿੱਚ ਮਰਹੂਮ ਅਦਾਕਾਰ ਆਰ.ਐਸ ਰੰਗੀਲਾ ਦਾ ਅਹਿਮ ਯੋਗਦਾਨ ਸੀ। ਉਨਾਂ ਨੇ ਪਿਛਲੇਂ ਦਿਨੀ ਦੱਸਿਆ ਸੀ ਕਿ ਉਹ ਬਲਦੇਵ ਸਿੰਘ ਅਤੇ ਮੁਹੰਮਦ ਸਾਦਿਕ ਨੂੰ ਜਾਣਦੇ ਸੀ। ਜਿੰਨਾਂ ਕੋਲ ਉਨ੍ਹਾਂ ਨੇ ਫਿਲਮਾਂ ਵਿੱਚ ਆਉਣ ਦੀ ਇੱਛਾ ਪ੍ਰਗਟਾਈ ਸੀ ਅਤੇ ਇਸਦੇ ਮੱਦੇਨਜ਼ਰ ਉਨ੍ਹਾਂ ਨੂੰ ਫਿਲਮ ‘ਸੈਦਾਨ ਜੋਗਨ’ 'ਚ ਕੰਮ ਕਰਨ ਦਾ ਮੌਕਾ ਮਿਲਿਆ ਸੀ। ਪੰਜਾਬੀ ਸਿਨੇਮਾ ਦੇ ਸਾਰੇ ਵੱਡੇ ਸਿਤਾਰਿਆਂ ਨਾਲ ਕੰਮ ਕਰ ਚੁੱਕੇ ਆਰ.ਐਸ ਰੰਗੀਲਾ ਬਾਲੀਵੁੱਡ ਵਿੱਚ ਵੀ ਲੰਬਾ ਸਮਾਂ ਸੰਘਰਸ਼ਸ਼ੀਲ ਰਹੇ ਹਨ।