ਚੰਡੀਗੜ੍ਹ: ਹਾਲੀਆਂ ਸਮੇਂ ਰਿਲੀਜ਼ ਹੋਈ 'ਮਿੰਦੋ ਤਹਿਸੀਲਦਾਰਨੀ' ਸਮੇਤ ਕਈ ਚਰਚਿਤ ਪੰਜਾਬੀ ਫਿਲਮਾਂ ਦਾ ਨਿਰਦੇਸ਼ਨ ਕਰ ਚੁੱਕੇ ਫਿਲਮਕਾਰ ਅਵਤਾਰ ਸਿੰਘ ਵੱਲੋਂ ਆਪਣੀ ਨਵੀਂ ਪੰਜਾਬੀ ਫਿਲਮ 'ਚੱਕਲੋ ਰੱਬ ਦਾ ਨਾਂ ਲੈ ਕੇ' ਦਾ ਐਲਾਨ ਕਰ ਦਿੱਤਾ ਗਿਆ ਹੈ, ਜੋ ਰਸਮੀ ਘੋਸ਼ਣਾ ਉਪਰੰਤ ਸ਼ੂਟਿੰਗ ਆਗਾਜ਼ ਵੱਲ ਵੀ ਵੱਧ ਚੁੱਕੀ ਹੈ।
'ਗਰਿੰਗੋ' ਇੰਟਰਟੇਨਰਜ਼ ਐਲਐਲਪੀ' ਦੇ ਬੈਨਰ ਬਣਾਈ ਜਾ ਰਹੀ ਇਸ ਫਿਲਮ 'ਚੱਕਲੋ ਰੱਬ ਦਾ ਨਾਂ ਲੈ ਕੇ' ਨੂੰ ਲਿਖਿਆ ਹੈ ਰਾਜੂ ਵਰਮਾ ਨੇ, ਜਦਕਿ ਇਸ ਦੀ ਸਟਾਰ ਕਾਸਟ ਵਿੱਚ ਗੁਰਪ੍ਰੀਤ ਘੁੱਗੀ, ਅਵਤਾਰ ਗਿੱਲ, ਮਲਕੀਤ ਰੌਣੀ, ਹੋਬੀ ਧਾਲੀਵਾਲ, ਹਾਰਬੀ ਸੰਘਾ, ਅਨਮੋਲ ਵਰਮਾ, ਦੀਦਾਰ ਗਿੱਲ, ਜਤਿੰਦਰ ਕੌਰ, ਨਿਸ਼ਾ ਬਾਨੋ, ਦਿਲਾਵਰ ਸਿੱਧੂ ਆਦਿ ਸ਼ਾਮਿਲ ਹਨ।
ਪੰਜਾਬ-ਚੰਡੀਗੜ੍ਹ ਦੇ ਵੱਖ-ਵੱਖ ਹਿੱਸਿਆਂ ਵਿੱਚ ਫਿਲਮਬੱਧ ਕੀਤੀ ਜਾਣ ਵਾਲੀ ਇਹ ਫਿਲਮ ਕਾਮੇਡੀ ਅਤੇ ਪਰਿਵਾਰਿਕ-ਡ੍ਰਾਮੈਟਿਕ ਕਹਾਣੀ-ਸਾਰ ਅਧੀਨ ਬੁਣੀ ਗਈ ਹੈ, ਜਿਸ ਦੇ ਗੀਤ ਅਤੇ ਸੰਗੀਤ ਪੱਖਾਂ 'ਤੇ ਵੀ ਕਾਫ਼ੀ ਮਿਹਨਤ ਕੀਤੀ ਜਾ ਰਹੀ ਹੈ। ਓਧਰ ਇਸ ਦੇ ਹੋਰ ਪਹਿਲੂਆਂ ਸੰਬੰਧੀ ਜਾਣਕਾਰੀ ਸਾਂਝੀ ਕਰਦਿਆਂ ਨਿਰਦੇਸ਼ਕ ਅਵਤਾਰ ਸਿੰਘ ਨੇ ਦੱਸਿਆ ਕਿ ਉਹਨਾਂ ਦੀ ਹਰ ਫਿਲਮ ਦੀ ਤਰ੍ਹਾਂ ਇਹ ਵੀ ਬਹੁਤ ਹੀ ਦਿਲਚਸਪ ਵਿਸ਼ੇ ਆਧਾਰਿਤ ਹੋਵੇਗੀ, ਜਿਸ ਨੂੰ ਚਾਰ ਚੰਨ ਲਾਉਣ ਵਿੱਚ ਬਾਲੀਵੁੱਡ ਦੇ ਸੀਨੀਅਰ ਅਤੇ ਬੇਹਤਰੀਨ ਐਕਟਰ ਅਵਤਾਰ ਗਿੱਲ ਵੀ ਅਹਿਮ ਭੂਮਿਕਾ ਨਿਭਾਉਣਗੇ, ਜੋ ਹਿੰਦੀ ਸਿਨੇਮਾ ਲਈ ਬਣੀਆਂ ਬੇਸ਼ੁਮਾਰ ਬਹੁ-ਚਰਚਿਤ, ਸਫਲ ਅਤੇ ਵੱਡੀਆਂ ਫਿਲਮਾਂ ਦਾ ਪ੍ਰਭਾਵੀ ਹਿੱਸਾ ਰਹੇ ਹਨ।
ਉਨ੍ਹਾਂ ਅੱਗੇ ਦੱਸਿਆ ਕਿ ਸਟਾਰਟ ਟੂ ਫਿਨਿਸ਼ ਸੂਟਿੰਗ ਸ਼ਡਿਊਲ ਅਧੀਨ ਮੁਕੰਮਲ ਕੀਤੀ ਜਾਣ ਵਾਲੀ ਇਸ ਫਿਲਮ ਦੇ ਸਿਨੇਮਾਟੋਗ੍ਰਾਫਰ ਨਵਨੀਤ ਬਿਹੋਰ ਹਨ, ਜੋ ਇਸ ਤੋਂ ਪਹਿਲਾਂ ਹਿੰਦੀ ਅਤੇ ਪੰਜਾਬੀ ਸਿਨੇਮਾ ਦੀਆਂ ਬਹੁਤ ਸਾਰੀਆਂ ਫਿਲਮਾਂ ਨਾਲ ਜੁੜੇ ਰਹੇ ਹਨ।
ਬਾਲੀਵੁੱਡ ਦੇ ਉੱਚਕੋਟੀ ਅਤੇ ਉਮਦਾ ਫਿਲਮਕਾਰ ਅਨੁਰਾਗ ਬਸੂ ਨਾਲ ਲੰਮਾ ਸਮਾਂ ਬਤੌਰ ਐਸੋਸੀਏਟ ਨਿਰਦੇਸ਼ਕ ਕੰਮ ਕਰ ਚੁੱਕੇ ਹਨ ਅਵਤਾਰ ਸਿੰਘ, ਜੋ ਪੰਜਾਬੀ ਸਿਨੇਮਾ ਖੇਤਰ ਵਿੱਚ ਬਹੁਤ ਥੋੜੇ ਜਿਹੇ ਸਮੇਂ ਦੌਰਾਨ ਹੀ ਆਪਣੀ ਵਿਲੱਖਣ ਪਹਿਚਾਣ ਸਥਾਪਿਤ ਕਰਨ ਵਿੱਚ ਸਫ਼ਲ ਰਹੇ ਹਨ। ਉਹਨਾਂ ਵੱਲੋਂ ਹੁਣ ਤੱਕ ਦੇ ਨਿਰਦੇਸ਼ਨ ਕਰੀਅਰ ਦੌਰਾਨ ਹੀ ਬਣਾਈਆਂ ਫਿਲਮਾਂ ਦਾ ਜ਼ਿਕਰ ਕੀਤਾ ਜਾਵੇ ਤਾਂ ਇੰਨ੍ਹਾਂ ਵਿੱਚ ਰੌਸ਼ਨ ਪ੍ਰਿੰਸ ਸਟਾਰਰ 'ਰਾਂਝਾ ਰਫਿਊਜੀ' ਤੋਂ ਇਲਾਵਾ 'ਕੁੜੀਆਂ ਜਵਾਨ ਬਾਪੂ ਪਰੇਸ਼ਾਨ', 'ਜੀ ਵਾਈਫ ਜੀ', 'ਰੁਪਿੰਦਰ ਗਾਂਧੀ 2' ਆਦਿ ਸ਼ੁਮਾਰ ਰਹੀਆਂ ਹਨ। ਹੁਣ ਅੱਗੇ ਦੱਸਿਆ ਕਿ ਉਹਨਾਂ ਦੇ ਕੁਝ ਹੋਰ ਫਿਲਮ ਪ੍ਰੋਜੈਕਟ ਵੀ ਪ੍ਰੀ ਪ੍ਰੋਡੋਕਸ਼ਨਜ਼ ਪੜਾਅ ਵਿੱਚ ਹਨ, ਜੋ ਜਲਦ ਐਲਾਨੇ ਜਾਣਗੇ।