ਚੰਡੀਗੜ੍ਹ: ਹਿੰਦੀ ਸਿਨੇਮਾ ਇੰਡਸਟਰੀ ਵਿਚ ਬਤੌਰ ਐਕਟਰ ਅਹਿਮ ਅਤੇ ਉਚਕੋਟੀ ਮੁਕਾਮ ਹਾਸਿਲ ਕਰ ਚੁੱਕੇ ਅਦਾਕਾਰ ਮੁਕੇਸ਼ ਰਿਸ਼ੀ ਦੇ ਬੇਟੇ ਰਾਘਵ ਰਿਸ਼ੀ ਵੀ ਸਿਲਵਰ ਸਕਰੀਨ 'ਤੇ ਆਗਮਨ ਕਰਨ ਜਾ ਰਹੇ ਹਨ, ਜਿੰਨ੍ਹਾਂ ਦੀ ਲੀਡ ਭੂਮਿਕਾ ਨਾਲ ਸਜੀ ਪੰਜਾਬੀ ਫ਼ਿਲਮ 'ਨਿਡਰ' ਜਲਦ ਦੇਸ਼, ਵਿਦੇਸ਼ ਵਿਚ ਰਿਲੀਜ਼ ਹੋਣ ਜਾ ਰਹੀ ਹੈ।
ਨਿਰਦੇਸ਼ਕ ਮਨਦੀਪ ਸਿੰਘ ਚਾਹਲ ਵੱਲੋਂ ਨਿਰਦੇਸ਼ਿਤ ਕੀਤੀ ਗਈ ਇਸ ਫ਼ਿਲਮ ਦੇ ਨਿਰਮਾਤਾ ਮੁਕੇਸ਼ ਰਿਸ਼ੀ ਹਨ, ਜੋ ਇਸ ਫ਼ਿਲਮ ਨੂੰ ਹਰ ਪੱਖੋਂ ਬੇਹਤਰੀਨ ਬਣਾਉਣ ਲਈ ਅਪਣਾ ਪੂਰਾ ਜ਼ੋਰ ਲਾ ਰਹੇ ਹਨ। ‘ਗੇੜੀ ਰੂਟ ਪ੍ਰੋਡੋਕਸ਼ਨ’ ਦੇ ਬੈਨਰ ਹੇਠ ਬਣਾਈ ਗਈ ਇਸ ਫ਼ਿਲਮ ਦੀ ਸ਼ੂਟਿੰਗ ਚੰਡੀਗੜ੍ਹ, ਦਾਰਾ ਸਟੂਡਿਓ ਮੋਹਾਲੀ ਤੋਂ ਇਲਾਵਾ ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਵਿਚ ਸੰਪੂਰਨ ਕੀਤੀ ਗਈ ਹੈ, ਜਿਸ ਵਿਚ ਰਾਘਵ ਰਿਸ਼ੀ ਦੇ ਨਾਲ ਅਦਾਕਾਰ ਕੁਲਨੂਰ ਬਰਾੜ ਨਜ਼ਰ ਆਵੇਗੀ, ਜਿਸ ਨਾਲ ਮੁਕੇਸ਼ ਰਿਸ਼ੀ ਖੁਦ, ਰੋਜ਼ ਕੌਰ, ਸਤਵੰਤ ਕੌਰ, ਸਰਦਾਰ ਸੋਹੀ, ਸ਼ਵਿੰਦਰ ਮਾਹਲ, ਮਨਿੰਦਰ ਕੈਲੀ, ਵਿਕਰਮਜੀਤ ਵਿਰਕ, ਯੁਵਰਾਜ਼ ਔਲਖ, ਪਾਲੀ ਮਾਂਗਟ, ਮਲਕੀਤ ਰੋਣੀ, ਮਿੰਟੂ ਕਾਪਾ ਆਦਿ ਕਲਾਕਾਰ ਵੀ ਮਹੱਤਵਪੂਰਨ ਭੂਮਿਕਾਵਾਂ ’ਚ ਨਜ਼ਰ ਆਉਣਗੇ।
ਫ਼ਿਲਮ ਦਾ ਸਟੋਰੀ-ਸਕਰੀਨ ਪਲੇ ਮਾਰੂਖ਼ ਮਿਰਜ਼ਾ ਬੇਗ ਵੱਲੋਂ ਲਿਖਿਆ ਗਿਆ ਹੈ, ਜਦਕਿ ਡਾਇਲਾਗ ਲੇਖਕ ਸੁਰਮੀਤ ਮਾਵੀ, ਕੈਮਰਾਮੈਨ ਨਜੀਬ ਖ਼ਾਨ, ਕੋਰਿਓਗ੍ਰਾਫ਼ਰ ਪੱਪੂ ਖੰਨਾ, ਐਸੋਸੀਏਟ ਨਿਰਦੇਸ਼ਕ ਮਨਪ੍ਰੀਤ ਬਰਾੜ, ਐਕਸ਼ਨ ਮਾਸਟਰ ਮੁਹੰਮਦ ਅਕਬਰ ਬਖ਼ਸ਼ੀ, ਕਾਰਜਕਾਰੀ ਨਿਰਮਾਤਾ ਰਤਨ ਔਲਖ਼, ਆਰਟ ਰੋਮੀ ਆਰਟਸ, ਗੀਤਕਾਰ ਕੁਮਾਰ ਅਤੇ ਦਿਲਜੀਤ ਅਰੋੜਾ, ਸੰਗੀਤ ਨਿਰਦੇਸ਼ਕ ਗੁਰਮੀਤ ਸਿੰਘ , ਟਾਈਟਲ ਗੀਤ ਗਾਇਕ ਦਲੇਰ ਮਹਿੰਦੀ ਹਨ।
ਬਾਲੀਵੁੱਡ ਵਿਚ ਪ੍ਰਭਾਵਸ਼ਾਲੀ ਦਿੱਖ ਰੱਖਦੇ ਐਕਟਰ ਵਜੋਂ ਮਾਣਮੱਤੀ ਪਹਿਚਾਣ ਬਣਾ ਚੁੱਕੇ ਅਦਾਕਾਰ ਮੁਕੇਸ਼ ਰਿਸ਼ੀ ਦੱਸਦੇ ਹਨ ਕਿ ਪੰਜਾਬ ਪ੍ਰਤੀ ਉਨ੍ਹਾਂ ਦੀਆਂ ਭਾਵਨਾਵਾਂ ਹਮੇਸ਼ਾ ਕੋਮਲ ਰਹੀਆਂ ਹਨ, ਇਸੇ ਮੱਦੇਨਜ਼ਰ ਉਨ੍ਹਾਂ ਦੀ ਖ਼ਵਾਹਿਸ਼ ਸੀ ਕਿ ਉਨ੍ਹਾਂ ਦਾ ਬੇਟਾ ਇਸੇ ਸਿਨੇਮਾ ਨਾਲ ਜੁੜੀ ਫ਼ਿਲਮ ਦੁਆਰਾ ਆਪਣੇ ਫ਼ਿਲਮ ਕਰੀਅਰ ਦਾ ਆਗਾਜ਼ ਕਰੇ।
ਉਨ੍ਹਾਂ ਦੱਸਿਆ ਕਿ ਬਾਪ ਅਤੇ ਬੇਟੇ ਦੀ ਭਾਵਨਾਤਮਕ ਸਾਂਝ ਆਧਾਰਿਤ ਇਹ ਫ਼ਿਲਮ ਰਿਸ਼ਤਿਆਂ ਦੀ ਕਦਰ ਕਰਨਾ ਵੀ ਸਿਖਾਵੇਗੀ। ਉਕਤ ਫ਼ਿਲਮ ਵਿਚ ਰਾਘਵ ਰਿਸ਼ੀ ਇਕ ਅਜਿਹੇ ਸਧਾਰਨ ਪਰ ਨਿਡਰ ਨੌਜਵਾਨ ਦਾ ਕਿਰਦਾਰ ਪਲੇ ਕਰ ਰਹੇ ਹਨ, ਜਿਸ ਨੂੰ ਇਕ ਅਜਿਹੇ ਮਿਸ਼ਨ ਲਈ ਸਮਰਪਿਤ ਹੋਣਾ ਪੈਂਦਾ ਹੈ, ਜੋ ਉਸ ਲਈ ਬਹੁਤ ਸਾਰੀਆਂ ਚੁਣੌਤੀਆਂ ਭਰਿਆ ਸਾਬਿਤ ਹੁੰਦਾ ਹੈ। ਪਰ ਇਸ ਦੌਰਾਨ ਸਾਹਮਣੇ ਆਉਣ ਵਾਲੇ ਹਰ ਖ਼ਤਰਨਾਕ ਪੜ੍ਹਾਅ ਦਾ ਇਹ ਨੌਜਵਾਨ ਬਹੁਤ ਹੀ ਸੂਝਬੂਝ ਅਤੇ ਦਲੇਰੀ ਨਾਲ ਆਪਣੇ ਜ਼ਜ਼ਬਿਆਂ ਨੂੰ ਅੰਜ਼ਾਮ ਦਿੰਦਾ ਹੈ। ਫਿਲਮ 12 ਮਈ 2023 ਨੂੰ ਦੁਨੀਆਭਰ ਦੇ ਸਿਨੇਮਾਘਰਾਂ ਵਿੱਚ ਰਿਲੀਜ਼ ਹੋ ਜਾਵੇਗੀ।