ਚੰਡੀਗੜ੍ਹ: ਪੰਜਾਬੀ ਸਿਨੇਮਾ ਦੀਆਂ ਸੁਪਰਹਿੱਟ ਫਿਲਮਾਂ ਵਿਚ ਆਪਣਾ ਨਾਂ ਕਰਵਾਉਣ ਵਾਲੀ ‘ਜੱਟ ਜਿਓਣਾ ਮੌੜ’ ਨੂੰ ਨਵੀਆਂ ਤਕਨੀਕੀ ਛੋਹਾਂ ਨਾਲ ਮੁੜ ਦਰਸ਼ਕਾਂ ਸਨਮੁੱਖ ਕੀਤਾ ਜਾ ਰਿਹਾ ਹੈ, ਜਿਸ ਨੂੰ ਜੂਨ ਮਹੀਨੇ ਦੇਸ਼, ਵਿਦੇਸ਼ ਵਿਚ ਦੁਬਾਰਾ ਰਿਲੀਜ਼ ਕੀਤਾ ਜਾਵੇਗਾ।
‘ਸੁਰਜੀਤ ਆਰਟਸ’ ਦੇ ਬੈਨਰ ਹੇਠ ਬਣਾਈ ਗਈ ਇਸ ਫਿਲਮ ਵਿਚ ਗੁੱਗੂ ਗਿੱਲ ਵੱਲੋਂ ਟਾਈਟਲ ਭੂਮਿਕਾ ਨਿਭਾਈ ਗਈ ਸੀ, ਜਿੰਨ੍ਹਾਂ ਵੱਲੋਂ ਪ੍ਰਭਾਵੀ ਰੂਪ ਵਿਚ ਨਿਭਾਏ ਗਏ ਇਸ ਕਿਰਦਾਰ ਨੂੰ ਕਾਫ਼ੀ ਸਰਾਹਣਾ ਅਤੇ ਕਾਮਯਾਬੀ ਮਿਲੀ ਸੀ।
ਪੰਜਾਬੀ ਫਿਲਮ ਇੰਡਸਟਰੀ ਦੇ ਦਿੱਗਜ ਨਿਰਮਾਤਾ ਇਕਬਾਲ ਸਿੰਘ ਢਿੱਲੋਂ ਅਤੇ ਰੁਪਿੰਦਰ ਸਿਘ ਗਿੱਲ ਦੁਆਰਾ ਨਿਰਮਿਤ ਕੀਤੀ ਗਈ ਇਸ ਫਿਲਮ ਦਾ ਨਿਰਦੇਸ਼ਨ ਰਵਿੰਦਰ ਰਵੀ ਵੱਲੋਂ ਕੀਤਾ ਗਿਆ, ਜੋ ਮੰਨੇ ਪ੍ਰਮੰਨੇ ਨਿਰਦੇਸ਼ਕ ਵਰਿੰਦਰ ਨਾਲ ਬਤੌਰ ਐਸੋਸੀਏਟ ਅਤੇ ਇਕੱਲਿਆਂ ਵੀ ਕਈ ਸੁਪਰਹਿੱਟ ਫਿਲਮਾਂ ਦੇਣ ਦਾ ਮਾਣ ਵੀ ਹਾਸਿਲ ਕਰ ਚੁੱਕੇ ਹਨ।
ਉਕਤ ਫਿਲਮ ਦੇ ਗੀਤਾਂ ਦਾ ਲੇਖਨ ਦੇਵ ਥਰੀਕੇ ਵਾਲਾ, ਸੁਰਜੀਤ ਬਿੰਦਰਖੀਆਂ, ਪ੍ਰੀਤ ਮਹਿੰਦਰ ਤਿਵਾੜ੍ਰੀ, ਖ਼ਵਾਜ਼ਾ ਪਰਵੇਜ਼ ਵੱਲੋਂ ਕੀਤਾ ਗਿਆ ਹੈ, ਜਦਕਿ ਸੰਗੀਤ ਨਿਰਦੇਸ਼ਨਾਂ ਅਤੁਲ ਸ਼ਰਮਾ ਅਤੇ ਕਾਰਜਕਾਰੀ ਨਿਰਮਾਤਾ ਅਮਨਪ੍ਰੀਤ ਸਿੰਘ ਗਿੱਲ ਹਨ।
ਸਾਲ 1991 ਵਿਚ ਟਿਕਟ ਖਿੜ੍ਹਕੀ 'ਤੇ ਇਤਿਹਾਸ ਰਚ ਦੇਣ ਵਾਲੀ ਇਸ ਐਕਸ਼ਨ ਡਰਾਮਾ ਫਿਲਮ ਵਿਚ ਗੁੱਗੂ ਗਿੱਲ, ਮਨਜੀਤ ਕੁਲਾਰ, ਸੁਰਿੰਦਰ ਸ਼ਿੰਦਾ, ਮੁਹੰਮਦ ਸਦੀਕ, ਗੁਰਕੀਰਤਨ, ਨੀਨਾ ਬੁਦੇਲ, ਪਰਮਿੰਦਰ ਸੰਧੂ, ਬ੍ਰੋਨੀ ਪਰਾਸ਼ਰ, ਦਿਲਜੀਤ ਕੌਰ ਰਾਹੀ, ਹਰਮੇਲ ਸਿੱਧੂ, ਹਰਜੀਤ ਭੁੱਲਰ, ਦਵਿੰਦਰ ਦੀਪ, ਰੁਪਿੰਦਰ ਗਿੱਲ, ਪ੍ਰਭਸ਼ਰਨ ਕੌਰ, ਗੁਰਦਾਸ ਸੰਧੂ, ਸੁਰਜੀਤ ਬਿੰਦਰਖੀਆਂ, ਧੀਰਾ ਮਾਨ ਆਦਿ ਕਲਾਕਾਰਾਂ ਵੱਲੋਂ ਮਹੱਤਵਪੂਰਨ ਭੂਮਿਕਾਵਾਂ ਅਦਾ ਕੀਤੀਆਂ ਗਈਆਂ ਸਨ।
ਜੇਕਰ ਇਸ ਫਿਲਮ ਦੇ ਮੋਹਰੀ ਨਿਰਮਾਤਾ ਰਹੇ ਅਤੇ ਪੰਜਾਬੀ ਸਿਨੇਮਾ ਦੇ ਉਚਕੋਟੀ ਫਿਲਮ ਨਿਰਮਾਣਕਾਰ ਵਜੋਂ ਜਾਣੇ ਜਾਂਦੇ ਇਕਬਾਲ ਢਿੱਲੋਂ ਦੇ ਫਿਲਮ ਕਰੀਅਰ ਵੱਲ ਝਾਤ ਮਾਰੀ ਜਾਵੇ ਤਾਂ ਇਸ ਗੱਲ ਦਾ ਅਹਿਸਾਸ ਸਹਿਜੇ ਹੀ ਹੋ ਜਾਂਦਾ ਹੈ ਕਿ ਇਸ ਖੇਤਰ ਦੇ ਮਲਟੀਸਟਾਰਰ ਫਿਲਮ ਨਿਰਮਾਤਾ ਵਜੋਂ ਉਨ੍ਹਾਂ ਦੀ ਸਰਦਾਰੀ ਅਜੇ ਤੱਕ ਕਾਇਮ ਰਹੀ ਹੈ, ਜਿੰਨ੍ਹਾਂ ਵੱਲੋਂ ਬਣਾਈਆਂ ਗਈਆਂ ਵੱਡੀਆਂ ਫਿਲਮਾਂ ਵਿੱਚ ‘ਪੁੱਤ ਜੱਟਾਂ ਦੇ’, ‘ਸ਼ਹੀਦ ਏ ਆਜ਼ਮ’, ‘ਸ਼ਹੀਦ ਊਧਮ ਸਿੰਘ’, ‘ਪਿੰਡ ਦੀ ਕੁੜ੍ਹੀ’, ‘ਗੱਬਰੂ ਪੰਜਾਬ ਦਾ’, ‘ਸੁੱਖਾ’, ‘ਖੂਨ ਦਾ ਦਾਜ’ ਆਦਿ ਸ਼ਾਮਿਲ ਰਹੀਆਂ ਹਨ।
ਬਾਲੀਵੁੱਡ ਦੇ ਧਰਮਿੰਦਰ, ਸ਼ਤਰੂਘਨ ਸਿਨਹਾ, ਰਾਜ ਬੱਬਰ, ਜੂਹੀ ਚਾਵਲਾ, ਪ੍ਰਕਾਸ਼ ਗਿੱਲ, ਵੀਨਾ ਮਲਿਕ ਆਦਿ ਜਿਹੇ ਕਈ ਵੱਡੇ ਸਟਾਰ ਅਤੇ ਚਰਚਿਤ ਚਿਹਰਿਆਂ ਨੂੰ ਪੰਜਾਬੀ ਸਿਨੇਮਾ ਨਾਲ ਜੋੜ੍ਹਨ ਦਾ ਸਿਹਰਾ ਹਾਸਿਲ ਕਰਨ ਵਾਲੇ ਅਤੇ ‘ਸ਼ਹੀਦ ਊਧਮ ਸਿੰਘ’ ਫਿਲਮ ਲਈ ਨੈਸ਼ਨਲ ਪੁਰਸਕਾਰ ਪ੍ਰਾਪਤ ਕਰਨ ਦਾ ਮਾਣ ਝੋਲੀ ਪਾ ਚੁੱਕੇ ਇਕਬਾਲ ਸਿੰਘ ਢਿੱਲੋਂ ਦੁਆਰਾ ਬਣਾਈ ਗਈ ਇਕ ਹੋਰ ਚਰਚਿਤ ਫਿਲਮ ‘ਤਬਾਹੀ ਰੀਲੋਡਿਡ’ ਵੀ ਰਿਲੀਜ਼ ਲਈ ਤਿਆਰ ਹੈ, ਜਿਸ ਤੋਂ ਬਾਅਦ ‘ਜੱਟ ਜਿਓਣਾ ਮੌੜ ਰਿਟਰਨ’ ਵੀ ਉਨਾਂ ਦੇ ਆਉਣ ਵਾਲੇ ਅਹਿਮ ਪ੍ਰੋਜੈਕਟਾਂ ਵਿਚ ਸ਼ਾਮਿਲ ਹੈ।
ਇਹ ਵੀ ਪੜ੍ਹੋ:Suniel Shetty: ਪੰਜਾਬ ਦੀ ਪਹਿਲੀ ਐਡ ਫਿਲਮ ਨਾਲ ਜੁੜੇ ਸੁਨੀਲ ਸ਼ੈੱਟੀ, ਪੰਜਾਬੀ ਸਿਨੇਮਾ ਦੇ ਕਈ ਕਲਾਕਾਰ ਵੀ ਨਾਲ ਆਉਣਗੇ ਨਜ਼ਰ