ਚੰਡੀਗੜ੍ਹ: ਗੁਰਨਾਮ ਭੁੱਲਰ ਅਤੇ ਰੂਪੀ ਗਿੱਲ ਦੀ ਆਉਣ ਵਾਲੀ ਪੰਜਾਬੀ ਫਿਲਮ “ਪਰਿੰਦਾ ਪਾਰ ਗਿਆ” ਦਾ ਪਹਿਲਾਂ ਪੋਸਟਰ ਰਿਲੀਜ਼ ਹੋ ਗਿਆ ਹੈ, ਸ਼ਿਤਿਜ ਚੌਧਰੀ ਦੁਆਰਾ ਨਿਰਦੇਸ਼ਤ ਇਹ ਫਿਲਮ ਆਪਣੇ ਸੁਪਨਿਆਂ ਨੂੰ ਪ੍ਰਾਪਤ ਕਰਨ ਵਾਲੇ ਇੱਕ ਨੌਜਵਾਨ ਕਲਾਕਾਰ ਦੇ ਸਫ਼ਰ ਦੀ ਇੱਕ ਦਿਲ ਨੂੰ ਛੂਹਣ ਵਾਲੀ ਕਹਾਣੀ ਹੈ।
'ਆਰਆਰਜੀ ਮੋਸ਼ਨ ਪਿਕਚਰਜ਼' ਦੇ ਸਹਿਯੋਗ ਨਾਲ 'ਜੀਐਸ ਗੋਗਾ ਪ੍ਰੋਡਕਸ਼ਨ' ਦੇ ਬੈਨਰ ਹੇਠ ਪੇਸ਼ ਕੀਤੀ ਜਾ ਰਹੀ ਇਸ ਫਿਲਮ ਨੂੰ ਗੁਰਪ੍ਰੀਤ ਸਿੰਘ ਗੋਗਾ, ਰਵੀ ਢਿੱਲੋਂ, ਜਗਦੀਪ ਰੀਹਲ ਅਤੇ ਜਸਵਿੰਦਰ ਤੂਰ ਦੁਆਰਾ ਪ੍ਰੋਡਿਊਸ ਕੀਤਾ ਜਾਵੇਗਾ। ਫਿਲਮ ਇੱਕ ਸੰਘਰਸ਼ਸ਼ੀਲ ਕਲਾਕਾਰ ਗੁਰਨਾਮ ਭੁੱਲਰ ਦੇ ਆਲੇ-ਦੁਆਲੇ ਘੁੰਮਦੀ ਹੈ, ਜੋ ਇੱਕ ਸਫਲ ਗਾਇਕ ਬਣਨ ਦੀ ਇੱਛਾ ਰੱਖਦਾ ਹੈ। ਉਸਦੀ ਯਾਤਰਾ ਮੁਸੀਬਤਾਂ ਨਾਲ ਭਰੀ ਹੋਈ ਹੈ, ਪਰ ਉਸਦਾ ਅਟੁੱਟ ਦ੍ਰਿੜ ਇਰਾਦਾ ਅਤੇ ਸੰਗੀਤ ਲਈ ਉਸ ਦਾ ਜਨੂੰਨ ਉਸ ਨੂੰ ਸੰਘਰਸ਼ ਕਰਨ ਲਈ ਪ੍ਰੇਰਿਤ ਕਰਦਾ ਹੈ।
- 'ਕੈਰੀ ਔਨ ਜੱਟੀਏ' ਦੀ ਸ਼ੂਟਿੰਗ ਲਈ ਲੰਦਨ 'ਚ ਹੈ ਜੈਸਮੀਨ ਭਸੀਨ, ਯਾਦ ਕੀਤੀਆਂ ਦੀਵਾਲੀ 'ਤੇ ਬਚਪਨ ਦੀਆਂ ਯਾਦਾਂ
- Film Sangrand First Look: ਇਸ ਅਰਥ-ਭਰਪੂਰ ਪੰਜਾਬੀ ਫਿਲਮ ਦਾ ਪਹਿਲਾਂ ਲੁੱਕ ਹੋਇਆ ਰਿਲੀਜ਼, ਇੰਦਰਪਾਲ ਸਿੰਘ ਵੱਲੋਂ ਕੀਤਾ ਗਿਆ ਹੈ ਲੇਖਨ ਅਤੇ ਨਿਰਦੇਸ਼ਨ
- Punjabi Movies November 2023: 'ਪਰਿੰਦਾ ਪਾਰ ਗਿਆ' ਤੋਂ ਲੈ ਕੇ 'ਸਰਾਭਾ' ਤੱਕ, ਇਸ ਨਵੰਬਰ ਰਿਲੀਜ਼ ਹੋਣਗੀਆਂ ਇਹ ਧਮਾਕੇਦਾਰ ਫਿਲਮਾਂ
ਫਿਲਮ ਦਾ ਪਹਿਲਾਂ ਗੀਤ 'ਪਰਿੰਦਾ ਪਾਰ ਗਿਆ' ਪਹਿਲਾਂ ਹੀ ਰਿਲੀਜ਼ ਹੋ ਚੁੱਕਾ ਹੈ ਅਤੇ ਇਸ ਨੇ ਸੰਗੀਤ ਜਗਤ 'ਚ ਤੂਫਾਨ ਲਿਆ ਦਿੱਤਾ ਹੈ। ਗੀਤ ਨੂੰ ਗੁਰਨਾਮ ਭੁੱਲਰ ਨੇ ਖੁਦ ਹੀ ਗਾਇਆ ਅਤੇ ਕੰਪੋਜ਼ ਕੀਤਾ ਹੈ, ਇਸ ਦੇ ਬੋਲ ਗੁਰਨਾਮ ਨੇ ਖਾਰਾ ਦੇ ਨਾਲ ਲਿਖੇ ਹਨ ਜਦੋਂਕਿ ਸੰਗੀਤ ਗੌਰਵ ਦੇਵ ਅਤੇ ਕਾਰਤਿਕ ਦੇਵ ਨੇ ਦਿੱਤਾ ਹੈ।
ਫਿਲਮ ਦਾ ਟ੍ਰੇਲਰ 13 ਨਵੰਬਰ ਨੂੰ ਰਿਲੀਜ਼ ਕੀਤਾ ਜਾਵੇਗਾ। ਗੁਰਨਾਮ ਭੁੱਲਰ ਅਤੇ ਰੂਪੀ ਗਿੱਲ ਤੋਂ ਇਲਾਵਾ ਇਸ ਫਿਲਮ ਵਿੱਚ ਗਾਇਕ ਗੁਰਨਾਜ਼ਰ ਚੱਠਾ ਅਤੇ ਈਸ਼ਾ ਸ਼ਰਮਾ ਵੀ ਹਨ। "ਪਰਿੰਦਾ ਪਾਰ ਗਿਆ" 24 ਨਵੰਬਰ 2023 ਨੂੰ ਸਿਨੇਮਾਘਰਾਂ ਵਿੱਚ ਦਸਤਕ ਦੇਵੇਗੀ। ਇਹ ਦੇਖਣਾ ਹੋਵੇਗਾ ਕਿ ਰੂਪੀ ਗਿੱਲ ਫਿਲਮ ਵਿੱਚ ਕੀ ਕਿਰਦਾਰ ਨਿਭਾਏਗੀ। ਉਲੇਖਯੋਗ ਹੈ ਕਿ 'ਪਰਿੰਦਾ ਪਾਰ ਗਿਆ' ਦਾ ਉਦੇਸ਼ ਦਰਸ਼ਕਾਂ ਨੂੰ ਉਨ੍ਹਾਂ ਦੇ ਸੁਪਨਿਆਂ ਦਾ ਪਿੱਛਾ ਕਰਨ ਲਈ ਪ੍ਰੇਰਿਤ ਕਰਨਾ ਹੈ, ਭਾਵੇਂ ਰਾਹ ਕਿੰਨਾ ਵੀ ਚੁਣੌਤੀਪੂਰਨ ਕਿਉਂ ਨਾ ਹੋਵੇ।