ਹੈਦਰਾਵਾਦ: ਪੰਜਾਬੀ ਸਿਨੇਮਾਂ ਅਤੇ ਫ਼ਿਲਮ ਖ਼ੇਤਰ ਵਿਚ ਨਵੇਂ ਨਿਰਦੇਸ਼ਕ ਅਮਨ ਮਹਿਮੀ ਵੱਲੋਂ ਆਪਣੀ ਨਵੀਂ ਫ਼ਿਲਮ ‘ਟਾਹਲੀ’ ਦੀ ਸ਼ੂਟਿੰਗ ਅੱਜ ਬਠਿੰਡਾ ਦੇ ਇਲਾਕੇ ਵਿਚ ਸ਼ੁਰੂ ਕਰ ਦਿੱਤੀ ਗਈ ਹੈ। ਜਿਸ ਵਿਚ ਸਿਨੇਮਾਂ ਅਤੇ ਥੀਏਟਰ ਨਾਲ ਜੁੜ੍ਹੇ ਕਈ ਕਲਾਕਾਰ ਮਹੱਤਵਪੂਰਨ ਭੂਮਿਕਾਵਾਂ ਵਿਚ ਨਜਰ ਆਉਣਗੇ।
ਫ਼ਿਲਮ 'ਟਾਹਲੀ' ਵਿੱਚ ਇਹ ਕਿਰਦਾਰ ਆਉਣਗੇ ਨਜ਼ਰ: ਮਹਿਮੀ ਮੂਵੀਜ਼ ਦੇ ਬੈਨਰ ਹੇਠ ਬਣਾਈ ਜਾ ਰਹੀ ਇਸ ਫ਼ਿਲਮ ਵਿਚ ਪੰਜਾਬੀ ਫ਼ਿਲਮ ਇੰਡਸਟਰੀ ਦੇ ਮੰਨੇ ਪ੍ਰਮੰਨੇ ਅਦਾਕਾਰ ਮਹਾਵੀਰ ਭੁੱਲਰ ਮਹੱਤਵਪੂਰਣ ਭੂਮਿਕਾ ਨਿਭਾਉਦੇ ਨਜ਼ਰ ਆਉਣਗੇ। ਉਨ੍ਹਾਂ ਤੋਂ ਇਲਾਵਾ ਇਸ ਫ਼ਿਲਮ ਵਿੱਚ ਮਲਕੀਤ ਸਿੰਘ ਔਲਖ, ਰਾਜਦੀਪ ਬਰਾੜ੍ਹ, ਸੋਨੀਆਂ ਸਿੰਘ, ਨੂਰਦੀਪ ਸਿੱਧੂ, ਵਿੱਕੀ ਆਦਿ ਕਲਾਕਾਰ ਵੀ ਇਸ ਫ਼ਿਲਮ ਵਿਚ ਨਜ਼ਰ ਆਉਣਗੇ।
ਇਸ ਫ਼ਿਲਮ ਦੀ ਕਹਾਣੀ ਪੰਜਾਬੀਅਤ ਕਦਰਾਂ-ਕੀਮਤਾਂ ਅਤੇ ਆਪਸੀ ਸਾਂਝੇ ਦੇ ਉਤਰਾਅ ਚੜ੍ਹਾਅ ਨੂੰ ਦਰਸਾਉਦੀ: ਇਸ ਫ਼ਿਲਮ ਦੀ ਟੀਮ ਅਨੁਸਾਰ ਪੰਜਾਬ ਅਤੇ ਪੰਜਾਬੀਅਤ ਕਦਰਾਂ-ਕੀਮਤਾਂ ਅਤੇ ਆਪਸੀ ਸਾਂਝੇ ਦੇ ਉਤਰਾਅ ਚੜ੍ਹਾਅ ਨੂੰ ਦਰਸਾਉਦੀ ਇਹ ਅਰਥਭਰਪੂਰ ਫ਼ਿਲਮ ਬਹੁਤ ਹੀ ਭਾਵਨਾਤਮਕ ਕਹਾਣੀਸਾਰ ਦੁਆਲੇ ਬੁਣੀ ਗਈ ਹੈ, ਜੋ ਹਰ ਵਰਗ ਚਾਹੇ ਉਹ ਪੇਂਡੂ ਹੋਵੇ ਜਾਂ ਫ਼ਿਰ ਸ਼ਹਿਰੀ ਨੁੂੰ ਆਪਣੇ ਨਾਲ ਜੋੜਨ ਦੀ ਪੂਰੀ ਸਮਰੱਥਾ ਰੱਖਦੀ ਹੈ।
ਨਿਰਦੇਸ਼ਕ ਅਮਨ ਮਹਿਮੀ ਦਾ ਕਰੀਅਰ: ਜੇਕਰ ਨਿਰਦੇਸ਼ਕ ਅਮਨ ਮਹਿਮੀ ਦੇ ਕਰਿਅਰ ਦੀ ਗੱਲ ਕਰੀਏ ਤਾਂ ਉਨ੍ਹਾਂ ਵੱਲੋਂ ਹਾਲ ਹੀ ਵਿੱਚ ਕਈ ਸੰਦੇਸ਼ ਦੇਣ ਵਾਲੀਆਂ ਅਤੇ ਪਰਿਵਾਰਿਕ ਮੋਹ ਦਾ ਪ੍ਰਗਟਾਵਾ ਕਰਦੀਆਂ ਫ਼ਿਲਮਾਂ ਦਾ ਨਿਰਦੇਸ਼ਨ ਕੀਤਾ ਜਾ ਚੁੱਕਾ ਹੈ। ਜਿੰਨ੍ਹਾਂ ਵਿਚ ਫ਼ਰਕ, ਰਾਜ਼ੀਬੰਦਾ, ਮੁੜ ਵਿਧਵਾ, ਸੱਜਣ ਮਜ਼ਬੂਰ, ਤੁੰਗਲ, ਨਮੀ ਆਦਿ ਫ਼ਿਲਮਾਂ ਸ਼ਾਮਿਲ ਰਹੀਆਂ ਹਨ। ਇਸ ਤੋਂ ਇਲਾਵਾ ਉਨ੍ਹਾ ਵੱਲੋਂ ਹਾਲ ਹੀ ਵਿਚ ਨਿਰਦੇਸ਼ਿਤ ਕੀਤੀ ਫ਼ਿਲਮ ਤੁੰਗਲ ਨੂੰ ਕਈ ਫ਼ਿਲਮ ਪੁਰਸਕਾਰ ਸਮਾਰੋਹਾਂ ਵਿਚ ਵਿਸ਼ੇਸ਼ ਸਨਮਾਨ ਨਾਲ ਨਵਾਜ਼ੇ ਜਾਣ ਦਾ ਮਾਣ ਵੀ ਪ੍ਰਾਪਤ ਹੋ ਚੁੱਕਾ ਹੈ।
ਪੰਜਾਬੀ ਸਿਨੇਮਾਂ ਦੇ ਕਈ ਨਾਮਵਰ ਨਿਰਦੇਸ਼ਕਾਂ ਨਾਲ ਬਤੌਰ ਅਸੋਸੀਏਟ ਨਿਰਦੇਸ਼ਕ ਵਜੋਂ ਕੰਮ ਕਰਨ ਦਾ ਤਜੁਰਬਾ ਹਾਸਿਲ ਕਰ ਚੁੱਕੇ ਨਿਰਦੇਸ਼ਕ ਅਮਨ ਮਹਿਮੀ ਦੱਸਦੇ ਹਨ ਕਿ ਫ਼ਿਲਮਕਾਰ ਦੇ ਤੌਰ ਤੇ ਉਨ੍ਹਾਂ ਦਾ ਮਕਸਦ ਅਜਿਹੀਆਂ ਫ਼ਿਲਮਾਂ ਬਣਾਉਣ ਦਾ ਹੈ, ਜਿਸ ਨਾਲ ਸਾਡਾ ਅਸਲ ਵਿਰਸਾ ਜਿਉਂਦਾ ਰਹਿ ਸਕੇ। ਉਨ੍ਹਾਂ ਦੱਸਿਆ ਕਿ ਆਪਣੇ ਹੁਣ ਤੱਕ ਦੇ ਨਿਰਦੇਸ਼ਨ ਸਫ਼ਰ ਦੌਰਾਨ ਉਨ੍ਹਾਂ ਹਮੇਸ਼ਾ ਮਿਆਰੀ ਫ਼ਿਲਮਾਂ ਬਣਾਉਣ ਨੂੰ ਹੀ ਤਰਜ਼ੀਹ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਵੱਲੋਂ ਇਸ ਨਵੀਂ ਫ਼ਿਲਮ ਟਾਹਲੀ ਨੂੰ ਵੀ ਬਿਹਤਰ ਬਣਾਉਣ ਲਈ ਪੂਰੀ ਮਿਹਨਤ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ:- Film Khoj a Journey Of Soul: ਨਵੇਂ ਬਦਲਾਅ ਨਾਲ ਮੁੜ ਰਿਲੀਜ਼ ਹੋਵੇਗੀ ਹਰਵਿੰਦਰ ਮਾਣਕਰ ਵੱਲੋਂ ਨਿਰਦੇਸ਼ਨ ਕੀਤੀ ਇਹ ਫ਼ਿਲਮ