ਹੈਦਰਾਬਾਦ: ਹਾਲ ਹੀ ਵਿਚ ਰਿਲੀਜ਼ ਹੋਈ 'ਗਦਰ 2' ਦੀ ਅਪਾਰ ਕਾਮਯਾਬੀ ਤੋਂ ਬਾਅਦ ਨਿਰਦੇਸ਼ਕ ਅਨਿਲ ਸ਼ਰਮਾ ਇੰਨੀਂ ਦਿਨੀਂ ਆਪਣੇ ਨਵੇਂ ਫਿਲਮ ਪ੍ਰੋਜੈਕਟ 'ਜਰਨੀ' ਦੀ ਸ਼ੂਟਿੰਗ ਦਾ ਆਖ਼ਰੀ ਚਰਨ ਤੇਜ਼ੀ ਨਾਲ ਮੁਕੰਮਲ ਕਰਨ ਵਿੱਚ ਜੁਟੇ ਹੋਏ ਹਨ, ਜਿਸ ਦਾ ਵਿਸ਼ੇਸ਼ ਸ਼ੂਟਿੰਗ ਸ਼ਡਿਊਲ ਹਿਮਾਚਲ ਦੇ ਸ਼ਿਮਲਾ ਵਿਖੇ ਸ਼ੁਰੂ ਕਰ ਦਿੱਤਾ ਗਿਆ ਹੈ, ਜਿਸ ਦੌਰਾਨ ਕਈ ਅਹਿਮ ਦ੍ਰਿਸ਼ਾਂ ਦਾ ਫਿਲਮਾਂਕਣ ਪੂਰਾ ਕੀਤਾ ਜਾਵੇਗਾ।
"ਅਨਿਲ ਸ਼ਰਮਾ ਪ੍ਰੋਡੋਕਸ਼ਨਜ਼" ਅਧੀਨ ਬਣਾਈ ਜਾ ਰਹੀ ਉਕਤ ਫਿਲਮ ਵਿੱਚ ਉਤਕਰਸ਼ ਸ਼ਰਮਾ ਅਤੇ ਸਿਮਰਤ ਕੌਰ ਲੀਡ ਜੋੜੀ ਦੇ ਤੌਰ 'ਤੇ ਨਜ਼ਰ ਆਉਣਗੇ। ਜੋ ਇਸ ਤੋਂ ਪਹਿਲਾਂ 'ਗਦਰ 2' ਵਿਚ ਵੀ ਇਕੱਠਿਆਂ ਅਪਣੀ ਨਾਯਾਬ ਅਦਾਕਾਰੀ ਦਾ ਲੋਹਾ ਮੰਨਵਾ ਚੁੱਕੇ ਹਨ, ਜਿੰਨਾ ਨਾਲ ਹਿੰਦੀ ਫਿਲਮ ਜਗਤ ਦੇ ਦਿੱਗਜ ਐਕਟਰ ਨਾਨਾ ਪਾਟੇਕਰ ਵੀ ਮਹੱਤਵਪੂਰਨ ਕਿਰਦਾਰ ਪਲੇ ਕਰ ਰਹੇ ਹਨ।
ਉੱਤਰ ਪ੍ਰਦੇਸ਼ ਦੇ ਕਾਸ਼ੀ ਵਿਸ਼ਵਨਾਥ ਮੰਦਿਰ ਵਿੱਚ ਕੀਤੇ ਗਏ ਗ੍ਰੈਂਡ ਮਹੂਰਤ ਉਪਰੰਤ ਸੰਪੂਰਨਤਾ ਪੜਾਅ ਵੱਲ ਵੱਧ ਰਹੀ ਇਹ ਫਿਲਮ ਪਰਿਵਾਰਕ ਬੰਧਨ ਦੀ ਸਦੀਵੀ ਚਲੀ ਆ ਰਹੀ ਮਹੱਤਤਾ ਨੂੰ ਹੋਰ ਗੂੜੇ ਰੰਗ ਦੇਣ ਜਾ ਰਹੀ ਹੈ, ਜਿਸ ਵਿਚ ਅਪਣੇ ਵਿਲੱਖਣ ਰੋਲ ਨੂੰ ਲੈ ਕੇ ਮਹਾਨ ਅਦਾਕਾਰ ਨਾਨਾ ਪਾਟੇਕਰ ਵੀ ਕਾਫ਼ੀ ਖੁਸ਼ ਅਤੇ ਉਤਸ਼ਾਹਿਤ ਦਿਖਾਈ ਦੇ ਰਹੇ ਹਨ।
ਉਕਤ ਫਿਲਮ ਦੀ ਨਿਰਮਾਣ ਟੀਮ ਅਨੁਸਾਰ ਨਾਨਾ ਪਾਟੇਕਰ ਇਸ ਫਿਲਮ ਵਿੱਚ ਇੱਕ ਅਜਿਹੇ ਪਿਤਾ ਦੀ ਭੂਮਿਕਾ ਨਿਭਾਉਣਗੇ, ਜੋ ਡਿਮੇਨਸ਼ੀਆ ਤੋਂ ਪੀੜਤ ਹਨ, ਜਦੋਂ ਕਿ ਉਤਕਰਸ਼ ਸ਼ਰਮਾ ਉਨਾਂ ਦੇ ਬੇਟੇ ਦੀ ਭੂਮਿਕਾ ਨਿਭਾ ਰਹੇ ਹਨ, ਜੋ ਉਨਾਂ ਨਾਲ ਬਹੁਤ ਹੀ ਭਾਵਨਾਤਮਕ ਸਾਂਝ ਰੱਖਦਾ ਹੈ। ਉਨਾਂ ਦੱਸਿਆ ਕਿ ਅਰਥ-ਭਰਪੂਰ ਕਹਾਣੀ ਅਧਾਰਿਤ ਇਸ ਫਿਲਮ ਵਿਚ ਪਿਤਾ ਅਤੇ ਬੇਟੇ ਵਿਚਕਾਰ ਦੇ ਰਿਸ਼ਤੇ ਨੂੰ ਬਹੁਤ ਹੀ ਖੂਬਸੂਰਤੀ ਅਤੇ ਦਿਲ ਟੁੰਬਵੇਂ ਰੂਪ ਵਿੱਚ ਪ੍ਰਤੀਬਿੰਬ ਕੀਤਾ ਜਾ ਰਿਹਾ ਹੈ।
ਫਿਲਮ ਬਾਰੇ ਗੱਲ ਕਰਦੇ ਹੋਏ ਨਿਰਦੇਸ਼ਕ ਅਨਿਲ ਸ਼ਰਮਾ ਨੇ ਕਿਹਾ, "ਇੱਕ ਫਿਲਮ ਨਿਰਮਾਤਾ ਅਤੇ ਨਿਰਦੇਸ਼ਕ ਦੇ ਤੌਰ 'ਤੇ ਮੇਰੀ ਅਗਲੇਰੀ ਸਿਨੇਮਾ 'ਯਾਤਰਾ' ਰੂਹ ਨੂੰ ਛੂਹਣ ਵਾਲੀਆਂ ਕਹਾਣੀਆਂ ਨੂੰ ਤਲਾਸ਼ ਕਰਨ ਅਤੇ ਉਨਾਂ ਨੂੰ ਦਰਸ਼ਕਾਂ ਦੇ ਸਨਮੁੱਖ ਕਰਨ 'ਤੇ ਕੇਂਦਰਿਤ ਰਹੇਗੀ, ਜਿਸ ਦੀ ਲੜੀ ਵਜੋਂ ਹੀ ਸਾਹਮਣੇ ਆਵੇਗੀ ਇਹ ਫਿਲਮ। ਉਨਾਂ ਅੱਗੇ ਕਿਹਾ ਕਿ ਮੈਂ ਆਪਣੀ ਇਸ ਨਵੀਂ ਫਿਲਮ ਦੁਆਰਾ ਨਾਨਾ ਪਾਟੇਕਰ ਨੂੰ ਨਿਰਦੇਸ਼ਿਤ ਕਰਕੇ ਬਹੁਤ ਰੁਮਾਂਚਿਤ ਹਾਂ, ਜਿੰਨਾਂ ਵੱਲੋਂ ਬਹੁਤ ਹੀ ਪ੍ਰਭਾਵੀ ਰੂਪ ਵਿੱਚ ਆਪਣਾ ਕਿਰਦਾਰ ਅਦਾ ਕੀਤਾ ਜਾ ਰਿਹਾ ਹੈ।
ਉਨਾਂ ਅੱਗੇ ਕਿਹਾ ਕਿ 'ਗਦਰ 2' ਦੀ ਸਫਲਤਾ ਤੋਂ ਬਾਅਦ ਉਤਕਰਸ਼ ਨੂੰ ਦਿੱਤੇ ਗਏ ਪਿਆਰ ਅਤੇ ਸਨੇਹ ਦੇ ਲਈ ਦਰਸ਼ਕਾਂ ਦਾ ਬੇਹੱਦ ਰਿਣੀ ਹਾਂ, ਜਿੰਨਾਂ ਵੱਲੋਂ ਪਿਛਲੀਆਂ ਫਿਲਮਾਂ ਨੂੰ ਦਿੱਤੇ ਹੁੰਗਾਰੇ ਨੂੰ ਵੇਖਦਿਆਂ ਉਮੀਦ ਕਰਦਾ ਹਾਂ ਕਿ ਜਰਨੀ ਵੀ ਉਨਾਂ ਦੀ ਹਰ ਪਸੰਦ ਕਸਵੱਟੀ 'ਤੇ ਪੂਰੀ ਖਰੀ ਉਤਰੇਗੀ। ਬਾਲੀਵੁੱਡ ਦੀਆਂ ਆਗਾਮੀ ਬਹੁ-ਚਰਚਿਤ ਫਿਲਮਾਂ ਵਿੱਚ ਸ਼ੁਮਾਰ ਕਰਵਾਉਣ ਵਾਲੀ ਉਕਤ ਫਿਲਮ ਦਾ ਐਕਸ਼ਨ ਵੀ ਬਾਕਮਾਲ ਸਿਰਜਿਆ ਜਾ ਰਿਹਾ ਹੈ, ਜਿਸ ਨੂੰ ਉਮਦਾ ਰੂਪ ਦੇਣ ਲਈ ਮਸ਼ਹੂਰ ਐਕਸ਼ਨ ਡਾਇਰੈਕਟਰ ਸ਼ਾਮ ਕੌਸ਼ਲ ਵੀ ਦੇਵ ਨਗਰੀ ਹਿਮਾਚਲ ਪਹੁੰਚ ਚੁੱਕੇ ਹਨ।