ਲੁਧਿਆਣਾ: ਸਿੱਧੂ ਮੂਸੇ ਵਾਲੇ ਦੇ ਕਤਲ ਤੋਂ ਬਾਅਦ ਪੰਜਾਬੀ ਫਿਲਮ ਇੰਡਸਟਰੀ ਤੇ ਮਿਊਜ਼ਿਕ ਇੰਡਸਟਰੀ ਵਿੱਚ ਸੋਗ ਦੀ ਲਹਿਰ ਹੈ, ਜਿਸ ਕਰਕੇ ਕਈ ਵੱਡੇ ਕਲਾਕਾਰਾਂ ਦੀਆਂ ਫਿਲਮਾਂ ਤੇ ਗਾਣੇ ਹੁਣ ਰਿਲੀਜ਼ ਨਹੀਂ ਹੋ ਪਾ ਰਹੇ।
ਇਨ੍ਹਾਂ ਦੇ ਵਿੱਚ ਕਰਨ ਔਜਲਾ ਦਾ ਨਵਾਂ ਗਾਣਾ ਗੇਮ ਓਵਰ, ਰਣਜੀਤ ਬਾਵੇ ਦਾ ਗਾਣਾ ਕਿੰਨੇ ਆਏ ਕਿੰਨੇ ਗਏ, ਉੱਥੇ ਹੀ ਐਮੀ ਵਿਰਕ ਦੀ ਦੱਸ ਜੂਨ ਨੂੰ ਰਿਲੀਜ਼ ਹੋਣ ਵਾਲੀ ਫ਼ਿਲਮ ਸ਼ੇਰ ਬੱਗਾ ਵੀ ਰਿਲੀਜ਼ ਨਹੀਂ ਹੋ ਪਾਈ, ਉਸ ਦੀਆਂ ਤਰੀਕਾਂ ਵੀ ਅੱਗੇ ਵਧਾ ਦਿੱਤੀਆਂ ਗਈਆਂ ਹਨ। ਕਰਨ ਔਜਲਾ ਤੇ ਰਣਜੀਤ ਬਾਵੇ ਦਾ ਗਾਣਾ ਵੀ ਇਨ੍ਹਾਂ ਦਿਨਾਂ ਅੰਦਰ ਹੀ ਰਿਲੀਜ਼ ਹੋਣਾ ਸੀ, ਪਰ ਸਿੱਧੂ ਮੂਸੇਵਾਲੇ ਦੀ ਮੌਤ ਤੋਂ ਬਾਅਦ ਸਾਰੀ ਫ਼ਿਲਮ ਇੰਡਸਟਰੀ ਅਤੇ ਮਿਊਜ਼ਿਕ ਇੰਡਸਟਰੀ ਦੇ ਵਿੱਚ ਸੋਗ ਦੀ ਲਹਿਰ ਹੈ।
ਇਨ੍ਹਾਂ ਹੀ ਨਹੀਂ ਕਈ ਕਲਾਕਾਰਾਂ ਵੱਲੋਂ ਆਪਣੇ ਸ਼ੋਅ ਵੀ ਰੱਦ ਕਰ ਦਿੱਤੇ ਗਏ ਹਨ, ਸਿੰਘਾਂ ਦਾ ਲਾਈਵ ਸ਼ੋਅ ਹੋਣਾ ਸੀ, ਜਿਸ ਨੂੰ ਫਿਲਹਾਲ ਟਾਲ ਦਿੱਤਾ ਗਿਆ ਹੈ। ਪੰਜਾਬੀ ਗਾਇਕ ਅੰਮ੍ਰਿਤ ਮਾਨ ਦੇ ਨਾਲ ਸਿੱਧੂ ਮੂਸੇ ਵਾਲਾ ਫਿਲਮ ਬਣਾ ਰਹੇ ਸੀ, ਜਿਸ ਦੀ ਸ਼ੂਟਿੰਗ ਵੀ ਲਗਪਗ ਖ਼ਤਮ ਹੋ ਚੁੱਕੀ ਸੀ ਅਤੇ ਇਸੇ ਸਾਲ ਇਸ ਫਿਲਮ ਨੂੰ ਰਿਲੀਜ਼ ਕਰਨਾ ਸੀ, ਪਰ ਸਿੱਧੂ ਮੂਸੇਵਾਲਾ ਦੀ ਮੌਤ ਤੋਂ ਬਾਅਦ ਇਸ ਫ਼ਿਲਮ ਨੂੰ ਵੀ ਅੱਗੇ ਟਾਲ ਦਿੱਤਾ ਗਿਆ ਹੈ। ਇਸ ਫ਼ਿਲਮ ਨੂੰ ਲੈ ਕੇ ਅੰਮ੍ਰਿਤ ਮਾਨ ਮੂਸੇਵਾਲਾ ਪਰਿਵਾਰ ਦੇ ਨਾਲ ਵਿਚਾਰ ਵਟਾਂਦਰਾ ਕਰਨ ਤੋਂ ਬਾਅਦ ਹੀ ਅੱਗੇ ਇਸ ਪ੍ਰਾਜੈਕਟ 'ਤੇ ਕੰਮ ਕਰਨਗੇ।
ਸਿੱਧੂ ਮੂਸੇਵਾਲਾ ਦਾ ਕਤਲ:- ਦੱਸ ਦਈਏ ਕਿ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਨੂੰ 29 ਮਈ ਨੂੰ ਦਿਨ ਦਿਹਾੜੇ ਗੋਲੀਆਂ ਮਾਰੀਆਂ ਗਈਆਂ, ਜਿਸ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਸੀ, ਪਰ ਹਸਪਤਾਲ ਵਿੱਚ ਸਿੱਧੂ ਦੀ ਮੌਤ ਹੋ ਗਈ ਸੀ। ਇਹ ਗੋਲੀਬਾਰੀ ਜ਼ਿਲ੍ਹਾਂ ਮਾਨਸਾ ਦੇ ਪਿੰਡ ਜਵਾਹਰਕੇ 'ਚ ਉਸ 'ਤੇ ਗੋਲੀਬਾਰੀ ਹੋਈ ਸੀ ਤੇ ਇਸ ਹਮਲੇ 'ਚ ਸਿੱਧੂ ਦੇ 2 ਸਾਥੀ ਵੀ ਜ਼ਖਮੀ ਹੋਏ ਹਨ। ਜਿਸ ਤੋਂ ਬਾਅਦ ਪੂਰੇ ਦੇਸ਼-ਦੁਨੀਆਂ ਤੋਂ ਇਲਾਵਾਂ ਫ਼ਿਲਮ ਤੇ ਸੰਗੀਤ ਜਗਤ ਵਿੱਚ ਸੋਗ ਦੀ ਲਹਿਰ ਫੈਲ ਗਈ ਸੀ।
ਇਹ ਵੀ ਪੜੋ:- ਸਿੱਧੂ ਮੂਸੇਵਾਲਾ ਕਤਲਕਾਂਡ: SIT ਨੇ ਕੀਤੀ ਮੀਟਿੰਗ, ਅਧਿਕਾਰੀਆਂ ਨੇ ਮੀਡੀਆ ਤੋਂ ਬਣਾਈ ਦੂਰੀ