ਚੰਡੀਗੜ੍ਹ: ਪੰਜਾਬੀ ਸਿਨੇਮਾ ਲਈ 'ਜੱਟ ਜੇਮਜ਼ ਬਾਂਡ' ਸਮੇਤ ਕਈ ਚਰਚਿਤ ਹਿੰਦੀ ਅਤੇ ਪੰਜਾਬੀ ਫਿਲਮਾਂ ਦਾ ਨਿਰਦੇਸ਼ਨ ਕਰ ਚੁੱਕੇ ਰੋਹਿਤ ਜੁਗਰਾਜ ਇੱਕ ਹੋਰ ਸ਼ਾਨਦਾਰ ਨਿਰਦੇਸ਼ਨ ਪਾਰੀ ਦਾ ਆਗਾਜ਼ ਕਰਨ ਜਾ ਰਹੇ ਹਨ, ਜਿੰਨਾਂ ਦੀ ਨਵੀਂ ਡਾਇਰੈਕਟੋਰੀਅਲ ਵੈੱਬ-ਸੀਰੀਜ਼ 'ਚਮਕ' ਪ੍ਰਸਾਰਣ ਲਈ ਤਿਆਰ ਹੈ।
ਓਟੀਟੀ ਪਲੇਟਫ਼ਾਰਮ ਸੋਨੀ ਲਿਵ 'ਤੇ ਭਲਕੇ 7 ਦਸੰਬਰ ਤੋਂ ਆਨ ਸਟ੍ਰੀਮ ਹੋਣ ਜਾ ਰਹੀ ਇਸ ਵੈੱਬ-ਸੀਰੀਜ਼ ਦਾ ਨਿਰਮਾਣ ਗੀਤਾਂਜਲੀ ਮੇਹਲਵਾ ਚੌਹਾਨ, ਰੋਹਿਤ ਜੁਗਰਾਜ ਚੌਹਾਨ ਅਤੇ ਸੁਮਿਤ ਦੂਬੇ ਦੁਆਰਾ ਕੀਤਾ ਗਿਆ ਹੈ।
ਜਦਕਿ ਇਸ ਦੀ ਸਟਾਰ ਕਾਸਟ ਵਿੱਚ ਪਰਮਵੀਰ ਸਿੰਘ ਚੀਮਾ, ਮਨੋਜ ਪਾਹਵਾ, ਗਿੱਪੀ ਗਰੇਵਾਲ, ਮੋਹਿਤ ਮਲਿਕ, ਈਸ਼ਾ ਤਲਵਾਰ, ਮੁਕੇਸ਼ ਛਾਬੜਾ, ਪ੍ਰਿੰਸ ਕੰਵਲਜੀਤ ਸਿੰਘ, ਸੁਵਿੰਦਰ (ਵਿੱਕੀ) ਪਾਲ, ਅਕਾਸ਼ ਸਿੰਘ ਸਮੇਤ ਪੰਜਾਬੀ ਅਤੇ ਹਿੰਦੀ ਫਿਲਮ ਜਗਤ ਨਾਲ ਜੁੜੇ ਕਈ ਕਲਾਕਾਰ ਸ਼ਾਮਲ ਹਨ।
ਇਸ ਤੋਂ ਇਲਾਵਾ ਉਕਤ ਵੈੱਬ-ਸੀਰੀਜ਼ ਦਾ ਖਾਸ ਆਕਰਸ਼ਨ ਬਹੁਤ ਸਾਰੇ ਨਾਮਵਰ ਗਾਇਕ-ਗਿੱਪੀ ਗਰੇਵਾਲ, ਮੀਕਾ ਸਿੰਘ, ਮਲਕੀਤ ਸਿੰਘ, ਅਫਸਾਨਾ ਖਾਨ, ਅਸੀਸ ਕੌਰ, ਸੁਨਿਧੀ ਚੌਹਾਨ, ਕੰਵਰ ਗਰੇਵਾਲ ਅਤੇ ਹਰਜੋਤ ਕੌਰ ਆਦਿ ਦੇ ਇਸ ਵਿਚ ਸ਼ਾਮਿਲ ਕੀਤੇ ਗਾਣੇ ਵੀ ਹੋਣਗੇ, ਜੋ ਇਸ ਮਿਊਜ਼ਿਕਲ ਡਰਾਮਾ ਪ੍ਰੋਜੈਕਟ ਨੂੰ ਪ੍ਰਭਾਵੀ ਰੂਪ ਦੇਣ ਵਿੱਚ ਅਹਿਮ ਭੂਮਿਕਾ ਨਿਭਾਉਣਗੇ।
ਬਹੁ-ਚਰਚਿਤ ਓਟੀਟੀ ਵੈੱਬ ਸੀਰੀਜ਼ ਵਜੋਂ ਸਾਹਮਣੇ ਆਉਣ ਜਾ ਰਹੇ ਇਸ ਪ੍ਰੋਜੈਕਟ ਦੇ ਹੋਰ ਅਹਿਮ ਪਹਿਲੂਆਂ ਦੇ ਹਵਾਲੇ ਨਾਲ ਨਿਰਮਾਣ ਟੀਮ ਤੋੋਂ ਮਿਲੀ ਹੋਰ ਜਾਣਕਾਰੀ ਅਨੁਸਾਰ 'ਚਮਕ' ਦੀ ਸ਼ੁਰੂਆਤ ਇੱਕ ਅਜਿਹੀ ਸੋਚ ਨਾਲ ਕੀਤੀ ਗਈ ਸੀ ਕਿ ਕਿਸੇ ਵੀ ਕਲਾਕਾਰ ਨੂੰ ਮਾਰਿਆ ਨਹੀਂ ਜਾਣਾ ਚਾਹੀਦਾ, ਭਾਵੇਂ ਕੋਈ ਵੀ ਕਾਰਨ ਹੋਵੇ।
ਉਨਾਂ ਅੱਗੇ ਦੱਸਿਆ ਕਿ ਸੰਗੀਤ ਕਲਾ ਦਾ ਪ੍ਰਤੀਕ ਅਤੇ ਪਿਆਰ ਦਾ ਪ੍ਰਤੀਕ ਹੈ, ਜੋ ਤੋੜਦਾ ਨਹੀਂ ਸਗੋਂ ਜੋੜਦਾ ਹੈ, ਫਿਰ ਉਹ ਚਾਹੇ ਰਿਸ਼ਤੇ ਹੋਣ ਜਾਂ ਹੱਦ ਅਤੇ ਸਰਹੱਦਾਂ। ਉਨਾਂ ਕਿਹਾ ਦੀ ਕਲਾ ਨੂੰ ਹਿੰਸਾ ਅਤੇ ਨਫ਼ਰਤ ਨਾਲ ਦਬਾਉਣਾ ਆਉਣ ਵਾਲੀਆਂ ਸੰਗੀਤਕ ਪੀੜ੍ਹੀਆਂ ਨੂੰ ਇਸ ਪਾਸਿਓ ਕਿਨਾਰਾ ਕਰਨ ਲਈ ਮਜ਼ਬੂਰ ਕਰ ਸਕਦਾ ਹੈ।
ਦਰਸ਼ਕਾਂ ਦੁਆਰਾ ਬੇਸਬਰੀ ਨਾਲ ਉਡੀਕੀ ਜਾ ਰਹੀ ਉਕਤ ਵੈੱਬ ਸੀਰੀਜ਼ ਕਾਲਾ (ਪਰਮਵੀਰ ਸਿੰਘ ਚੀਮਾ) ਦੀ ਕਹਾਣੀ ਦੱਸਦੀ ਹੈ, ਜੋ ਸੱਚ ਦੀ ਖੋਜ ਵਿੱਚ ਹੈ, ਪਰ ਸ਼ਾਇਦ ਉਸ ਨੂੰ ਇਹ ਇਲਮ ਨਹੀਂ ਸੀ ਕਿ ਹਨੇਰੀਆਂ ਰਾਹਾਂ ਵਿੱਚ ਲੁਕੀ ਸੱਚਾਈ ਦੇ ਖੁਰਾ ਖੋਜ ਨੂੰ ਲੱਭ ਲੈਣਾ ਕਦੇ ਵੀ ਕਿਸੇ ਲਈ ਐਡਾ ਆਸਾਨ ਨਹੀਂ ਰਿਹਾ।