ਲੁਧਿਆਣਾ: ਜ਼ਿਲ੍ਹੇ ਦੇ ਸੀਐਮਸੀ ਚੌਂਕ ਦੇ ਵਿੱਚ ਸਥਿਤ ਮਸ਼ਹੂਰ ਸੋਸ਼ਲ ਮੀਡੀਆ ਇਨਫਲੂਐਂਸਰ ਪ੍ਰਿੰਕਲ 'ਤੇ ਅੱਜ ਗੋਲੀਬਾਰੀ ਹੋ ਗਈ। ਇਸ ਦੌਰਾਨ ਉਸ ਦੇ ਚਾਰ ਗੋਲੀਆਂ ਲੱਗੀਆਂ, ਜਿਸ ਤੋਂ ਬਾਅਦ ਉਸ ਨੂੰ ਨੇੜਲੇ ਹਸਪਤਾਲ ਲਿਜਾਇਆ ਗਿਆ। ਉਥੋਂ ਉਸ ਨੂੰ ਅੱਗੇ ਰੈਫਰ ਕਰ ਦਿੱਤਾ ਗਿਆ ਹੈ। ਦੇਰ ਸ਼ਾਮ ਵੇਲੇ ਇਹ ਵਾਰਦਾਤ ਹੋਈ ਜਦੋਂ ਉਹ ਆਪਣੀ ਜੁੱਤੀਆਂ ਦੀ ਦੁਕਾਨ ਦੇ ਵਿੱਚ ਮੌਜੂਦ ਸੀ। ਇਸ ਦੌਰਾਨ ਚਾਰ ਤੋਂ ਪੰਜ ਵਿਅਕਤੀਆਂ ਨੇ ਆ ਕੇ ਦੁਕਾਨ 'ਤੇ ਅੰਨੇਵਾਹ ਗੋਲੀਬਾਰੀ ਕਰਨੀ ਸ਼ੁਰੂ ਕਰ ਦਿੱਤੀ। ਇਸ ਦੌਰਾਨ ਪ੍ਰਿੰਕਲ ਨੇ ਵੀ ਆਪਣੀ ਲਾਇਸੈਂਸੀ ਰਿਵਾਲਵਰ ਦੇ ਨਾਲ ਫਾਇਰ ਕੀਤੇ।
ਸਹੁਰਾ ਪਰਿਵਾਰ 'ਤੇ ਇਲਜ਼ਾਮ
ਇਸ ਫਾਇਰਿੰਗ ਦੇ ਵਿੱਚ ਪ੍ਰਿੰਕਲ ਨੂੰ ਚਾਰ ਗੋਲੀਆਂ ਲੱਗੀਆਂ ਹਨ। ਹਾਲਾਂਕਿ ਉਸ ਦੀ ਹਾਲਤ ਕਾਫੀ ਗੰਭੀਰ ਹੈ ਪਰ ਉਸਨੇ ਆਪਣਾ ਬਿਆਨ ਜ਼ਰੂਰ ਦਰਜ ਕਰਵਾਇਆ ਹੈ ਕਿ ਉਸ ਦੇ ਸਹੁਰਾ ਪਰਿਵਾਰ ਵੱਲੋਂ ਇਹ ਹਮਲਾ ਉਸ 'ਤੇ ਕਰਵਾਇਆ ਗਿਆ। ਇੰਨਾ ਹੀ ਨਹੀਂ ਉਸ ਦੇ ਪਰਿਵਾਰ ਨੇ ਕਿਹਾ ਹੈ ਕਿ ਜਾਣਬੁਝ ਕੇ ਉਸ ਦੀ ਸੁਰੱਖਿਆ ਵਿੱਚ ਵੀ ਕੋਤਾਹੀ ਵਰਤੀ ਗਈ ਅਤੇ ਕੁਝ ਲੋਕਾਂ ਨੇ ਮਿਲ ਕੇ ਉਸ ਦੀ ਸੁਰੱਖਿਆ ਹਟਵਾ ਦਿੱਤੀ। ਪਰਿਵਾਰ ਨੇ ਇਲਜ਼ਾਮ ਲਗਾਏ ਹਨ ਕਿ ਉਸ ਦੇ ਸਹੁਰਾ ਪਰਿਵਾਰ ਵੱਲੋਂ ਅਤੇ ਉਸ ਦੇ ਖਾਸ ਕਰਕੇ ਸਾਲੇ ਵੱਲੋਂ ਇਸ 'ਤੇ ਹਮਲਾ ਕਰਵਾਇਆ ਗਿਆ। ਇਸ ਦੌਰਾਨ ਦੁਕਾਨ ਦੇ ਵਿੱਚ ਮੌਜੂਦ ਇੱਕ ਹੋਰ ਮਹਿਲਾ ਦੇ ਵੀ ਗੋਲੀਆਂ ਲੱਗੀਆਂ ਹਨ। ਹਾਲਾਂ ਕਿ ਉਸ ਦੀ ਹਾਲਤ ਜ਼ਿਆਦਾ ਗੰਭੀਰ ਨਹੀਂ ਹੈ।
ਡੀਸੀਪੀ ਨੇ ਦਿੱਤੀ ਜਾਣਕਾਰੀ
ਇਸ ਗੋਲੀਬਾਰੀ ਸਬੰਧੀ ਜਾਣਕਾਰੀ ਦਿੰਦੇ ਹੋਏ ਡੀਸੀਪੀ ਜਸਕੀਰਨ ਤੇਜਾ ਨੇ ਦੱਸਿਆ ਕਿ ਇਸ ਮਾਮਲੇ ਦੇ ਵਿੱਚ ਘਰੇਲੂ ਰੰਜਿਸ਼ ਕਰਕੇ ਇਹ ਫਾਇਰਿੰਗ ਹੋਈ ਹੈ। ਉਹਨਾਂ ਕਿਹਾ ਕਿ ਪ੍ਰਿੰਕਲ ਨੇ ਜਿਸ ਲੜਕੀ ਨਾਲ ਵਿਆਹ ਕਰਵਾਇਆ ਸੀ, ਉਸ ਦੇ ਪਰਿਵਾਰ ਦੇ ਨਾਲ ਜਿਸ ਵੱਲੋਂ ਗੋਲੀਬਾਰੀ ਕੀਤੀ ਗਈ ਹੈ, ਉਹ ਕਾਫੀ ਕਰੀਬੀ ਹੈ। ਉਹਨਾਂ ਕਿਹਾ ਕਿ ਇਹਨਾਂ ਦੀ ਕੁਝ ਦਿਨ ਪਹਿਲਾਂ ਆਪਸ ਦੇ ਵਿੱਚ ਫੋਨ 'ਤੇ ਗਾਲੀ-ਗਲੋਚ ਵੀ ਹੋਇਆ ਸੀ। ਉਹਨਾਂ ਦੱਸਿਆ ਕਿ ਪ੍ਰਿੰਕਲ ਵੱਲੋਂ ਵੀ ਜਵਾਬੀ ਫਾਇਰਿੰਗ ਕੀਤੀ ਗਈ ਹੈ ਅਤੇ ਉਸ ਵਿੱਚ ਦੂਜੀ ਪਾਰਟੀ ਦਾ ਕੋਈ ਵਿਅਕਤੀ ਜ਼ਖਮੀ ਹੋਇਆ ਹੈ। ਡੀਸੀਪੀ ਨੇ ਦੱਸਿਆ ਕਿ ਫਿਲਹਾਲ ਪ੍ਰਿੰਕਲ ਦੀ ਹਾਲਤ ਠੀਕ ਹੈ ਅਤੇ ਉਸ ਨੂੰ ਅੱਗੇ ਇਲਾਜ ਲਈ ਭੇਜਿਆ ਜਾ ਰਿਹਾ ਹੈ, ਉਸ ਨੂੰ ਚਾਰ ਗੋਲੀਆਂ ਲੱਗੀਆਂ ਹਨ। ਉਹਨਾਂ ਦੱਸਿਆ ਕਿ ਬੈਨੀਪਾਲ ਸ਼ਖਸ ਦਾ ਨਾਂ ਗੋਲੀਬਾਰੀ ਦੇ ਵਿੱਚ ਸਾਹਮਣੇ ਆਇਆ ਹੈ, ਜਿਸ ਵਲੋਂ ਇਹ ਕਾਰਵਾਈ ਨੂੰ ਅੰਜਾਮ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਉਹ ਮੁਲਜ਼ਮ ਅਪਰਾਧਿਕ ਪ੍ਰਵਿਰਤੀ ਦਾ ਵਿਅਕਤੀ ਹੈ, ਜਿਸ 'ਤੇ ਪਹਿਲਾਂ ਵੀ ਮਾਮਲੇ ਦਰਜ ਹਨ।
ਲਵ ਮੈਰਿਜ ਨੂੰ ਲੈਕੇ ਵਿਵਾਦ
ਪੁਲਿਸ ਨੇ ਇਹ ਵੀ ਜਾਣਕਾਰੀ ਦਿੱਤੀ ਕਿ ਇਹ ਲਵ ਮੈਰਿਜ ਨੂੰ ਲੈ ਕੇ ਪਹਿਲਾਂ ਤੋਂ ਹੀ ਦੋਵਾਂ ਵਿਚਕਾਰ ਵਿਵਾਦ ਚੱਲ ਰਿਹਾ ਹੈ। ਪ੍ਰਿੰਕਲ ਨੇ ਆਪਣੇ ਸਹੁਰਿਆਂ ਦੇ ਖਿਲਾਫ ਜਾ ਕੇ ਲਵ ਮੈਰਿਜ ਕਰਵਾਈ ਸੀ ਅਤੇ ਬੈਨੀਪਾਲ ਵੀ ਉਸ ਲੜਕੀ ਨੂੰ ਪਸੰਦ ਕਰਦਾ ਸੀ ਜੋ ਕਿ ਪਰਿਵਾਰ ਦੇ ਬੇਹਦ ਕਰੀਬੀ ਹੈ। ਉਹਨਾਂ ਕਿਹਾ ਕਿ ਇਸ ਕਰਕੇ ਇਹਨਾਂ ਦੋਵਾਂ ਦੇ ਵਿਚਕਾਰ ਕਾਫੀ ਸਮੇਂ ਤੋਂ ਰੰਜਿਸ਼ ਚੱਲ ਰਹੀ ਸੀ ਅਤੇ ਅਜਿਹੇ ਰੰਜਿਸ਼ ਦੇ ਨਤੀਜੇ ਵਜੋਂ ਹੀ ਗੋਲੀਬਾਰੀ ਦੋਵਾਂ ਪਾਰਟੀਆਂ ਦੇ ਵਿਚਕਾਰ ਹੋਈ ਹੈ। ਉਹਨਾਂ ਕਿਹਾ ਕਿ ਪ੍ਰਿੰਕਲ ਦੇ ਬਿਆਨਾਂ ਦੇ ਅਧਾਰ 'ਤੇ ਮਾਮਲਾ ਦਰਜ ਕਰ ਲਿਆ ਹੈ ਅਤੇ ਪੁਲਿਸ ਅਗਲੀ ਕਾਰਵਾਈ ਕਰ ਰਹੀ ਹੈ।