ਹੈਦਰਾਬਾਦ ਡੈਸਕ: ਸ੍ਰੀ ਦਰਬਾਰ ਸਾਹਿਬ ਵਿਖੇ ਜਿਸ ਦਿਨ ਸੁਖਬੀਰ ਸਿੰਘ ਬਾਦਲ ਤੇ ਗੋਲੀ ਚੱਲੀ ਸੀ ਤਾਂ ਉਸ ਦਿਨ ਜਦੋਂ ਨਰਾਇਣ ਸਿੰਘ ਚੌੜਾ ਨੂੰ ਗ੍ਰਿਫਤਾਰ ਕੀਤਾ ਗਿਆ ਤਾਂ ਉਸ ਵੇਲੇ ਉਹਨਾਂ ਦੀ ਦਸਤਾਰ ਲੱਥ ਗਈ ਸੀ, ਜਿਸ ਕਾਰਨ ਵੱਡੇ ਪੱਧਰ ‘ਤੇ ਰੋਸ ਫੈਲਿਆ ਸੀ। ਹੁਣ ਆਖਿਰਕਾਰ ਨਰਾਇਣ ਸਿੰਘ ਚੌੜਾ ਦੀ ਪੱਗ ਉਤਾਰਨ ਵਾਲੇ ਮਸਲੇ ‘ਤੇ ਯੂਥ ਅਕਾਲੀ ਦਲ ਦੇ ਆਗੂ ਜਸਪ੍ਰੀਤ ਸਿੰਘ ਰਾਣਾ ਵਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਸਮੁੱਚੀ ਸਿੱਖ ਸੰਗਤ ਤੋਂ ਮੁਆਫ਼ੀ ਮੰਗ ਲਈ ਗਈ ਹੈ। ਉਹਨਾਂ ਆਪਣੇ ਮੁਆਫੀਨਾਮੇ ‘ਚ ਲਿਖਿਆ
“ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਾਜੇ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਸਨਮੁੱਖ ਦਾਸ ਦੀ ਸਨਿਮਰ ਬੇਨਤੀ ਹੈ ਕਿ ਮਿਤੀ 4 ਦਸੰਬਰ 2024 ਨੂੰ ਸ਼੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਦੀ ਘੰਟਾ ਘਰ ਵਾਲੀ ਦਰਸ਼ਨੀ ਡਿਊਢੀ ਦੇ ਬਾਹਰ ਪੰਜ ਸਿੰਘ ਸਾਹਿਬਾਨ ਦੁਆਰਾ ਲਗਾਈ ਤਨਖਾਹ ਮੁਤਾਬਕ ਸੇਵਾ ਨਿਭਾ ਰਹੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਉੱਪਰ ਗੋਲੀ ਚੱਲਣ ਦੀ ਘਟਨਾ ਦੌਰਾਨ ਹਫੜਾ ਦਫੜੀ ਵਾਲੇ ਮਾਹੌਲ ‘ਚ ਦਾਸ ਦਾ ਹੱਥ ਵੱਜਣ ਨਾਲ ਗੋਲੀ ਚਲਾਉਣ ਵਾਲੇ ਸ਼ਖਸ਼ ਦੀ ਦਸਤਾਰ ਉੱਤਰ ਗਈ ਸੀ। ਉਸ ਵੇਲੇ ਨਾਂ ਤਾਂ ਦਾਸ ਨੂੰ ਇਹ ਪਤਾ ਸੀ ਕਿ ਸਖਸ਼ ਕੌਣ ਹਨ ਅਤੇ ਨਾ ਹੀ ਮੇਰਾ ਕਿਸੇ ਦੀ ਦਸਤਾਰ ਉਤਾਰਨ ਦਾ ਇਰਾਦਾ ਸੀ। ਬਹੁਤ ਸਾਰੇ ਵੀਰਾਂ ਨੇ ਉਪਰੰਤ ਗੁੱਸਾ ਜ਼ਾਹਿਰ ਕੀਤਾ ਤੇ ਸੰਗਤ ਦੀਆਂ ਭਾਵਨਾਵਾਂ ਨੂੰ ਵੀ ਠੇਸ ਪੁੱਜੀ ਹੈ। ਦਾਸ ਹਮੇਸ਼ਾ ਦਸਤਾਰ ਨੂੰ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਬਖਸ਼ਿਸ਼ ਕੀਤਾ ਹੋਇਆ ਤਾਜ ਸਮਝਦਾ ਹੈ ਅਤੇ ਇਸੇ ਕਾਰਨ ਦਾਸ ਦਸਤਾਰਾਂ ਦੇ ਕੈਂਪ ਵੀ ਲਗਾਉਂਦਾ ਰਿਹਾ ਹੈ। ਦਾਸ ਕਦੇ ਵੀ ਇਹ ਨਹੀਂ ਸੋਚ ਸਕਦਾ ਕਿ ਕਿਸੇ ਦੀ ਦਸਤਾਰ ਦੀ ਬੇਅਦਬੀ ਕੀਤੀ ਜਾਵੇ। ਦਾਸ ਦਾ ਜਨਮ ਸਿੱਖ ਧਰਮ ਵਿੱਚ ਦ੍ਰਿੜ ਵਿਸ਼ਵਾਸ ਅਤੇ ਸ਼ਰਧਾ ਰੱਖਣ ਵਾਲਿਆਂ ਅੰਮ੍ਰਿਤਧਾਰੀ ਪਰਿਵਾਰ ਵਿੱਚ ਹੋਇਆ ਹੈ। ਜਿਸ ਲਈ ਮੈਂ ਗੁਰੂ ਸਾਹਿਬ ਅਤੇ ਗੁਰੂ ਰੂਪ ਸੰਗਤ ਅੱਗੇ ਨਿਮਾਣਾ ਹੋ ਕੇ ਖਿਮਾ ਜਾਚਨਾ ਕਰਦਾ ਹਾਂ"।
ਦਾਸ ਦੀ ਖਿਮਾ ਨੂੰ ਬਖਸ਼ ਲਿਆ ਜਾਵੇ
ਉਨ੍ਹਾਂ ਅੱਗੇ ਕਿਹਾ ਕਿ ਜਿਵੇਂ ਕਿ ਹਰੇਕ ਸਿੱਖ ਦੀ ਆਖਰੀ ਉਟ ਸ਼੍ਰੀ ਅਕਾਲ ਤਖਤ ਸਾਹਿਬ ਅੱਗੇ ਹੀ ਹੁੰਦੀ ਹੈ। ਦਾਸ ਵੀ ਸ਼੍ਰੀ ਅਕਾਲ ਤਖਤ ਸਾਹਿਬ ਅੱਗੇ ਅਦਬ ਸਹਿਤ ਸਿਰ ਝੁਕਾਉਂਦਾ ਹੋਇਆ ਸ਼੍ਰੀ ਅਕਾਲ ਤਖਤ ਸਾਹਿਬ ਅਤੇ ਸੰਗਤ ਤੋਂ ਨਿਮਰਤਾ ਸਹਿਤ ਖਿਮਾ ਜਾਚਨਾ ਕਰਦਾ ਹੈ। ਦਾਸ ਦੀ ਸ਼੍ਰੀ ਅਕਾਲ ਤਖਤ ਸਾਹਿਬ ਅੱਗੇ ਸੀਨੀਅਰ ਬੇਨਤੀ ਹੈ ਕਿ ਸੱਚੇ ਪਾਤਸ਼ਾਹ ਸਦ ਬਖਸ਼ਿੰਦ ਹਨ ਅਤੇ ਆਪਣੇ ਬਿਰਦ ਦੀ ਪੈਜ ਰੱਖਦਿਆਂ ਦਾਸ ਦੀ ਖਿਮਾ ਨੂੰ ਬਖਸ਼ ਲਿਆ ਜਾਵੇ, ਸ਼੍ਰੀ ਅਕਾਲ ਤਖਤ ਸਾਹਿਬ ਤੋਂ ਹੋਣ ਵਾਲੇ ਹਰ ਹੁਕਮ ਨੂੰ ਦਾਸ ਖਿੜੇ ਮੱਥੇ ਮੰਨੇਗਾ। ਹੁਣ ਵੇਖਣਾ ਹੋਵੇਗਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਇਸ ਮਾਮਲੇ 'ਤੇ ਕੀ ਫੈਸਲਾ ਆਵੇਗਾ?