ਚੰਡੀਗੜ੍ਹ: ਤਨਜ਼ਾਨੀਆ ਦਾ ਗੱਭਰੂ ਕਿਲੀ ਪੌਲ ਇੱਕ ਮਸ਼ਹੂਰ ਇੰਟਰਨੈੱਟ ਸ਼ਖਸੀਅਤ ਹੈ। ਸੋਸ਼ਲ ਮੀਡੀਆ 'ਤੇ ਉਨ੍ਹਾਂ ਦੀ ਮਜ਼ਬੂਤ ਫੈਨ ਫਾਲੋਇੰਗ ਹੈ। ਉਨ੍ਹਾਂ ਦੀਆਂ ਵੀਡੀਓਜ਼ ਅਕਸਰ ਇੰਟਰਨੈੱਟ 'ਤੇ ਹਲਚਲ ਮਚਾ ਦਿੰਦੀਆਂ ਹਨ। ਇੰਨਾ ਹੀ ਨਹੀਂ ਉਹ ਇੰਸਟਾਗ੍ਰਾਮ ਦਾ ਵੀ ਸਟਾਰ ਹੈ। ਇੰਸਟਾਗ੍ਰਾਮ 'ਤੇ ਉਸ ਦੇ 10.2 ਮਿਲੀਅਨ ਫਾਲੋਅਰਜ਼ ਹਨ।
ਹਾਲ ਹੀ 'ਚ ਕਿਲੀ ਪੌਲ ਨੇ ਇੱਕ ਵੀਡੀਓ ਸ਼ੇਅਰ ਕੀਤੀ ਹੈ, ਜਿਸ ਵਿੱਚ ਉਹ ਸਤਿੰਦਰ ਸਰਤਾਜ ਦੇ 'ਸੱਜਣ ਰਾਜ਼ੀ' ਨੂੰ ਗਾਉਂਦਾ ਨਜ਼ਰੀ ਪੈ ਰਿਹਾ ਹੈ। ਇਸ ਵੀਡੀਓ ਵਿੱਚ ਲੋਕ ਕਿਲੀ ਪੌਲ ਦੀ ਪੰਜਾਬੀ ਸੁਣ ਕੇ ਹੱਕੇ-ਬੱਕੇ ਰਹਿ ਗਏ ਹਨ।
ਜੀ ਹਾਂ, ਦਰਅਸਲ ਹਾਲ ਹੀ ਵਿੱਚ ਸੋਸ਼ਲ ਮੀਡੀਆ ਸਟਾਰ ਕਿਲੀ ਪਾਲ ਨੇ ਆਪਣੇ ਇੰਸਟਾਗ੍ਰਾਮ ਉਤੇ 'ਪੰਜਾਬ' ਕੈਪਸ਼ਨ ਨਾਲ ਇੱਕ ਵੀਡੀਓ ਸਾਂਝੀ ਕੀਤੀ ਹੈ, ਇਸ ਵੀਡੀਓ ਵਿੱਚ ਸਟਾਰ ਪੰਜਾਬੀ ਸੰਗੀਤ ਜਗਤ ਦੇ ਸਦਾ ਬਹਾਰ ਗਾਇਕ ਸਤਿੰਦਰ ਸਰਤਾਜ ਦੇ ਗੀਤ 'ਸੱਜਣ ਰਾਜ਼ੀ' ਗਾ ਰਿਹਾ ਹੈ, ਇਸ ਵਿੱਚ ਕਿਲੀ ਦੀ ਪੰਜਾਬੀ ਇੰਨੀ ਕੁ ਸਾਫ਼ ਲੱਗ ਰਹੀ ਹੈ ਕਿ ਕੋਈ ਵੀ ਦੇਖ ਇਹ ਨਹੀਂ ਕਹਿ ਸਕਦਾ ਕਿ ਕਿਲੀ ਪੰਜਾਬੀ ਨਹੀਂ ਜਾਣਦਾ ਹੈ।
ਵੀਡੀਓ ਦੇਖ ਕੀ ਬੋਲੇ ਯੂਜ਼ਰਸ
ਹੁਣ ਜਦੋਂ ਤੋਂ ਕਿਲੀ ਨੇ ਆਪਣੇ ਇੰਸਟਾਗ੍ਰਾਮ ਉਤੇ ਇਹ ਵੀਡੀਓ ਸਾਂਝੀ ਕੀਤੀ ਹੈ, ਇੰਸਟਾਗ੍ਰਾਮ ਯੂਜ਼ਰਸ ਇਸ ਵੀਡੀਓ ਉਤੇ ਤਰ੍ਹਾਂ-ਤਰ੍ਹਾਂ ਦੇ ਕਮੈਂਟ ਕਰ ਰਹੇ ਹਨ, ਇੱਕ ਯੂਜ਼ਰਸ ਨੇ ਲਿਖਿਆ, 'ਸਾਡੇ ਤੋਂ ਜਿਆਦਾ ਪੰਜਾਬੀ ਤਾਂ ਇਸ ਭਰਾ ਨੂੰ ਆਉਂਦੀ ਹੈ।' ਇੱਕ ਹੋਰ ਨੇ ਲਿਖਿਆ, 'ਪੰਜਾਬ ਤੋਂ ਪਿਆਰ।' ਇੱਕ ਹੋਰ ਨੇ ਲਿਖਿਆ, 'ਤੁਸੀਂ ਪੰਜਾਬੀ ਗੀਤ ਸਮਝਦੇ ਹੋ, ਵਾਹ।' ਇਸ ਤੋਂ ਇਲਾਵਾ ਹੋਰ ਬਹੁਤ ਸਾਰਿਆਂ ਨੇ ਇਸ ਵੀਡੀਓ ਉਤੇ ਲਾਲ ਦਿਲ ਦਾ ਇਮੋਜੀ ਵੀ ਸਾਂਝਾ ਕੀਤਾ ਹੈ।
ਕਿਲੀ ਪੌਲ ਬਾਰੇ ਜਾਣੋ
ਇਸ ਦੌਰਾਨ ਜੇਕਰ ਕਿਲੀ ਪੌਲ ਦੀ ਗੱਲ ਕਰੀਏ ਤਾਂ ਪੌਲ ਅਜਿਹੇ ਕੰਟੈਂਟ ਕ੍ਰਿਏਟਰ ਹਨ, ਜਿੰਨ੍ਹਾਂ ਦੀਆਂ ਵੀਡੀਓਜ਼ ਨੂੰ ਭਾਰਤ ਵਿੱਚ ਕਾਫੀ ਜਿਆਦਾ ਪਿਆਰ ਦਿੱਤਾ ਜਾਂਦਾ ਹੈ, ਕਿਲੀ ਪੌਲ ਆਏ ਦਿਨ ਭਾਰਤ ਦੀਆਂ ਵੱਖ-ਵੱਖ ਭਾਸ਼ਾਵਾਂ ਉਤੇ ਲਿਪ-ਸਿੰਕਿੰਗ ਨਾਲ ਵੀਡੀਓ ਬਣਾਉਂਦਾ ਅਤੇ ਸਾਂਝਾ ਕਰਦਾ ਰਹਿੰਦਾ ਹੈ, ਜਿਸ ਵਿੱਚ ਪੰਜਾਬੀ, ਹਿੰਦੀ, ਕੰਨੜ, ਤਾਮਿਲ, ਤੇਲਗੂ ਵਰਗੀਆਂ ਭਾਸ਼ਾਵਾਂ ਸ਼ਾਮਿਲ ਹਨ।
ਤੁਹਾਡੇ ਵਿੱਚੋਂ ਬਹੁਤ ਘੱਟ ਨੂੰ ਪਤਾ ਹੋਵੇਗਾ ਕਿ ਭਾਰਤ ਵਿੱਚ ਆਯੁਸ਼ਮਾਨ ਖੁਰਾਣਾ, ਵਾਮਿਕਾ ਗੱਬੀ, ਰਿਚਾ ਚੱਢਾ ਵਰਗੇ ਕਈ ਕਲਾਕਾਰ ਕਿਲੀ ਪੌਲ ਨੂੰ ਇੰਸਟਾਗ੍ਰਾਮ ਉਤੇ ਫਾਲੋ ਕਰਦੇ ਹਨ। ਸੋਸ਼ਲ ਮੀਡੀਆ ਉਤੇ ਪ੍ਰਸ਼ੰਸਕ ਕਿਲੀ ਪੌਲ ਦੁਆਰਾ ਰਿਵਾਇਤੀ ਪਹਿਰਾਵੇ ਪਹਿਨ ਕੇ ਰੀਲਾਂ ਬਣਾਉਣ ਦੀ ਯੂਜ਼ਰਸ ਕਾਫੀ ਤਾਰੀਫ਼ ਕਰਦੇ ਹਨ।
ਇਹ ਵੀ ਪੜ੍ਹੋ: