ਚੰਡੀਗੜ੍ਹ: ਲਹਿੰਦੇ ਪੰਜਾਬ ਤੋਂ ਬਾਅਦ ਬਾਲੀਵੁੱਡ ’ਚ ਆਪਣੀ ਅਦਾਕਾਰੀ ਅਤੇ ਗਾਇਕੀ ਕਲਾ ਦਾ ਲੋਹਾ ਬਾਖ਼ੂਬੀ ਮੰਨਵਾਉਣ ਵਿਚ ਸਫ਼ਲ ਰਹੇ ਅਲੀ ਜਫ਼ਰ ਹੁਣ ਵਿਦੇਸ਼ੀ ਵਿਹੜਿਆਂ ਨੂੰ ਵੀ ਸੂਫ਼ੀ ਗਾਇਕੀ ਦੇ ਖੂਬਸੂਰਤ ਰੰਗ ਦੇਣ ’ਚ ਮੋਹਰੀ ਭੂਮਿਕਾ ਨਿਭਾ ਰਹੇ ਹਨ, ਜਿਸ ਦੀ ਲੜ੍ਹੀ ਵਜੋਂ ਇਹ ਹੋਣਹਾਰ ਫ਼ਨਕਾਰ-ਅਦਾਕਾਰ ਆਸਟ੍ਰੇਲੀਆ ਵਿਖੇ ਜਲਦ ਹੀ ਕਈ ਵੱਡੇ ਕੰਨਸਰਟ ਦਾ ਹਿੱਸਾ ਬਣਨ ਜਾ ਰਿਹਾ ਹੈ।
ਐਨਕੇ ਇੰਟਰਟੇਨਮੈਂਟ ਦੇ ਬੈਨਰਜ਼ ਅਧੀਨ ਆਯੋਜਿਤ ਕੀਤੇ ਜਾ ਰਹੇ ਇੰਨ੍ਹਾਂ ਸੋਅਜ਼ ਦੀ ਸ਼ੁਰੂਆਤ 16 ਸਤੰਬਰ ਨੂੰ ਸਿਡਨੀ ਤੋਂ ਹੋਵੇਗੀ, ਜਿੱਥੇ ਹਿਲਸੋਗ ਕੋਨਵੈਂਸ਼ਨ ਸੈਂਟਰ ਵਿਖੇ ਸ਼ਾਮ 7 ਵਜੇ ਗ੍ਰੈਂਡ ਅਲੀ ਜ਼ਫਰ ਲਾਈਵ ਗਾਇਕੀ ਕੰਨਸਰਟ ਦਾ ਆਯੋਜਨ ਕੀਤਾ ਜਾ ਰਿਹਾ ਹੈ। ਲਹਿੰਦੇ ਪੰਜਾਬ ਨਾਲ ਸੰਬੰਧ ਰੱਖਦੇ ਇਸ ਬੇਮਿਸਾਲ ਗਾਇਕ-ਅਦਾਕਾਰ ਦੇੇ ਵਰਕਫਰੰਟ ਦੀ ਗੱਲ ਕੀਤੀ ਜਾਵੇ ਤਾਂ ਸੋਲੋ ਟਰੈਕ ਤੋਂ ਇਲਾਵਾ ਹਿੰਦੀ ਫਿਲਮਾਂ ਵਿਚ ਅਦਾਕਾਰ ਅਤੇ ਪਿੱਠਵਰਤੀ ਗਾਇਕ ਵਜੋਂ ਆਪਣੀ ਮੌਜੂਦਗੀ ਲਗਾਤਾਰ ਅਤੇ ਸ਼ਾਨਦਾਰ ਰੂਪ ਵਿਚ ਕਰਵਾ ਰਹੇ ਹਨ।
ਗਾਇਕ, ਗੀਤਕਾਰ, ਸੰਗੀਤਕਾਰ, ਅਦਾਕਾਰ, ਚਿੱਤਰਕਾਰ ਜਿਹੀ ਹਰ ਉਮਦਾ ਕਲਾ ਵਿਚ ਪ੍ਰਭਾਵੀ ਮੁਹਾਰਤ ਰੱਖਦੇ ਅਲੀ ਜ਼ਫਰ ਵੱਲੋਂ ਕੀਤੀ ਹਰ ਬਾਲੀਵੁੱਡ ਫਿਲਮ ਚਾਹੇ ਉਹ ‘ਤੇਰੇ ਬਿਨ ਲਾਦੇਨ’ ਹੋਵੇ, ‘ਲਵ ਕਾ ਦਾ ਐਂਡ’ ਜਾਂ ਫਿਰ ‘ਮੇਰੇ ਬ੍ਰਦਰ ਕੀ ਦੁਲਹਨ’, ‘ਲੰਦਨ-ਪੈਰਿਸ-ਨਿਊਯਾਰਕ’ ਹਰ ਇਕ ਉਨਾਂ ਦੀ ਬੇਹਤਰੀਨ ਅਦਾਕਾਰੀ ਦਾ ਵੱਧ ਚੜ੍ਹ ਕੇ ਪ੍ਰਗਟਾਵਾ ਕਰਵਾਉਣ ਵਿਚ ਸਫ਼ਲ ਰਹੀਆਂ ਹਨ।
- Gadar 2 Collection Day 17: 500 ਕਰੋੜ ਦੇ ਕਲੱਬ 'ਚ ਸ਼ਾਮਿਲ ਹੋਈ 'ਗਦਰ 2', ਪਠਾਨ ਦੀ ਲਾਈਫਟਾਈਮ ਕਮਾਈ ਨੂੰ ਮਾਤ ਦੇਣ ਲਈ ਤਿਆਰ
- Celebs Congratulate Neeraj Chopra: 'ਜੈਵਲਿਨ ਕਿੰਗ' ਨੀਰਜ ਚੋਪੜਾ ਦੀ ਸੁਨਹਿਰੀ ਜਿੱਤ, ਸੈਲੀਬ੍ਰਿਟੀਜ਼ ਨੇ ਦਿੱਤੀਆਂ ਦਿਲੋਂ ਵਧਾਈਆਂ
- Praveen Mehra: 'ਰੱਖੜੀ’ ਨੂੰ ਸਮਰਪਿਤ ਗੀਤ ਲੈ ਕੇ ਸਰੋਤਿਆਂ ਸਨਮੁੱਖ ਹੋਏ ਅਦਾਕਾਰ-ਸੰਗੀਤਕਾਰ ਪ੍ਰਵੀਨ ਮਹਿਰਾ
ਹਿੰਦੀ ਸਿਨੇਮਾ ਜਗਤ ਦੇ ‘ਜੀ ਸਿਨੇ ਐਵਾਰਡ’, ‘ਫ਼ਿਲਮਫ਼ੇਅਰ ਐਵਾਰਡ’, ‘ਸਟਾਰ ਸਕਰੀਨ ਐਵਾਰਡ’, ‘ਸਟਾਈਲ ਐਵਾਰਡ’, ‘ਇੰਟਨੈਸ਼ਨਲ ਇੰਡੀਅਨ ਫਿਲਮ ਅਕਾਦਮੀ ਐਵਾਰਡ’, ‘ਐਮ.ਟੀ.ਵੀ ਸਟਾਈਲ ਐਵਾਰਡ’ ਜਿਹੇ ਕਈ ਸਰਵੋਤਮ ਸਿਨੇਮਾ ਕੈਟਾਗਿਰੀਆਂ ਐਵਾਰਡਜ਼ ਆਪਣੀ ਝੋਲੀ ਪਾ ਚੁੱਕੇ ਇਹ ਬਾਕਮਾਲ ਐਕਟਰ ਚੁਣਿੰਦਾ ਪਰ ਕੁਆਲਿਟੀ ਵਰਕ ਕਰਨ ਨੂੰ ਹੀ ਤਰਜ਼ੀਹ ਦਿੰਦੇ ਆ ਰਹੇ ਹਨ, ਜਿਸ ਸੰਬੰਧੀ ਆਪਣੇ ਮਨ ਦੇ ਮਨੋਭਾਵ ਪ੍ਰਗਟ ਕਰਦਿਆਂ ਉਨਾਂ ਕਿਹਾ ਕਿ ਸਫ਼ਲਤਾ ਲਈ ਸ਼ਾਰਟਕੱਟ ਅਪਨਾਉਣਾ ਕਦੇ ਵੀ ਜੀਵਨ ਅਤੇ ਕਰੀਅਰ ਦਾ ਉਦੇਸ਼ ਨਹੀਂ ਰਿਹਾ ਹੈ ਅਤੇ ਇਹੀ ਸੋਚ ਦੇ ਮੱਦੇਨਜ਼ਰ ਹੁਣ ਤੱਕ ਆਪਣੀ ਹਰ ਕਰਮਭੂਮੀ ਚਾਹੇ ਉਹ ਲਹਿੰਦਾ ਪੰਜਾਬ ਹੋਵੇ ਜਾਂ ਫਿਰ ਬਾਲੀਵੁੱਡ, ਹਰ ਜਗ੍ਹਾ ਗੁਣਵੱਤਾ ਪੱਖੋਂ ਉੱਤਮ ਕੰਮ ਕਰਨ ਨੂੰ ਤਰਜ਼ੀਹ ਦਿੱਤੀ ਹੈ ਅਤੇ ਅੱਗੇ ਵੀ ਇਹੀ ਮਾਪਦੰਢ ਕਰੀਅਰ ਦੀ ਵਿਸ਼ੇਸ਼ ਪਹਿਲਕਦਮੀ ਰਹੇਗੀ।
ਉਕਤ ਲਾਈਵ ਸੋਅਜ਼ ਸੰਬੰਧੀ ਗੱਲ ਕਰਦਿਆਂ ਉਨਾਂ ਕਿਹਾ ਕਿ ਹਾਸਿਲ ਕੀਤੇ ਇਸ ਮਾਣਮੱਤੇ ਮੁਕਾਮ ਦੀ ਕਾਮਯਾਬੀ ਵਿਚ ਜੇਕਰ ਕਿਸੇ ਦਾ ਸਭ ਤੋਂ ਜਿਆਦਾ ਸਹਿਯੋਗ ਰਿਹਾ ਹੈ ਤਾਂ ਉਹ ਹਨ ਮੇਰੇ ਚਾਹੁੰਣ ਵਾਲੇ, ਜਿੰਨ੍ਹਾਂ ਦੀ ਸਟੇਜ਼ ਸੋਅਜ਼ ਦੇ ਮਾਧਿਅਮ ਨਾਲ ਸਾਹਮਣੇ ਤੋਂ ਮਿਲਣ ਵਾਲੀ ਹੌਂਸਲਾ ਅਫ਼ਜਾਈ ਨੇ ਹੀ ਹਮੇਸ਼ਾ ਮੇਰੇ ਅੱਗੇ ਵਧਣ ਵਿਚ ਅਹਿਮ ਭੂਮਿਕਾ ਨਿਭਾਈ ਹੈ।
ਉਨਾਂ ਕਿਹਾ ਕਿ ਫਿਲਮਾਂ ਨਾਲੋਂ ਲਾਈਵ ਕੰਨਸਰਟ ਮੇਰੇ ਲਈ ਹਮੇਸ਼ਾ ਤੋਂ ਹੀ ਪਹਿਲੀ ਪਸੰਦ ਰਹੇ ਹਨ ਅਤੇ ਇਹੀ ਕਾਰਨ ਹੈ ਕਿ ਦੇਸ਼ ਦੇ ਨਾਲ ਨਾਲ ਵਿਦੇਸ਼ਾਂ ਵਿਚ ਵੀ ਆਪਣੇ ਚਾਹੁੰਣ ਵਾਲਿਆਂ ਦੇ ਸਨਮੁੱਖ ਹੋਣਾ ਲਗਾਤਾਰ ਆਪਣਾ ਅਹਿਮ ਫ਼ਰਜ਼ ਸਮਝਦਾ ਹਾਂ। ਉਨਾਂ ਕਿਹਾ ਕਿ ਆਸਟ੍ਰੇਲੀਆ ਵਿਖੇ ਹੋਣ ਜਾ ਰਹੇ ਇਹ ਕੰਨਸਰਟਜ਼ ਨੂੰ ਲੈ ਕੇ ਦਰਸ਼ਕਾਂ ਵਿਚ ਕਾਫ਼ੀ ਉਤਸ਼ਾਹ ਪਾਇਆ ਜਾ ਰਿਹਾ ਹੈ ਅਤੇ ਉਮੀਦ ਕਰਦਾ ਹਾਂ ਕਿ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਉਨਾਂ ਦਾ ਭਰਪੂਰ ਪਿਆਰ ਅਤੇ ਸਨੇਹ ਹਾਸਿਲ ਹੋਵੇਗਾ।