ਚੰਡੀਗੜ੍ਹ: ਪੰਜਾਬੀ ਸਿਨੇਮਾ ਦੇ ਦਿੱਗਜ ਅਦਾਕਾਰ ਸ਼ਵਿੰਦਰ ਮਾਹਲ ਦੀ ਧਰਮ ਪਤਨੀ ਸ੍ਰੀਮਤੀ ਪ੍ਰਕਾਸ਼ ਕੌਰ ਦਾ ਅੱਜ ਤੜ੍ਹਕਸਾਰ ਉਨ੍ਹਾਂ ਦੇ ਗ੍ਰਹਿਨਗਰ ਵਿਖੇ ਅਚਾਨਕ ਦੇਹਾਂਤ ਹੋ ਗਿਆ, ਜਿੰਨ੍ਹਾਂ ਦਾ ਅੰਤਿਮ ਸੰਸਕਾਰ ਪਿੰਡ ਬੰਦੇ ਮਾਹਲ ਨੇੜ੍ਹੇ ਰੋਪੜ੍ਹ, ਚਮਕੌਰ ਸਾਹਿਬ ਰੋਡ ਵਿਖੇ ਕੀਤਾ ਜਾਵੇਗਾ।
ਇਸ ਦੁੱਖ ਦੀ ਘੜ੍ਹੀ ਵਿਚ ਪਾਲੀਵੁੱਡ ਦੇ ਬਹੁਤ ਸਾਰੇ ਕਲਾਕਾਰਾਂ ਨੇ ਅਦਾਕਾਰ ਮਾਹਲ ਅਤੇ ਉਨ੍ਹਾਂ ਦੇ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ, ਜਿੰਨ੍ਹਾਂ ਵਿਚ ਗਿੱਪੀ ਗਰੇਵਾਲ, ਗੁੱਗੂ ਗਿੱਲ, ਯੋਗਰਾਜ ਸਿੰਘ, ਜਸਵਿੰਦਰ ਭੱਲਾ, ਮਨੀ ਬੋਪਾਰਾਏ, ਟਾਈਗਰ ਸਿੰਘ, ਦਰਸ਼ਨ ਔਲਖ, ਤੀਰਥ ਗਿੱਲ, ਸਿਮਰਜੀਤ ਸਿੰਘ ਹੁੰਦਲ, ਜੈਵੀ ਢਾਂਡਾ, ਨਿਰਮਲ ਸਿੱਧੂ, ਨੀਨਾ ਸਿੱਧੂ, ਦਲਜੀਤ ਅਰੋੜਾ ਸੰਪਾਦਕ ‘ਪੰਜਾਬੀ ਸਕਰੀਨ’, ਰਿੰਪੀ ਕਿੰਨੜ੍ਹਾ ਸੰਪਾਦਕ ‘ਸੰਗੀਤ ਦਰਪਣ’, ਸੰਦੀਪ ਪਤੀਲਾ, ਹਰਪਾਲ ਸਿੰਘ, ਹਰਪਵਨਵੀਰ ਸਿੰਘ ਕੈਲਗਰੀ, ਰਾਣਾ ਰਣਬੀਰ, ਅਜ਼ੀ ਨਿਰਦੇਸ਼ਕ ਮਨਮੋਹਨ ਸਿੰਘ ਤੋਂ ਇਲਾਵਾ ਰਤਨ ਔਲਖ ਸੀ.ਈ.ਓ ਦਾਰਾ ਸਟੂਡਿਓ ਮੋਹਾਲੀ, ਗੀਤਾ ਜ਼ੈਲਦਾਰ, ਯੁਵਰਾਜ ਹੰਸ, ਨਵਰਾਜ ਹੰਸ, ਮਨੂੰ ਗਿੱਲ, ਮਹਾਵੀਰ ਭੁੱਲਰ, ਜਾਸਿੱਕਾ ਗਿੱਲ, ਪਿੰਕੀ ਸੱਗੂ, ਰਮਨ ਗਿੱਲ, ਅਨੀਤਾ ਸਬਦੀਸ਼ , ਆਦਿ ਜਿਹੀਆਂ ਹਸਤੀਆਂ ਸ਼ਾਮਿਲ ਰਹੀਆਂ। ਜਿੰਨ੍ਹਾਂ ਵੱਲੋਂ ਸੰਵੇਦਨਾ ਦਾ ਇਜ਼ਹਾਰ ਕੀਤਾ ਗਿਆ।
ਪਾਲੀਵੁੱਡ ਵਿਚ ਲੰਮਾ ਅਭਿਨੈ ਸਫ਼ਰ ਤੈਅ ਕਰ ਚੁੱਕੇ ਸ਼ਵਿੰਦਰ ਮਾਹਲ ਦੀ ਹੁਣ ਤੱਕ ਦੀ ਸਫ਼ਲਤਾ ਵਿਚ ਉਨ੍ਹਾਂ ਦੀ ਧਰਮ ਪਤਨੀ ਦਾ ਅਹਿਮ ਯੋਗਦਾਨ ਰਿਹਾ ਹੈ, ਜਿਸ ਸੰਬੰਧੀ ਕਈ ਵਾਰ ਆਪਣੇ ਮਨ ਦੇ ਵਲਵਲ੍ਹੇ ਸਾਂਝੇ ਕਰਦਿਆਂ ਅਦਾਕਾਰ ਮਾਹਲ ਨੇ ਦੱਸਿਆ ਕਿ ਹੈ ਕਿ ਉਤਰਾਅ ਚੜ੍ਹਾਅ ਭਰੇ ਰਹੇ ਉਨ੍ਹਾਂ ਦੇ ਅਦਾਕਾਰੀ ਪੈਂਡੇ ਵਿਚ ਬਹੁਤ ਸਾਰੀਆਂ ਦੁਸ਼ਵਾਰੀਆਂ ਵੀ ਉਨ੍ਹਾਂ ਸਾਹਮਣੇ ਆਈਆਂ, ਪਰ ਪਰਿਵਾਰ ਖਾਸ ਕਰ ਉਨ੍ਹਾਂ ਦੀ ਪਤਨੀ ਹੀ ਹਮੇਸ਼ਾ ਉਨ੍ਹਾਂ ਦੇ ਲਈ ਹਮੇਸ਼ਾ ਚੱਟਾਨ ਵਾਂਗ ਖੜ੍ਹੀ ਰਹੀ ਅਤੇ ਮਾੜ੍ਹੇ ਹਾਲਾਤਾਂ ਵਿਚ ਉਨ੍ਹਾਂ ਨੂੰ ਕਦੇ ਡੋਲਣ ਨਹੀਂ ਦਿੱਤਾ ਅਤੇ ਇਹੀ ਪਰਿਵਾਰਿਕ ਤੰਦਾਂ ਅਤੇ ਮਜ਼ਬੂਤ ਰਿਸ਼ਤਿਆਂ ਦੇ ਚਲਦਿਆਂ ਉਹ ਆਪਣਾ ਮੌਜੂਦਾ ਕਾਮਯਾਬੀ ਭਰਿਆ ਮੁਕਾਮ ਹਾਸਿਲ ਕਰ ਪਾਏ ਹਨ।
ਓਧਰ ਇਸ ਦੁਖਦ ਸਮੇਂ ਵਿੱਚ ਪਰਿਵਾਰ ਪ੍ਰਤੀ ਭਾਵਨਾਵਾਂ ਦਾ ਪ੍ਰਗਟਾਵਾ ਕਰਦਿਆਂ ਸੀਨੀਅਰ ਪੰਜਾਬੀ ਸਿਨੇਮਾ ਅਦਾਕਾਰ ਅਤੇ ਮਾਹਲ ਦੇ ਕਰੀਬੀ ਸਾਥੀ ਮਲਕੀਤ ਰੌਣੀ ਨੇ ਕਿਹਾ ਕਿ ਉਨ੍ਹਾਂ ਦੀ ਭੈਣ ਵਾਂਗ ਹੀ ਹਮੇਸ਼ਾ ਸਨੇਹ ਰੱਖਦੇ ਰਹੇ ਹਨ, ਸ੍ਰੀਮਤੀ ਪ੍ਰਕਾਸ਼ ਕੌਰ, ਜੋ ਨਾ ਕੇਵਲ ਉਨ੍ਹਾਂ ਸਗੋਂ ਪੰਜਾਬੀ ਸਿਨੇਮਾ ਨਾਲ ਜੁੜ੍ਹੇ ਹਰ ਕਲਾਕਾਰ ਦੀ ਹਮੇਸ਼ਾ ਤਰੱਕੀ ਕਾਮਨਾ ਅਤੇ ਹੌਂਸਲਾ ਅਫ਼ਜਾਈ ਕਰਿਆ ਕਰਦੇ ਸਨ। ਇਸ ਤੋਂ ਇਲਾਵਾ ਉਨ੍ਹਾਂ ਦੀ ਸਮਾਜ ਪ੍ਰਤੀ ਘਾਲਣਾ ਨੂੰ ਵੀ ਕਦੇ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕੇਗਾ, ਜੋ ਹਰ ਜ਼ਰੂਰਤਮੰਦ ਲਈ ਮਦਦ ਲਈ ਹਮੇਸ਼ਾ ਤਤਪਰ ਰਹਿੰਦੇ ਸਨ।