ਫ਼ਰੀਦਕੋਟ: ਪੰਜਾਬੀ ਸਿਨੇਮਾਂ ਦੇ ਬਹੁਚਰਚਿਤ ਸੀਕਵਲ ਵਜੋਂ ਸਾਹਮਣੇ ਆਉਣ ਜਾ ਰਹੀ ‘ਬਲੈਕੀਆਂ 2’ ਦੀ ਸਟਾਰਕਾਸਟ ਵਿਚ ਅਦਾਕਾਰ ਰਾਜ ਸਿੰਘ ਝਿੰਜਰ ਵੀ ਜੁੜ ਗਏ ਹਨ। ਜੋ ਰਾਜਸਥਾਨ ਸ਼ੂਟ ਹੋ ਰਹੀ ਇਸ ਫ਼ਿਲਮ ਵਿਚ ਮਹੱਤਵਪੂਰਨ ਭੂਮਿਕਾ ਵਿਚ ਨਜ਼ਰ ਆਉਣਗੇ। ਨਿਰਦੇਸ਼ਕ ਨਵਨੀਅਤ ਸਿੰਘ ਵੱਲੋਂ ਨਿਰਦੇਸ਼ਿਤ ਕੀਤੀ ਜਾ ਰਹੀ ਅਤੇ ਪੰਜਾਬੀ ਸਿਨੇਮਾਂ ਦੇ ਬਾਕਮਾਲ ਲੇਖਕਾਂ ਵਿਚ ਆਪਣਾ ਸ਼ੁਮਾਰ ਕਰਵਾਉਂਦੇ ਇੰਦਰਪਾਲ ਸਿੰਘ ਵੱਲੋਂ ਲਿਖੀ ਇਸ ਫ਼ਿਲਮ ਵਿਚ ਦੇਵ ਖਰੋੜ ਇਕ ਵਾਰ ਫ਼ਿਰ ਲੀਡ ਭੂਮਿਕਾ ਅਦਾ ਕਰ ਰਹੇ ਹਨ। ਜਿੰਨ੍ਹਾਂ ਵੱਲੋਂ ਪਹਿਲਾ ‘ਬਲੈਕੀਆਂ’ ਵਿਚ ਵੀ ਆਪਣਾ ਕਿਰਦਾਰ ਬਹੁਤ ਹੀ ਸ਼ਾਨਦਾਰ ਢੰਗ ਨਾਲ ਨਿਭਾਇਆ ਗਿਆ ਸੀ।
ਵਿਵੇਕ ਔਹਰੀ ਫ਼ਿਲਮ ਪ੍ਰੋਡੋਕਸ਼ਨ ਵੱਲੋਂ ਨਿਰਮਿਤ ਕੀਤੀ ਜਾ ਰਹੀ ਇਸ ਫ਼ਿਲਮ ਦੀ ਸ਼ੂਟਿੰਗ ਇੰਨ੍ਹੀ ਦਿਨ੍ਹੀ ਰਾਜਸਥਾਨ ਦੇ ਸੂਰਤਗੜ੍ਹ ਆਦਿ ਹਿੱਸਿਆ ਵਿਚ ਤੇਜ਼ੀ ਨਾਲ ਮੁਕੰਮਲ ਕੀਤੀ ਜਾ ਰਹੀ ਹੈ। ਜਿਸ ਵਿਚ ਪੰਜਾਬੀ ਸਿਨੇਮਾਂ ਦੇ ਲੱਕੀ ਧਾਲੀਵਾਲ ਵਰਗੇ ਕਈ ਨਾਮਵਰ ਅਦਾਕਾਰ ਅਤੇ ਉਚਕੋਟੀ ਤਕਨੀਸ਼ਨ ਭਾਗ ਲੈ ਰਹੇ ਹਨ।
ਅਦਾਕਾਰ ਰਾਜ ਸਿੰਘ ਝਿੰਜ਼ਰ ਦਾ ਫ਼ਿਲਮੀ ਕਰੀਅਰ: ਮਿਆਰੀ ਅਤੇ ਚੁਣਿੰਦਾ ਫ਼ਿਲਮਾਂ ਕਰਨਾ ਪਸੰਦ ਕਰਦੇ ਆ ਰਹੇ ਅਦਾਕਾਰ ਰਾਜ ਸਿੰਘ ਝਿੰਜ਼ਰ ਦੇ ਫ਼ਿਲਮ ਕਰਿਅਰ ਵੱਲ ਝਾਤ ਮਾਰੀ ਜਾਵੇ ਤਾਂ ਉਨ੍ਹਾਂ ਦੀਆਂ ਸ਼ੁਰੂਆਤੀ ਫ਼ਿਲਮਾਂ ਵਿਚ ਸਿਕੰਦਰ ਸ਼ਾਮਿਲ ਰਹੀ ਹੈ। ਜਿਸ ਵਿਚ ਬਹੁਤ ਹੀ ਪ੍ਰਭਾਵਸ਼ਾਲੀ ਕਿਰਦਾਰ ਨਿਭਾਉਣ ਤੋਂ ਬਾਅਦ ਇਸ ਅਦਾਕਾਰ ਨੂੰ ਫ਼ਿਰ ਪਿੱਛੇ ਮੁੜ੍ਹ ਕੇ ਨਹੀਂ ਵੇਖਣਾ ਪਿਆ। ਉਨ੍ਹਾਂ ਦੀਆਂ ਹਾਲੀਆਂ ਫ਼ਿਲਮਾਂ ਵਿਚ ‘ਟੈਟਾਨਿਕ’, ‘ਨਾਬਰ’ , ‘ਡਾਕੂਆ ਦਾ ਮੁੰਡਾ’, ‘ਹਰਜੀਤਾ’, ‘ਦਿਲ ਵਿਲ ਪਿਆਰ ਵਿਆਰ’, ‘ਰਿਟਰਨ ਆਫ਼ ਹਨੂਮਾਨ’, ‘ਭੁਲੇਖ਼ਾ’, ‘ਹਾਰਡ ਕੌਰ’, ‘ਡਾਕੂਆ ਦਾ ਮੁੰਡਾ 2’, ‘ਬੱਬਰ’ ਸ਼ਾਮਿਲ ਰਹੀਆਂ ਹਨ। ਜਦ ਕਿ ਉਨ੍ਹਾਂ ਦੀ ਰਿਲੀਜ਼ ਹੋਣ ਵਾਲੀ ਫ਼ਿਲਮ ‘ਬੱਲੇ ਉਏ ਚਾਲਾਕ ਸੱਜਣਾ’ ਵੀ ਪ੍ਰਮੁੱਖ ਹੈ। ਜਿਸ ਵਿਚ ਰਾਜ ਇੱਕ ਬਿਲੁਕਲ ਦੇਸੀ ਅਤੇ ਪਰਿਵਾਰਿਕ ਕਿਰਦਾਰ ਨਿਭਾਉਂਦੇ ਨਜ਼ਰ ਆਉਣਗੇ।
ਪੰਜਾਬ ਦੇ ਮਾਲਵਾ ਅਧੀਨ ਆਉਂਦੇ ਜ਼ਿਲ੍ਹਾ ਬਰਨਾਲਾ ਦੇ ਪਿੰਡ ਨੈਣੇਵਾਲਾ ਨਾਲ ਸਬੰਧਤ ਰਾਜ ਦੱਸਦੇ ਹਨ ਕਿ ਉਹ ਦੋ ਪੈਰ ਘੱਟ ਤੁਰਨਾ, ਪਰ ਤੁਰਨਾ ਮੜ੍ਹਕ ਦੇ ਨਾਲ ਵਾਲੀ ਸੋਚ ਅਪਨਾਉਂਦਿਆਂ ਇਸ ਸਿਨੇਮਾਂ ਖਿੱਤੇ ਵਿਚ ਅੱਗੇ ਵਧ ਰਹੇ ਹਨ ਅਤੇ ਉਨ੍ਹਾਂ ਦੀ ਸੋਚ ਹਮੇਸ਼ਾ ਗਿਣਤੀ ਨਾਲੋ ਮਿਆਰੀ ਪ੍ਰੋਜੈਕਟ ਕਰਨ ਦੀ ਹਮੇਸ਼ਾ ਰਹਿੰਦੀ ਹੈ ਅਤੇ ਆਉਣ ਵਾਲੇ ਸਮੇਂ ਵੀ ਉਨ੍ਹਾਂ ਵੱਲੋਂ ਇਹੀ ਮਾਪਦੰਢ ਅਪਨਾਉਣ ਦਾ ਸਿਲਸਿਲਾ ਜਾਰੀ ਰਹੇਗਾ। ਉਨ੍ਹਾਂ ਦੱਸਿਆ ਕਿ ‘ਬਲੈਕੀਆਂ 2’ ਵੀ ਉਨ੍ਹਾਂ ਦੇ ਕਰਿਅਰ ਲਈ ਇਕ ਹੋਰ ਮੀਲ ਪੱਥਰ ਵਾਂਗ ਸਾਬਿਤ ਹੋਵੇਗੀ। ਜਿਸ ਵਿਚ ਉਨ੍ਹਾਂ ਨੂੰ ਬਹੁਤ ਹੀ ਪ੍ਰਭਾਵੀ ਕਿਰਦਾਰ ਨਿਭਾਉਣ ਦਾ ਅਵਸਰ ਮਿਲਿਆ ਹੈ। ਉਨ੍ਹਾਂ ਕਿਹਾ ਕਿ ਦੇਵ ਖਰੋੜ ਜਿਹੇ ਸ਼ਾਨਦਾਰ ਐਕਟਰ ਅਤੇ ਇੰਦਰਪਾਲ ਸਿੰਘ ਜਿਹੇ ਉਮਦਾ ਲੇਖ਼ਕ ਨਾਲ ਕੰਮ ਕਰਨਾ ਉਨ੍ਹਾਂ ਦੇ ਕਰਿਅਰ ਲਈ ਇਕ ਹੋਰ ਮਾਣ ਭਰੀ ਪ੍ਰਾਪਤੀ ਵਾਂਗ ਹੈ।
ਇਹ ਵੀ ਪੜ੍ਹੋ:- Bollywood film: ਅਦਾਕਾਰ ਬੌਬੀ ਬੇਦੀ ਨੂੰ ਮਿਲੀ ਇਕ ਹੋਰ ਵੱਡੀ ਬਾਲੀਵੁੱਡ ਫ਼ਿਲਮ, ਕੁੱਲੂ-ਮਨਾਲੀ ਦੀਆਂ ਖ਼ੂਬਸੂਰਤ ਵਾਦੀਆਂ 'ਚ ਕੀਤੀ ਜਾ ਰਹੀ ਸ਼ੂਟਿੰਗ