ਚੰਡੀਗੜ੍ਹ: ਹਿੰਦੀ ਅਤੇ ਪੰਜਾਬੀ ਸਿਨੇਮਾ ਲਈ ਬਣੀਆਂ ਕਈ ਚਰਚਿਤ ਅਤੇ ਕਾਮਯਾਬ ਫ਼ਿਲਮਾਂ ਦਾ ਹਿੱਸਾ ਰਹੇ ਬੇਹਤਰੀਨ ਐਕਟਰ ਹਰਜੀਤ ਵਾਲੀਆਂ ਲੰਮੇਂ ਵਕਫ਼ੇ ਬਾਅਦ ਇੰਨ੍ਹੀਂ ਦਿਨ੍ਹੀਂ ਪਾਲੀਵੁੱਡ ਵਿਚ ਫ਼ਿਰ ਕਾਫ਼ੀ ਸਰਗਰਮ ਨਜ਼ਰ ਆ ਰਹੇ ਹਨ, ਜੋ ਰਿਲੀਜ਼ ਹੋਣ ਵਾਲੀਆਂ ਕਈ ਵੱਡੀਆਂ ਪੰਜਾਬੀ ਫ਼ਿਲਮਾਂ ਵਿਚ ਮਹੱਤਵਪੂਰਨ ਕਿਰਦਾਰ ਵਿਚ ਨਜ਼ਰ ਆਉਣਗੇ।
ਮੂਲ ਰੂਪ ਵਿਚ ਸ੍ਰੀ ਅੰਮ੍ਰਿਤਸਰ ਸਾਹਿਬ ਨਾਲ ਸੰਬੰਧ ਰੱਖਦੇ ਹਰਜੀਤ ਵਾਲੀਆਂ ਨੇ ਥੀਏਟਰ, ਸਿਨੇਮਾ ਅਤੇ ਟੈਲੀਵਿਜ਼ਨ ਦੀ ਐਮ.ਏ ਕਰ ਚੁੱਕੇ ਹਨ, ਜਿੰਨ੍ਹਾਂ ਜਲੰਧਰ ਦੇ ਦੁਆਬਾ ਕਾਲਜ ਤੋਂ ਆਪਣੀ ਗ੍ਰੈਜੂਏਸ਼ਨ ਪੂਰੀ ਕੀਤੀ, ਜਦਕਿ ਉਨ੍ਹਾਂ ਦਾ ਸ਼ੁਰੂਆਤੀ ਸਕੂਲ ਗੌਰਮਿੰਟ ਸੀਨੀਅਰ ਸੈਕੰਡਰੀ ਲੋਹੀਆਂ ਖਾਸ ਰਿਹਾ।
ਮਾਇਆਨਗਰੀ ਮੁੰਬਈ ਵਿਖੇ ਕਾਫ਼ੀ ਸੰਘਰਸ਼ੀ ਪੜਾਵਾਂ ਵਿਚੋਂ ਗੁਜ਼ਰਨ ਬਾਅਦ ਉਨ੍ਹਾਂ ਬਾਲੀਵੁੱਡ ਦੀਆਂ ਬਹੁਤ ਸਾਰੀਆਂ ਬਹੁਤ ਕਾਮਯਾਬ ਅਤੇ ਮਲਟੀਸਟਾਰਰ ਫ਼ਿਲਮਾਂ ਕਰਨ ਦਾ ਮਾਣ ਆਪਣੀ ਝੋਲੀ ਪਾਇਆ ਹੈ, ਜਿੰਨ੍ਹਾਂ ਵਿਚ ਮੰਝੇ ਹੋਏ ਲੇਖਕ-ਨਿਰਦੇਸ਼ਕ -ਗੀਤਕਾਰ ਸਾਵਨ ਕੁਮਾਰ ਟਾਕ ਦੀ ਸੁਪਰ ਡੁਪਰ ਹਿੱਟ ਅਤੇ ਰਾਜੇਸ਼ ਖੰਨਾ, ਪਦਮਨੀ ਕੋਹਲਾਪੁਰੀ ਨਾਲ ਫ਼ਿਲਮ ‘ਸੌਤਨ’, ਸੰਨੀ ਦਿਓਲ-ਅਨਿਲ ਕਪੂਰ ਸਟਾਰ ਜੋਸ਼ੀਲੇ, ਰਾਜ ਕੁਮਾਰ ਸੰਤੋਸ਼ੀ ਦੀ ਬੌਬੀ ਦਿਓਲ-ਟਿਵੰਕਲ ਖੰਨਾ, ਰਾਜ ਬੱਬਰ ਨਾਲ ਬਰਸਾਤ, ਰਾਜਾ, ਬੇਟਾ, ਗੁਲਾਮ, ਮੇਰੀ ਬੀਵੀ ਕਾ ਜਵਾਬ ਨਹੀਂ , ਫ਼ਰੇਬ, ਵਰਦੀ, ਸੱਚ, ਦੀਵਾਨਾਪਣ, ਕਸਮ, ਕੰਚਹੇਰੀ, ਮੇਰਾ ਪੰਜਾਬ, ਵਾਅਦੇ ਇਰਾਦੇ ਆਦਿ ਫ਼ਿਲਮਾਂ ਵੀ ਸ਼ਾਮਿਲ ਰਹੀਆਂ ਹਨ।
ਇਸ ਤੋਂ ਇਲਾਵਾ ਮੇਘਾ ਟੀ.ਵੀ ਚੰਦਰਕਾਂਤਾ ਵਿਚ ਵੀ ਇਰਫ਼ਾਨ ਖ਼ਾਨ, ਪੰਕਜ ਧੀਰ ਜਿਹੇ ਨਾਮੀ ਗਿਰਾਮੀ ਸਿਤਾਰਿਆਂ ਨਾਲ ਉਨ੍ਹਾਂ ਪ੍ਰਭਾਵਸ਼ਾਲੀ ਕਿਰਦਾਰ ਅਦਾ ਕਰਨ ਦਾ ਮਾਣ ਆਪਣੀ ਝੋਲੀ ਪਾਇਆ। ਹਿੰਦੀ, ਪੰਜਾਬੀ ਸਿਨੇਮਾ ਇੰਡਸਟਰੀ ਦੇ ਲੰਮੇ ਅੰਤਰਾਲ ਬਾਅਦ ਉਨ੍ਹਾਂ ਦੀਆਂ ਹਾਲੀਆਂ ਦਿਨ੍ਹਾਂ ਵਿਚ ਮੁਕੰਮਲ ਕੀਤੀਆਂ ਪੰਜਾਬੀ ਫ਼ਿਲਮਾਂ ਵਿਚ ਡੀ.ਜੇ ਵਾਲੇ ਬਾਬੂ, ਦੇਵੀ ਸ਼ਰਮਾ ਦੀ ‘ਹਸਰਤ’, ਜਸਪ੍ਰੀਤ ਮਾਨ ਦੀ ‘ਬੇਬੇ ਤੇਰਾ ਪੁੱਤ ਲਾਡਲਾ’ ਆਦਿ ਪ੍ਰਮੁੱਖ ਰਹੀਆਂ ਹਨ, ਜਿੰਨ੍ਹਾਂ ਵਿਚ ਉਹ ਕਾਫ਼ੀ ਪ੍ਰਭਾਵੀ ਕਿਰਦਾਰ ਪਲੇ ਕਰਦੇ ਦਿਖਾਈ ਦੇਣਗੇ।
ਮੁੰਬਈ ਸਿਨੇਮਾ ਇੰਡਸਟਰੀ ਵਿਚ ਪੰਜਾਬ ਅਤੇ ਪੰਜਾਬੀਅਤ ਰਸਮਾਂ ਰਿਵਾਜ਼ਾਂ ਅਤੇ ਕਦਰਾਂ ਕੀਮਤਾਂ ਦੀ ਧਾਂਕ ਜਮਾਉਣ ਲਈ ਲਗਾਤਾਰ ਯਤਨਸ਼ੀਲ ਰਹੇ ਇਹ ਪ੍ਰਤਿਭਾਵਾਨ ਐਕਟਰ ਦਿਓਲ ਪਰਿਵਾਰ ਖਾਸ ਕਰ ਧਰਮਿੰਦਰ ਜੀ ਦੇ ਵੀ ਕਾਫ਼ੀ ਕਰੀਬੀਆਂ ਵਿਚੋਂ ਮੰਨੇ ਜਾਂਦੇ ਹਨ ਅਤੇ ਇਹੀ ਕਾਰਨ ਹੈ ਕਿ ਉਹ ਸਮੇਂ ਸਮੇਂ ਇਸ ਫੈਮਿਲੀ ਪ੍ਰਤੀ ਆਪਣੇ ਸਨੇਹ ਅਤੇ ਪਿਆਰ ਦਾ ਪ੍ਰਗਟਾਵਾ ਵੀ ਲਗਾਤਾਰ ਕਰਦੇ ਨਜ਼ਰੀ ਪੈਂਦੇ ਹਨ।
ਸਿਨੇਮਾ ਦੀ ਦੁਨੀਆਂ ਤੋਂ ਵੱਟੇ ਲੰਮੇਰ੍ਹੇ ਟਾਲੇ ਸੰਬੰਧੀ ਆਪਣੀਆਂ ਭਾਵਨਾਵਾਂ ਪ੍ਰਗਟ ਕਰਦੇ ਹੋਏ ਅਦਾਕਾਰ ਹਰਜੀਤ ਦੱਸਦੇ ਹਨ ਕਿ ਹੁਣ ਤੱਕ ਦੇ ਸਿਨੇਮਾ ਸਫ਼ਰ ਦੌਰਾਨ ਉਨ੍ਹਾਂ ਹਮੇਸ਼ਾ ਮਨਮਾਫ਼ਿਕ ਕਿਰਦਾਰ ਅਦਾ ਕਰਨ ਨੂੰ ਹੀ ਤਰਜ਼ੀਹ ਦਿੱਤੀ ਹੈ, ਜਦਕਿ ਪਿਛਲੇ ਜੱਟਵਾਦ ਦੌਰ ਦੇ ਸਿਨੇਮਾ ਦੁਹਰਾਅ ਦੌਰ ਦੌਰਾਨ ਅਜਿਹੀ ਸੋਚ ਨੂੰ ਅੰਜਾਮ ਦੇ ਪਾਉਣਾ ਸੰਭਵ ਨਹੀਂ ਰਿਹਾ, ਜਿਸ ਦੇ ਮੱਦੇਨਜ਼ਰ ਹੀ ਉਨ੍ਹਾਂ ਇਸ ਖਿੱਤੇ ਤੋਂ ਕੁਝ ਸਮੇਂ ਲਈ ਆਪਣੇ ਆਪ ਨੂੰ ਦੂਰ ਕਰਨਾ ਵੀ ਜਿਆਦਾ ਮੁਨਾਸਿਬ ਸਮਝਿਆ, ਪਰ ਅੱਜਕਲ੍ਹ ਉਹ ਪੰਜਾਬੀ ਸਿਨੇਮਾ ਦੇ ਗਲੋਬਲ ਅਤੇ ਸੋਹਣੇ ਹੋ ਰਹੇ ਮੁਹਾਂਦਰੇ ਤੋਂ ਕਾਫ਼ੀ ਖੁਸ਼ ਹਨ ਅਤੇ ਇਸੇ ਲਈ ਇਸ ਸਿਨੇਮਾ ਨਾਲ ਜੁੜਨਾ ਮਾਣ ਵਾਂਗ ਵੀ ਮਹਿਸੂਸ ਕਰ ਰਹੇ ਹਨ।
ਇਹ ਵੀ ਪੜ੍ਹੋ:White Punjab: 'ਚਮਕੀਲਾ' ਤੋਂ ਬਾਅਦ ਇਮਤਿਆਜ਼ ਅਲੀ ਨੇ ਫਿਲਮ 'ਵਾਈਟ ਪੰਜਾਬ' ਦਾ ਕੀਤਾ ਐਲਾਨ