ਸ੍ਰੀ ਫ਼ਤਿਹਗੜ੍ਹ ਸਾਹਿਬ: ਬੱਸੀ ਪਠਾਣਾ 'ਚ ਇੱਕ ਮਹਿਲਾ ਨੇ 7 ਸਾਲਾ ਧੀ ਨਾਲ ਸਰਹਿੰਦ-ਭਾਖੜਾ ਨਹਿਰ 'ਚ ਛਾਲ ਮਾਰ ਕੇ ਖ਼ੁਦਕੁਸ਼ੀ ਕਰ ਲਈ ਹੈ। ਮ੍ਰਿਤਕਾ ਦੇ ਪੇਕੇ ਪਰਿਵਾਰ ਵੱਲੋਂ ਉਸ ਦੇ ਮਾਨਸਿਕ ਤੌਰ 'ਤੇ ਪਰੇਸ਼ਾਨ ਹੋਣ ਦੀ ਗੱਲ ਕਹੀ ਗਈ ਹੈ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਜਾਰੀ ਹੈ।
ਇਸ ਮਾਮਲੇ ਬਾਰੇ ਦੱਸਦੇ ਹੋਏ ਪੁਲਿਸ ਅਧਿਕਾਰੀ ਪਰਮਜੀਤ ਸਿੰਘ ਨੇ ਦੱਸਿਆ, ਮ੍ਰਿਤਕਾ ਤੇ ਉਸ ਦੀ ਧੀ ਦੀ ਪਛਾਣ 38 ਸਾਲਾ ਪਰਮਜੀਤ ਕੌਰ ਤੇ 7 ਸਾਲਾ ਹਰਗੁਨ ਕੌਰ ਵਜੋਂ ਹੋੋਈ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਇੱਕ ਮਹਿਲਾ ਵੱਲੋਂ ਧੀ ਨਾਲ ਸਰਹਿੰਦ-ਭਾਖੜਾ 'ਚ ਛਾਲ ਮਾਰ ਕੇ ਖ਼ੁਦਕੁਸ਼ੀ ਕੀਤੇ ਜਾਣ ਦੀ ਸੂਚਨਾ ਮਿਲੀ ਸੀ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਮ੍ਰਿਤਕਾ ਦੇ ਪਿਤਾ ਵੱਲੋਂ ਦਿੱਤੇ ਬਿਆਨ ਮੁਤਾਬਕ ਉਨ੍ਹਾਂ ਦੀ ਧੀ ਪਹਿਲਾਂ ਤੋਂ ਹੀ ਮਾਨਸਿਕ ਤੌਰ 'ਤੇ ਪਰੇਸ਼ਾਨ ਰਹਿੰਦੀ ਸੀ ਤੇ ਡਿਪ੍ਰੈਸ਼ਨ ਦਾ ਸ਼ਿਕਾਰ ਸੀ, ਜਿਸ ਦੇ ਚਲਦੇ ਉਸ ਨੇ ਅਜਿਹਾ ਕੀਤਾ।
ਪਿੰਡ ਦੇ ਸਰਪੰਚ ਨੇ ਦੱਸਿਆ ਕਿ ਮ੍ਰਿਤਕਾ ਪਰਮਜੀਤ ਕੌਰ ਆਪਣੇ ਤਿੰਨ ਬੱਚਿਆਂ ਨੂੰ ਸਕੂਲ ਛੱਡਣ ਤੋਂ ਬਾਅਦ ਛੋਟੀ ਬੱਚੀ ਹਰਗੁਨ ਨੂੰ ਨਾਲ ਲੈ ਕੇ ਆਪਣੇ ਪੇਕੇ ਮੋਰਿੰਡਾ ਜਾਣ ਲਈ ਨਿਕਲੀ ਸੀ ,ਪਰ ਉਸ ਨੇ ਪਿੰਡ ਮਹਿਦੂਦਾਂ ਕੋਲ ਜਾ ਕੇ ਨਹਿਰ 'ਚ ਛਾਲ ਮਾਰ ਦਿੱਤੀ।
ਪੁਲਿਸ ਨੇ ਦੱਸਿਆ ਕਿ ਮ੍ਰਿਤਕਾ ਪਰਮੀਜਤ ਕੌਰ ਪਤਨੀ ਬਹਾਦਰ ਸਿੰਘ ਬੱਸੀ ਪਠਾਣਾ ਦੇ ਪਿੰਡ ਅਬਦੁੱਲਾਪੁਰ ਦੀ ਵਸਨੀਕ ਸੀ। ਉਸ ਦੇ ਤਿੰਨ ਕੁੜੀਆਂ ਤੇ ਇੱਕ ਮੁੰਡਾ ਹੈ। ਪੁਲਿਸ ਨੇ ਮੌਕੇ 'ਤੇ ਪੁੱਜ ਕੇ ਗੋਤਾਖੋਰਾਂ ਦੀ ਮਦਦ ਨਾਲ ਮ੍ਰਿਤਕਾ ਦੀ ਲਾਸ਼ ਬਰਾਮਦ ਕਰ ਲਈ ਹੈ। ਜਦਕਿ ਮ੍ਰਿਤਕਾ ਦੀ ਧੀ ਦੀ ਭਾਲ ਜਾਰੀ ਹੈ। ਪਿੰਡ ਵਾਸੀਆਂ ਮੁਤਾਬਕ ਬੱਚੀ ਦੂਜੀ ਕਲਾਸ ਦੀ ਵਿਦਿਆਰਥਣ ਸੀ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਜਾਰੀ ਹੈ।