ਹੁਸ਼ਿਆਰਪੁਰ: ਜ਼ਿਲ੍ਹੇ ਦੇ ਪਿੰਡ ਕੁਰਾਲਾ ਵਿਖੇ ਕਤਲ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਵਿੱਚ ਚਚੇਰੇ ਭਰਾ ਨੇ ਗੋਲੀਆਂ ਮਾਰ ਕੇ ਭਰਾ ਦਾ ਕਤਲ ਕਰ ਦਿੱਤਾ ਹੈ। ਉੜਮੁੜ ਟਾਂਡਾ ਦੇ ਹਲਕਾ ਵਿਧਾਇਕ ਜਸਵੀਰ ਸਿੰਘ ਰਾਜਾ ਦੇ ਪਿੰਡ ਕੁਰਾਲਾ ਵਿਖੇ ਉਸ ਵੇਲੇ ਦਹਿਸ਼ਤ ਦਾ ਮਹੌਲ ਪੈਦਾ ਹੋ ਗਿਆ ਜਦੋਂ ਚਚੇਰੇ ਭਰਾ ਨੇ ਆਪਣੇ ਹੀ ਵੱਡੇ ਭਰਾ ਨੂੰ ਗੋਲੀ ਮਾਰ ਕੇ ਉਸ ਦਾ ਕਤਲ ਕਰ ਦਿੱਤਾ। ਮ੍ਰਿਤਕ ਦੀ ਪਛਾਣ ਹਰਪ੍ਰੀਤ ਸਿੰਘ (50) ਵਾਸੀ ਕੁਰਾਲਾ ਵਜੋਂ ਹੋਈ ਹੈ।
ਜਾਣਕਾਰੀ ਦਿੰਦੇ ਹੋਏ ਮ੍ਰਿਤਕ ਦੇ ਚਾਚੇ ਨੇ ਦੱਸਿਆ ਕਿ ਹਰਪ੍ਰੀਤ ਸਿੰਘ ਦੇ ਮੁਰਗੀ ਖਾਨੇ ਵਿੱਚ ਕੋਈ ਜ਼ਹਿਰੀਲੀ ਚੀਜ ਖਾਣ ਨਾਲ ਇੱਕ ਮੁਰਗੀ ਮਰ ਗਈ, ਜਿਸ ਦਾ ਸ਼ੱਕ ਉਹ ਆਪਣੇ ਚਚੇਰੇ ਭਰਾ ਅਮਨਦੀਪ ਸਿੰਘ ਉੱਤੇ ਕਰਦਾ ਸੀ। ਵੀਰਵਾਰ ਸਵੇਰੇ ਅਮਨਦੀਪ ਸਿੰਘ ਹਰਪ੍ਰੀਤ ਦੇ ਮੁਰਗੀ ਖਾਨੇ ਵਿੱਚ ਮੁਰਗੀਆਂ ਨੂੰ ਕੋਈ ਚੀਜ ਪਾ ਰਿਹਾ ਸੀ ਤਾਂ ਹਰਪ੍ਰੀਤ ਨੇ ਮੌਕੇ ਉੱਤੇ ਉਸ ਦਾ ਹੱਥ ਫੜ ਲਿਆ, ਜਿਸ ਨੂੰ ਲੈ ਕੇ ਦੋਵਾਂ ਵਿਚਕਾਰ ਕਾਫੀ ਲੜਾਈ-ਝਗੜਾ ਹੋਇਆ।
ਇਸ ਝਗੜੇ ਦੌਰਾਨ ਦੋਵਾਂ ਨੂੰ ਮੌਕੇ ਉੱਤੇ ਇਕੱਠੇ ਹੋਏ ਸ਼ਰੀਕੇ ਭਾਈਚਾਰੇ ਵੱਲੋਂ ਛੁਡਾ ਦਿੱਤਾ ਗਿਆ। ਬਾਅਦ ਵਿੱਚ ਅਮਨਦੀਪ ਸਿੰਘ ਘਰੋਂ ਆਪਣੀ ਦੋਨਾਲੀ ਬੰਦੂਕ ਕੱਢ ਲਿਆਇਆ ਅਤੇ ਇੱਕ ਹਵਾਈ ਫਾਇਰ ਕਰਨ ਤੋਂ ਬਾਅਦ ਹਰਪ੍ਰੀਤ ਨੂੰ ਸਿੱਧੀ ਗੋਲੀ ਮਾਰ ਦਿੱਤੀ, ਜਿਸ ਵਿੱਚ ਹਰਪ੍ਰੀਤ ਗੰਭੀਰ ਜ਼ਖਮੀ ਹੋ ਗਿਆ। ਜ਼ਖ਼ਮੀ ਹਾਲਤ ਵਿੱਚ ਹਰਪ੍ਰੀਤ ਸਿੰਘ ਨੂੰ ਟਾਂਡਾ ਦੇ ਇੱਕ ਨਿੱਜੀ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਵਾਰਦਾਤ ਦੀ ਜਾਣਕਾਰੀ ਮਿਲਣ ਉੱਤੇ ਟਾਂਡਾ ਪੁਲਿਸ ਨੇ ਮੌਕੇ ਉੱਤੇ ਪਹੁੰਚ ਕੇ ਮ੍ਰਿਤਕ ਦੀ ਲਾਸ਼ ਆਪਣੇ ਕਬਜੇ ਵਿੱਚ ਲੈਣ ਤੋਂ ਬਾਅਦ ਆਪਣੀ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ।
ਇਹ ਵੀ ਪੜ੍ਹੋ : ਘਰ ’ਚ ਹਥਿਆਰ ਬਣਾਉਣ ਵਾਲਾ ਨੌਜਵਾਨ ਪੁਲਿਸ ਅੜਿੱਕੇ, ਇਸ ਤਰ੍ਹਾਂ ਕਰਦਾ ਸੀ ਤਿਆਰ