ਸੰਗਰੂਰ : ਮਲੇਰਕੋਟਲਾ ਦੇ ਇੱਕ ਅਧਿਕਾਰੀ ਨੂੰ ਟੋਲ ਪਲਾਜ਼ਾ ਤੋਂ ਮੁਫ਼ਤ ਲੰਘਣਾ ਉਸ ਵੇਲੇ ਭਾਰੀ ਪੈ ਗਿਆ ਜਦ ਟੋਲ ਪਲਾਜ਼ਾ ਦੇ ਇੱਕ ਅਧਿਕਾਰੀ ਨੇ ਉਸ ਕੋਲੋਂ ਪੁੱਛਗਿੱਛ ਕੀਤੀ ਅਤੇ ਸ਼ੱਕ ਹੋਣ 'ਤੇ ਅਧਿਕਾਰੀ ਵਿਰੁੱਧ ਪੁਲਿਸ 'ਚ ਸ਼ਿਕਾਇਤ ਕਰ ਦਿੱਤੀ। ਹੁਣ ਪੁਲਿਸ ਵੱਲੋਂ ਅਧਿਕਾਰੀ ਦੇ ਸਹੀ ਅਹੁਦੇ ਬਾਰੇ ਜਾਂਚ ਜਾਰੀ ਹੈ।
ਜਾਣਕਾਰੀ ਮੁਤਾਬਕ ਕਰਮਜੀਤ ਨਾਂਅ ਦਾ ਇੱਕ ਵਿਅਕਤੀ ਖ਼ੁਦ ਨੂੰ ਪੀਸੀਐੱਸ ਅਧਿਕਾਰੀ ਦੱਸਦਾ ਹੈ ਅਤੇ ਉਹ ਮਲੇਰਕੋਟਲਾ ਵਿੱਚ ਐੱਸਐਮਓ ਦੀ ਪੋਸਟ ਉੱਤੇ ਤਾਇਨਾਤ ਹੈ। ਕਰਮਜੀਤ ਰੋਜ਼ਾਨਾ ਟੋਲ ਪਲਾਜ਼ਾ ਤੋਂ ਬਿਨ੍ਹਾਂ ਟੋਲ ਟੈਕਸ ਦੇ ਲੰਘਣ ਲਈ ਖ਼ੁਦ ਨੂੰ ਪੀਸੀਐੱਸ ਅਧਿਕਾਰੀ ਦੱਸਦਾ ਸੀ। ਇਸ ਦੌਰਾਨ ਜਦੋਂ ਟੋਲ ਪਲਾਜ਼ਾ ਦੇ ਅਧਿਕਾਰੀਆਂ ਨੂੰ ਉਸ 'ਤੇ ਸ਼ੱਕ ਹੋਇਆ ਤਾਂ ਉਨ੍ਹਾਂ ਨੇ ਉਸ ਕੋਲੋਂ ਪੁੱਛਗਿੱਛ ਕੀਤੀ। ਸੰਤੋਸ਼ਜਨਕ ਜਵਾਬ ਨਾ ਮਿਲਣ 'ਤੇ ਕਰਮਜੀਤ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ।
ਦੂਜੇ ਪਾਸੇ ਕਰਮਜੀਤ ਦਾ ਕਹਿਣਾ ਹੈ ਉਹ ਮਾਲੇਰਕੋਟਲਾ ਦੇ ਹਸਪਤਾਲ 'ਚ ਐੱਸਐਮਓ ਹਨ ਅਤੇ ਇਸ ਤੋਂ ਪਹਿਲਾ ਕੁੱਝ ਸਮੇਂ ਤੱਕ ਉਹ ਸਾਬਕਾ ਪੀਸੀਐੱਸ ਅਧਿਕਾਰੀ ਵੀ ਰਹਿ ਚੁੱਕਾ ਹੈ। ਜਦੋਂ ਅਧਿਕਾਰੀਆਂ ਨੇ ਉਸ ਦੀ ਗੱਲ ਨਾ ਮੰਨੀ ਤਾਂ ਉਸ ਨੇ ਟੋਲ ਪਰਚੀ ਕਟਵਾ ਲਈ ਅਤੇ ਹੁਣ ਉਸ ਨੂੰ ਜਾਣਬੁੱਝ ਕੇ ਤੰਗ ਕੀਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ :ਕਾਂਗਰਸੀ ਆਗੂ ਜ਼ੀਰਾ ਤੇ ਬਿੱਟੂ ਉੱਤੇ ਹੋਵੇ ਮਾਮਲਾ ਦਰਜ: ਮਹੇਸ਼ਇੰਦਰ ਗਰੇਵਾਲ
ਪੁਲਿਸ ਨੇ ਇਸ ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਉਨ੍ਹਾਂ ਨੇ ਟੋਲ ਪਲਾਜ਼ਾ ਦੇ ਅਧਿਕਾਰੀਆਂ ਦੀ ਸ਼ਿਕਾਇਤ ਉੱਤੇ ਮਾਮਲਾ ਦਰਜ ਕਰ ਲਿਆ ਹੈ। ਉਨ੍ਹਾਂ ਕਿਹਾ ਕਿ ਕਰਮਜੀਤ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਮਾਮਲੇ ਦੀ ਜਾਂਚ ਪੂਰੀ ਹੋਣ ਤੋਂ ਬਾਅਦ ਹੀ ਅਗਲੀ ਕਾਰਵਾਈ ਕੀਤੀ ਜਾਵੇਗੀ।