ਕਲੀਮਪੋਂਗ (ਪੱਛਮੀ ਬੰਗਾਲ) : ਪੱਛਮੀ ਬੰਗਾਲ-ਸਿੱਕਮ ਸਰਹੱਦ ਨੇੜੇ ਸ਼ਨੀਵਾਰ ਨੂੰ ਇਕ ਬੱਸ ਦੇ ਕੰਟਰੋਲ ਗੁਆ ਕੇ ਡੂੰਘੀ ਖੱਡ ਵਿਚ ਡਿੱਗਣ ਕਾਰਨ ਛੇ ਲੋਕਾਂ ਦੀ ਮੌਤ ਹੋ ਗਈ। ਇਸ ਹਾਦਸੇ 'ਚ 15 ਹੋਰ ਲੋਕ ਗੰਭੀਰ ਜ਼ਖਮੀ ਹੋ ਗਏ।
ਦੱਸਿਆ ਜਾਂਦਾ ਹੈ ਕਿ ਸ਼ਨੀਵਾਰ ਦੁਪਹਿਰ ਨੂੰ ਪ੍ਰਾਈਵੇਟ ਬੱਸ ਸਿਲੀਗੁੜੀ ਤੋਂ ਗੰਗਟੋਕ ਲਈ ਰਵਾਨਾ ਹੋਈ ਸੀ। ਇਸ ਦੌਰਾਨ ਬੱਸ ਬੇਕਾਬੂ ਹੋ ਕੇ ਕਲੀਮਪੋਂਗ-ਸਿੱਕਮ ਸਰਹੱਦ 'ਤੇ ਰੋਂਗਪੋ ਨੇੜੇ ਤੀਸਤਾ ਨਦੀ 'ਚ ਜਾ ਡਿੱਗੀ। ਘਟਨਾ ਦੀ ਸੂਚਨਾ ਮਿਲਣ 'ਤੇ ਬਚਾਅ ਟੀਮ ਮੌਕੇ 'ਤੇ ਪਹੁੰਚੀ ਅਤੇ ਕੰਮ ਸ਼ੁਰੂ ਕਰ ਦਿੱਤਾ।
ਇਸ ਬਾਰੇ ਕਲੀਮਪੋਂਗ ਜ਼ਿਲ੍ਹੇ ਦੇ ਪੁਲਿਸ ਸੁਪਰਡੈਂਟ ਸ਼੍ਰੀਹਰੀ ਪਾਂਡੇ ਨੇ ਕਿਹਾ ਕਿ ਸਾਡਾ ਪਹਿਲਾ ਕੰਮ ਯਾਤਰੀਆਂ ਨੂੰ ਬਚਾਉਣਾ ਸੀ। ਅਸੀਂ ਇਹ ਕੀਤਾ। ਹਾਲਾਂਕਿ ਹੁਣ ਤੱਕ ਛੇ ਲੋਕਾਂ ਦੀ ਮੌਤ ਹੋ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਸਿੱਕਮ ਦੇ ਕਈ ਹਸਪਤਾਲਾਂ ਵਿੱਚ 15 ਤੋਂ ਵੱਧ ਜ਼ਖ਼ਮੀਆਂ ਨੂੰ ਦਾਖ਼ਲ ਕਰਵਾਇਆ ਗਿਆ ਹੈ। ਪੁਲਿਸ ਪੂਰੀ ਘਟਨਾ ਦੀ ਜਾਂਚ ਕਰ ਰਹੀ ਹੈ।
ਬੱਸ ਹਾਦਸੇ ਵਿੱਚ ਮਰਨ ਵਾਲੇ ਛੇ ਵਿਅਕਤੀਆਂ ਵਿੱਚੋਂ ਪੰਜ ਦੀ ਪਛਾਣ ਹੋ ਗਈ ਹੈ। ਮਰਨ ਵਾਲਿਆਂ ਵਿੱਚ ਇੱਕ ਔਰਤ ਵੀ ਸ਼ਾਮਲ ਹੈ। ਇਨ੍ਹਾਂ ਵਿੱਚ ਇਕਬਾਲ ਹਸਨ ਵਾਸੀ ਕੋਲਕਾਤਾ, ਗੋਪਾਲ ਜੇ ਪ੍ਰਸਾਦ ਵਾਸੀ ਦੇਵਰਾਲੀ, ਗੰਗਟੋਕ, ਅਜੈ ਤਮਾਂਗ ਵਾਸੀ ਸਮਸਿੰਗ, ਅਜੈ ਤਮਾਂਗ ਵਾਸੀ ਗੋਰੂਬਥਨ, ਝਲੂ ਕੁਮਾਰੀ ਵਾਸੀ ਰੰਗਪੋ, ਸਿੱਕਮ ਅਤੇ ਇੰਦਰਜੀਤ ਸਿੰਘ ਵਾਸੀ ਸਿਲੀਗੁੜੀ ਸ਼ਾਮਲ ਹਨ।
15 ਜ਼ਖ਼ਮੀਆਂ ਵਿੱਚੋਂ ਚਾਰ ਔਰਤਾਂ ਹਨ। ਜ਼ਖਮੀਆਂ ਦੀ ਅਜੇ ਤੱਕ ਪਛਾਣ ਨਹੀਂ ਹੋ ਸਕੀ ਹੈ। ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਵਰਣਨਯੋਗ ਹੈ ਕਿ ਗੰਗਟੋਕ ਜਾਣ ਵਾਲੀ ਨਿੱਜੀ ਬੱਸ ਵਿਚ ਸੈਲਾਨੀਆਂ ਦੇ ਵੀ ਸਵਾਰ ਹੋਣ ਦੀ ਸੰਭਾਵਨਾ ਹੈ। ਹਾਲਾਂਕਿ ਕਲੀਮਪੋਂਗ ਜ਼ਿਲ੍ਹਾ ਮੈਜਿਸਟ੍ਰੇਟ ਦਫ਼ਤਰ ਤੋਂ ਇਸ ਮਾਮਲੇ ਦੀ ਕੋਈ ਪੁਸ਼ਟੀ ਨਹੀਂ ਹੋਈ ਹੈ। ਇਸ ਦੌਰਾਨ, ਸ਼ਨੀਵਾਰ ਨੂੰ ਸਿੱਕਮ ਸੈਰ-ਸਪਾਟਾ ਵਿਭਾਗ ਨੇ ਐਲਾਨ ਕੀਤਾ ਕਿ ਉੱਤਰੀ ਸਿੱਕਮ ਨੂੰ 1 ਦਸੰਬਰ ਤੋਂ ਸੈਲਾਨੀਆਂ ਲਈ ਖੋਲ੍ਹਿਆ ਜਾ ਰਿਹਾ ਹੈ। ਟਰਾਂਸਪੋਰਟ ਵਿਭਾਗ ਲਾਚੁੰਗ ਜਾਣ ਲਈ ਵਾਹਨਾਂ ਦੇ ਪਰਮਿਟ ਆਨਲਾਈਨ ਜਾਰੀ ਕਰਨ 'ਤੇ ਵੀ ਵਿਚਾਰ ਕਰ ਰਿਹਾ ਹੈ।