ਮਹਾਂਰਾਸ਼ਟਰ/ਪੁਣੇ: ਰਾਸ਼ਟਰਵਾਦੀ ਕਾਂਗਰਸ ਪਾਰਟੀ (ਐੱਨ.ਸੀ.ਪੀ.) ਦੇ ਪ੍ਰਧਾਨ ਅਜੀਤ ਪਵਾਰ ਨੇ ਸ਼ਨੀਵਾਰ ਨੂੰ ਇੱਥੇ ਕਿਹਾ ਕਿ ਮਹਾਰਾਸ਼ਟਰ ਦਾ ਅਗਲਾ ਮੁੱਖ ਮੰਤਰੀ ਭਾਜਪਾ ਤੋਂ ਹੋਵੇਗਾ ਅਤੇ ਦੋ ਉਪ ਮੁੱਖ ਮੰਤਰੀ ਸੱਤਾਧਾਰੀ 'ਮਹਾਯੁਤੀ' ਦੇ ਹੋਰ ਹਿੱਸਿਆਂ ਤੋਂ ਹੋਣਗੇ।
ਭਾਜਪਾ ਤੋਂ ਇਲਾਵਾ ਏਕਨਾਥ ਸ਼ਿੰਦੇ ਦੀ ਅਗਵਾਈ ਵਾਲੀ ਸ਼ਿਵ ਸੈਨਾ ਅਤੇ ਅਜੀਤ ਪਵਾਰ ਦੀ ਅਗਵਾਈ ਵਾਲੀ ਐਨਸੀਪੀ ‘ਮਹਾਯੁਤੀ’ ਵਿੱਚ ਸ਼ਾਮਲ ਹਨ। ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ਵਿੱਚ ਗਠਜੋੜ ਨੇ ਸ਼ਾਨਦਾਰ ਜਿੱਤ ਦਰਜ ਕੀਤੀ ਹੈ। ਭਾਜਪਾ 132 ਸੀਟਾਂ ਜਿੱਤ ਕੇ ਸਭ ਤੋਂ ਵੱਡੀ ਪਾਰਟੀ ਬਣ ਕੇ ਉਭਰੀ ਹੈ ਜਦਕਿ ਸ਼ਿਵ ਸੈਨਾ ਅਤੇ ਐਨਸੀਪੀ ਨੇ ਕ੍ਰਮਵਾਰ 57 ਅਤੇ 41 ਸੀਟਾਂ ਜਿੱਤੀਆਂ ਹਨ। ਹਾਲਾਂਕਿ ਅਗਲੇ ਮੁੱਖ ਮੰਤਰੀ ਬਾਰੇ ਸਥਿਤੀ ਅਜੇ ਸਪੱਸ਼ਟ ਨਹੀਂ ਹੈ ਅਤੇ ਸਰਕਾਰ ਬਣਾਉਣ ਵਿੱਚ ਦੇਰੀ ਹੋਈ ਹੈ।
ਅਜੀਤ ਪਵਾਰ 95 ਸਾਲਾ ਸਮਾਜ ਸੇਵਕ ਡਾਕਟਰ ਬਾਬਾ ਆਧਵ ਨੂੰ ਮਿਲਣ ਲਈ ਸ਼ਹਿਰ ਆਏ ਸਨ। ਆਧਵ ਨੇ ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ਵਿੱਚ ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ (ਈਵੀਐਮ) ਦੀ ਕਥਿਤ ਦੁਰਵਰਤੋਂ ਦਾ ਵਿਰੋਧ ਕੀਤਾ ਸੀ।
ਜਦੋਂ ਅਜੀਤ ਪਵਾਰ ਨੂੰ ਪੁੱਛਿਆ ਗਿਆ ਕਿ ਸੂਬੇ ਦਾ ਮੁੱਖ ਮੰਤਰੀ ਕੌਣ ਹੋਵੇਗਾ, ਤਾਂ ਉਨ੍ਹਾਂ ਕਿਹਾ, "ਰਾਜ ਵਿੱਚ ਇੱਕ ਮੁੱਖ ਮੰਤਰੀ ਭਾਜਪਾ ਤੋਂ ਅਤੇ ਦੋ ਉਪ ਮੁੱਖ ਮੰਤਰੀ ਮਹਾਯੁਤੀ ਦੀਆਂ ਬਾਕੀ ਦੋ ਪਾਰਟੀਆਂ ਦੇ ਹੋਣਗੇ। "ਸੰਭਾਵਤ ਤੌਰ 'ਤੇ ਸਹੁੰ ਚੁੱਕ ਸਮਾਗਮ 5 ਦਸੰਬਰ ਨੂੰ ਹੋਵੇਗਾ। ਅਸੀਂ ਮਜ਼ਬੂਤ ਨਜ਼ਰੀਏ ਨਾਲ ਅੱਗੇ ਵਧਣ ਦਾ ਫੈਸਲਾ ਕੀਤਾ ਹੈ।''
ਭਾਜਪਾ ਮਹਾਰਾਸ਼ਟਰ ਇਕਾਈ ਦੇ ਪ੍ਰਧਾਨ ਚੰਦਰਸ਼ੇਖਰ ਬਾਵਨਕੁਲੇ ਨੇ ਸ਼ਨੀਵਾਰ ਸ਼ਾਮ ਨੂੰ ਐਲਾਨ ਕੀਤਾ ਕਿ ਨਵੀਂ ਮਹਾਗਠਜੋੜ ਸਰਕਾਰ 5 ਦਸੰਬਰ ਦੀ ਸ਼ਾਮ ਨੂੰ ਦੱਖਣੀ ਮੁੰਬਈ ਦੇ ਆਜ਼ਾਦ ਮੈਦਾਨ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮੌਜੂਦਗੀ 'ਚ ਸਹੁੰ ਚੁੱਕੇਗੀ। ਹਾਲਾਂਕਿ ਅਜੇ ਮੁੱਖ ਮੰਤਰੀ ਦੇ ਨਾਂ ਦਾ ਐਲਾਨ ਨਹੀਂ ਕੀਤਾ ਗਿਆ ਹੈ ਪਰ ਭਾਜਪਾ ਸੂਤਰਾਂ ਦਾ ਕਹਿਣਾ ਹੈ ਕਿ ਦੇਵੇਂਦਰ ਫੜਨਵੀਸ ਇਸ ਦੌੜ ਵਿੱਚ ਸਭ ਤੋਂ ਅੱਗੇ ਹਨ। ਫੜਨਵੀਸ ਦੋ ਵਾਰ ਮੁੱਖ ਮੰਤਰੀ ਰਹਿ ਚੁੱਕੇ ਹਨ ਅਤੇ ਪਿਛਲੀ ਏਕਨਾਥ ਸ਼ਿੰਦੇ ਦੀ ਅਗਵਾਈ ਵਾਲੀ ਸਰਕਾਰ ਵਿੱਚ ਉਪ ਮੁੱਖ ਮੰਤਰੀ ਸਨ।