ਸੰਗਰੂਰ: 2 ਸਾਲਾ ਮਾਸੂਮ ਫ਼ਤਿਹਵੀਰ ਦੀ ਮੌਤ ਤੋਂ ਬਾਅਦ ਅੱਜ ਸਥਾਨਕ ਜਥੇਬੰਦੀਆਂ ਨੇ ਸਰਕਾਰ ਤੇ ਪ੍ਰਸ਼ਾਸਨ ਵਿਰੁੱਧ ਬੰਦ ਦਾ ਸੱਦਾ ਦਿੱਤਾ ਹੈ। ਸੰਗਰੂਰ ਦੇ ਬਜ਼ਾਰ, ਦੁਕਾਨਾ, ਸਕੂਲ-ਕਾਲੇਜ ਸਮੇਤ ਸਾਰਾ ਸ਼ਹਿਰ ਪੂਰੀ ਤਰ੍ਹਾਂ ਬੰਦ ਹੈ। ਲੋਕਾਂ ਵੱਲੋਂ ਸਰਕਾਰ ਤੇ ਪ੍ਰਸ਼ਾਸਨ ਖਿਲਾਫ਼ ਸ਼ਹਿਰ 'ਚ ਰੋਸ ਮਾਰਚ ਵੀ ਕੱਢਿਆ ਜਾ ਰਿਹਾ ਹੈ। ਜਥੇਬੰਦੀਆਂ ਨੇ ਬੰਦ ਦਾ ਐਲਾਨ ਬੀਤੇ ਦਿਨ ਪ੍ਰਸ਼ਾਸਨ ਵੱਲੋਂ 5 ਦਿਨਾਂ ਦੀ ਮਸ਼ੱਕਤ ਮਗਰੋਂ ਵੀ ਫ਼ਤਿਹਵੀਰ ਨੂੰ ਜ਼ਿੰਦਾ ਬਾਹਰ ਕੱਢਣ 'ਚ ਨਾਕਾਮ ਰਹਿਣ ਨੂੰ ਲੈ ਕੇ ਕੀਤਾ ਗਿਆ ਸੀ।
ਦੱਸ ਦਈਏ ਕਿ ਮੰਗਲਵਾਰ ਨੂੰ ਫ਼ਤਿਹਵੀਰ ਦੀ ਮੌਤ ਦੀ ਖ਼ਬਰ ਸੁਣ ਗੁੱਸਾਏ ਲੋਕਾਂ ਨੇ ਸੰਗਰੂਰ ਜ਼ਿਲੇ 'ਚ ਕਈ ਥਾਵਾਂ 'ਤੇ ਧਰਨਾ ਲਗਾ ਕੇ ਨਾਅਰੇ ਲਗਾਏ ਗਏ ਸਨ। ਜ਼ਿਕਰਯੋਗ ਹੈ ਕਿ 6 ਜੂਨ ਦੀ ਸ਼ਾਮ ਨੂੰ ਫ਼ਤਿਹਵੀਰ ਖੇਡਦੇ ਹੋਇਆ 200 ਫੁੱਟ ਡੂੰਘੇ ਬੋਰਵੇਲ ਵਿਚ ਡਿੱਗ ਗਿਆ ਸੀ। 5 ਦਿਨਾਂ ਦੀ ਭਾਰੀ ਮਸ਼ੱਕਤ ਮਗਰੋਂ ਫ਼ਤਿਹਵੀਰ ਨੂੰ ਬੋਰਵੈੱਲ ਵਿੱਚੋਂ ਮ੍ਰਿਤ ਬਾਹਰ ਕੱਢਿਆ ਗਿਆ ਸੀ। ਲੋਕਾਂ ਦਾ ਦੋਸ਼ ਹੈ ਕਿ ਪ੍ਰਸ਼ਾਸਨ ਦੀ ਲਾਪਰਵਾਹੀ ਕਾਰਨ ਹੀ ਫਤਿਹਵੀਰ ਨੂੰ ਸਮੇਂ ਸਿਰ ਬਾਹਰ ਨਹੀਂ ਕੱਢਿਆ ਜਾ ਸਕਿਆ, ਜਿਸ ਕਾਰਨ ਉਸਦੀ ਮੌਤ ਹੋਈ।