ਪਟਿਆਲਾ : ਕੇਂਦਰ ਸਰਕਾਰ ਵਲੋਂ ਸ਼ੁਰੂ ਕੀਤੀ ਗਈ ਅਟਲ ਭੂ ਜਲ ਯੋਜਨਾ 'ਚ ਪੰਜਾਬ ਦਾ ਨਾਂਅ ਸ਼ਾਮਲ ਨਾ ਹੋਣ 'ਤੇ ਸਨੌਰ ਤੋਂ ਅਕਾਲੀ ਦਲ ਦੇ ਵਿਧਾਇਕ ਹਰਿੰਦਰ ਪਾਲ ਸਿੰਘ ਚੰਦੂਮਾਜਰਾ ਨੇ ਕੈਪਟਨ ਸਰਕਾਰ ਨੂੰ ਘੇਰਿਆ।
ਕੇਂਦਰ ਸਰਕਾਰ ਵਲੋਂ ਸਾਬਕਾ ਪੀਐਮ ਅਟਲ ਬਿਹਾਰੀ ਵਾਜਪਾਈ ਦੀ ਜੰਯਤੀ ਮੌਕੇ ਅਟਲ ਭੂ ਜਲ ਯੋਜਨਾ ਸ਼ੁਰੂ ਕੀਤੀ ਗਈ ਹੈ। ਇਸ ਯੋਜਨਾ ਦੇ ਤਹਿਤ 8000 ਤੋਂ ਵਧੇਰੇ ਪਿੰਡਾਂ 'ਚ ਪੀਣ ਦਾ ਪਾਣੀ ਪਹੁੰਚਾਇਆ ਜਾਵੇਗਾ। ਇਹ ਯੋਜਨਾ ਰਾਹੀ ਧਰਤੀ ਹੇਠਲੇ ਡਿੱਗ ਰਹੇ ਪਾਣੀ ਦਾ ਪੱਧਰ ਨੂੰ ਘਟਾਉਣ ਅਤੇ ਪਾਣੀ ਬਚਾਉਣ ਸਬੰਧੀ ਕਾਰਜ ਕੀਤੇ ਜਾਣਗੇ।
ਇਸ ਬਾਰੇ ਈਟੀਵੀ ਭਾਰਤ ਨਾਲ ਗੱਲਬਾਤ ਕਰਦੇ ਹੋਏ ਹਰਿੰਦਰ ਪਾਲ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਪੀਐਮ ਮੋਦੀ ਵੱਲੋਂ ਭੂ ਜਲ ਯੋਜਨਾ ਬਾਰੇ " ਮਨ ਕੀ ਬਾਤ" 'ਚ ਜ਼ਿਕਰ ਕੀਤੇ ਜਾਣ ਮਗਰੋਂ ਉਨ੍ਹਾਂ ਨੇ ਇਸ ਸਬੰਧੀ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਇੱਕ ਸੁਝਾਅ ਪੱਤਰ ਲਿੱਖਿਆ ਸੀ। ਇਸ ਪੱਤਰ ਦਾ ਜਵਾਬ ਦਿੰਦੇ ਹੋਏ ਅਗਸਤ ਮਹੀਨੇ ਵਿੱਚ ਮੁੱਖ ਮੰਤਰੀ ਪੰਜਾਬ ਵੱਲੋਂ ਉਨ੍ਹਾਂ ਨੂੰ ਜਵਾਬੀ ਪੱਤਰ ਮਿਲਿਆ ਸੀ।
ਹੋਰ ਪੜ੍ਹੋ : ਦੋ ਵਿਦਿਆਰਥੀਆਂ ਦੇ ਕਤਲ ਮਾਮਲੇ 'ਚ ਚੰਡੀਗੜ੍ਹ ਪੁਲਿਸ ਨੇ 3 ਮੁਲਜ਼ਮਾਂ ਨੂੰ ਕੀਤਾ ਗ੍ਰਿਫ਼ਤਾਰ
ਹਰਿੰਦਰ ਪਾਲ ਸਿੰਘ ਚੰਦੂਮਾਜਰਾ ਨੇ ਆਖਿਆ ਕਿ ਅਟਲ ਭੂ ਜਲ ਯੋਜਨਾ 'ਚ ਪੰਜਾਬ ਦਾ ਨਾਂਅ ਸ਼ਾਮਲ ਨਾ ਹੋਣਾ ਦੁੱਖ ਦੀ ਗੱਲ ਹੈ। ਉਨ੍ਹਾਂ ਨੇ ਇਸ ਦੇ ਲਈ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਜ਼ਿੰਮੇਵਾਰ ਦੱਸਿਆ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਆਪਣੀ ਚਿੱਠੀ 'ਚ ਪੰਜਾਬ ਸਰਕਾਰ ਵੱਲੋਂ ਪਾਣੀ ਦੀ ਸਮੱਸਿਆ ਨੂੰ ਲੈ ਕੇ ਵਿਸ਼ੇਸ਼ ਇਜਲਾਸ ਕਰਕੇ ਸੂਬੇ ਦੀ ਲੋੜ ਮੁਤਾਬਕ ਰੂਪ ਰੇਖਾ ਤਿਆਰ ਕਰਵਾ ਕੇ ਕੇਂਦਰ ਸਰਕਾਰ ਨੂੰ ਭੇਜਣ ਦੀ ਅਪੀਲ ਕੀਤੀ ਸੀ। ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਵੱਲੋਂ ਅਜਿਹਾ ਕੁੱਝ ਨਹੀਂ ਕੀਤਾ ਗਿਆ।
ਇਸ ਤੋਂ ਇਲਾਵਾ ਹਰਿੰਦਰ ਪਾਲ ਸਿੰਘ ਚੰਦੂਮਾਜਰਾ ਨੇ ਮੁੱਖ ਮੰਤਰੀ ਕੈਪਟਨ ਉੱਤੇ ਸ਼ਬਦੀ ਵਾਰ ਕਰਦਿਆਂ ਆਖਿਆ ਕਿ ਮੁੱਖ ਮੰਤਰੀ ਦੀ ਗ਼ੈਰਮੌਜੂਦਗੀ ਅਤੇ ਸੂਬਾ ਸਰਕਾਰ ਦੀ ਅਣਗਿਹਲੀ ਕਾਰਨ ਪੰਜਾਬ, ਕੇਂਦਰ ਸਰਕਾਰ ਵੱਲੋਂ ਚਲਾਇਆਂ ਜਾ ਰਹੀਆਂ ਕਈ ਯੋਜਨਾਵਾਂ ਤੋਂ ਵਾਂਝਾ ਰਹਿ ਗਿਆ ਹੈ। ਉਨ੍ਹਾਂ ਆਖਿਆ ਕਿ ਪੰਜਾਬ ਇੱਕ ਖੇਤੀਬਾੜੀ ਪ੍ਰਧਾਨ ਸੂਬਾ ਹੈ ਅਤੇ ਇਥੇ ਪਾਣੀ ਦੀ ਵਧੇਰੇ ਲੋੜ ਹੈ।