ਪਟਿਆਲਾ : ਕਾਂਗਰਸੀ ਵਿਧਾਇਕਾਂ ਦਾ ਆਪਣੀ ਹੀ ਸਰਕਾਰ ਤੋਂ ਨਾਰਾਜ਼ ਹੋਣ ਦਾ ਮੁੱਦਾ ਪੰਜਾਬ ਵਿੱਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਵਿਰੋਧੀ ਧਿਰ ਦੇ ਨੇਤਾਵਾਂ ਨੇ ਵੀ ਹੁਣ ਇਸ ਮੁੱਦੇ 'ਤੇ ਵੱਖ-ਵੱਖ ਬਿਆਨ ਦੇਣੇ ਸ਼ੁਰੂ ਕਰ ਦਿੱਤੇ ਹਨ। ਭਾਜਪਾ ਅਤੇ ਆਮ ਆਦਮੀ ਪਾਰਟੀ ਦੇ ਨੇਤਾਵਾਂ ਨੇ ਕਾਂਗਰਸ ਪਾਰਟੀ 'ਤੇ ਤੰਜ ਕਸਦਿਆਂ ਕਿਹਾ ਕਿ ਇਹ ਸਭ ਸਿਆਸੀ ਸਟੰਟ ਹੈ।
ਕਾਂਗਰਸੀ ਵਿਧਾਇਕਾਂ ਦੀ ਨਰਾਜ਼ਗੀ ਨੂੰ ਲੈ ਕੇ ਆਮ ਆਦਮੀ ਪਾਰਟੀ ਦੀ ਸੀਨੀਅਰ ਨੇਤਾ ਰੀਨਾ ਮਿੱਤਲ ਅਤੇ ਭਾਜਪਾ ਦੇ ਸੀਨੀਅਰ ਆਗੂ ਹਰਜੀਤ ਸਿੰਘ ਗਰੇਵਾਲ ਨੇ ਕੈਪਟਨ ਸਰਕਾਰ ਉੱਤੇ ਜੰਮ ਕੇ ਨਿਸ਼ਾਨਾ ਵਿੰਨਿਆ। ਭਾਜਪਾ ਆਗੂ ਗਰੇਵਾਲ ਨੇ ਕਿਹਾ ਕਿ ਕਾਂਗਰਸੀ ਵਿਧਾਇਕ ਖ਼ੁਦ ਦੀ ਪਾਰਟੀ ਤੋਂ ਹੀ ਦੁੱਖੀ ਹਨ। ਉਨ੍ਹਾਂ ਇਹ ਵੀ ਕਿਹਾ ਕਿ ਉਨ੍ਹਾਂ ਦੀ ਗੱਲ 'ਚ ਸੱਚਾਈ ਹੋਣਾ ਤਾਂ ਬਾਅਦ ਦੀ ਗੱਲ ਹੈ ਪਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਉਨ੍ਹਾਂ ਦੀ ਗੱਲ ਸੁਣਨ ਲਈ ਉਨ੍ਹਾਂ ਨੂੰ ਸਮਾਂ ਹੀ ਨਹੀਂ ਦੇ ਰਹੇ।
ਆਪ ਪਾਰਟੀ ਦੇ ਆਗੂ ਰੀਨਾ ਮਿੱਤਲ ਨੇ ਇਸ ਨੂੰ ਕਾਂਗਰਸੀ ਵਿਧਾਇਕਾਂ ਦਾ ਸਿਆਸੀ ਸਟੰਟ ਦੱਸਦੇ ਹੋਏ ਕੈਪਟਨ ਸਰਕਾਰ ਨੂੰ ਖਰੀ-ਖੋਟੀ ਸੁਣਾਈ। ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਸੂਬੇ ਵਿੱਚ ਪੂਰੀ ਤਰ੍ਹਾਂ ਨਾਲ ਫੇਲ ਹੋ ਚੁੱਕੀ ਹੈ ਅਤੇ ਉਨ੍ਹਾਂ ਵੱਲੋਂ ਜਨਤਾ ਨਾਲ ਕੀਤਾ ਗਿਆ ਕੋਈ ਵੀ ਵਾਅਦਾ ਪੂਰਾ ਨਹੀਂ ਕੀਤਾ ਗਿਆ।
ਹੋਰ ਪੜ੍ਹੋ :ਡ੍ਰੈਗਨ ਫਰੂਟ ਦੀ ਖੇਤੀ ਕਰ ਮਾਨਸਾ ਦੇ ਨੌਜਵਾਨ ਕਿਸਾਨ ਨੇ ਪੇਸ਼ ਕੀਤੀ ਮਿਸਾਲ
ਦੂਜੇ ਪਾਸੇ ਜਦ ਪੱਤਰਕਾਰਾਂ ਨੇ ਪਟਿਆਲਾ ਦੀ ਸਾਂਸਦ ਮਹਾਰਾਣੀ ਪਰਨੀਤ ਕੌਰ ਤੋਂ ਵਿਧਾਇਕਾਂ ਦੀ ਨਾਰਾਜ਼ਗੀ ਬਾਰੇ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਅਜਿਹੀ ਕੋਈ ਗੱਲ ਨਹੀਂ ਹੈ ਅਤੇ ਉਹ ਪੱਤਰਕਾਰਾਂ ਦੇ ਸਵਾਲਾਂ ਤੋਂ ਬਚਦੇ ਨਜ਼ਰ ਆਏ।