ਪਟਿਆਲਾ: ਕੋਰੋਨਾ ਮਹਾਂਮਾਰੀ ਦੌਰਾਨ ਸਰਕਾਰੀ ਸਿਹਤ ਪ੍ਰਬੰਧਾਂ ਨੂੰ ਲੈ ਕੇ ਵੱਖ-ਵੱਖ ਸਮੇਂ 'ਤੇ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਹੁੰਦੇ ਰਹੇ ਹਨ। ਕੇਂਦਰ ਜਾਂ ਪੰਜਾਬ ਸਰਕਾਰ ਸਭ ਕੁਝ ਸਹੀ ਕਹਿਣ ਦੇ ਭਾਂਵੇ ਲੱਖ ਦਾਅਵੇ ਕਰ ਲਵੇ ਪਰ ਸਰਕਾਰ ਦੇ ਇਨ੍ਹਾਂ ਦਾਅਵਿਆਂ ਦੀ ਪੋਲ ਕਿਸੇ ਨਾ ਕਿਸੇ ਤਰੀਕੇ ਖੁੱਲ੍ਹ ਜਾਂਦੀ ਹੈ। ਇਸੇ ਤਰ੍ਹਾਂ ਹੀ ਪੰਜਾਬ ਸਰਕਾਰ ਦੇ ਦਾਵਿਆਂ ਦੀ ਪੋਲ ਉਸ ਵੇਲੇ ਖੁੱਲ੍ਹੀ ਜਦੋਂ ਵਿਧਾਨ ਸਭਾ ਹਲਕਾ ਸ਼ੁਤਰਾਣਾ ਦੇ ਵਿਧਾਇਕ ਨਿਰਮਲ ਸਿੰਘ ਕੋਰੋਨਾ ਤੋਂ ਪੀੜਤ ਪਾਏ ਜਾਣ ਤੋਂ ਇੱਕ ਦਿਨ ਵਿੱਚ ਹੀ ਸਰਕਾਰੀ ਰਜਿੰਦਰਾ ਹਸਪਤਾਲ ਵਿੱਚੋਂ ਇੱਕ ਨਿੱਜੀ ਹਸਪਤਾਲ ਵਿੱਚ ਤਬਦੀਲ ਹੋ ਗਏ।
ਦਰਅਸਲ ਵਿਧਾਇਕ ਸਾਬ੍ਹ ਜਦੋਂ ਕੋਰੋਨਾ ਤੋਂ ਪੀੜਤ ਪਾਏ ਗਏ ਸਨ ਤਾਂ ਉਨ੍ਹਾਂ ਨੂੰ ਸਰਕਾਰੀ ਰਜਿੰਦਰਾ ਹਸਪਤਾਲ ਦੇ ਆਈਸੋਲੇਸ਼ਨ ਵਾਰਡ ਵਿੱਚ ਇਲਾਜ ਲਈ ਦਾਖ਼ਲ ਕਰਵਾਇਆ ਗਿਆ ਸੀ। ਇਸ ਮੌਕੇ ਉਨ੍ਹਾਂ ਨੇ ਇੱਕ ਵੀਡੀਓ ਸੁਨੇਹਾ ਜਾਰੀ ਕਰਕੇ ਹਸਪਤਾਲ ਵਿੱਚ ਉਨ੍ਹਾਂ ਦੀ ਚੰਗੀ ਦੇਖਭਾਲ ਕੀਤੇ ਜਾਣ ਅਤੇ ਸੁਚੱਜੇ ਪ੍ਰਬੰਧਾਂ ਦੀ ਗੱਲ ਆਖੀ ਸੀ। ਇਸ ਦੇ ਨਾਲ ਹੀ ੳੇੁਨ੍ਹਾਂ ਨੇ ਹਸਪਤਾਲ ਦੇ ਅਮਲੇ ਦੀ ਵੀ ਸਰਾਹਨਾ ਕੀਤੀ ਸੀ।
ਇਸ ਵੀਡੀਓ ਦੇ ਜਾਰੀ ਹੋਣ ਤੋਂ ਕੁਝ ਸਮੇਂ ਬਾਅਦ ਹੀ ਵਿਧਾਇਕ ਜੀ ਹਸਪਤਾਲ ਵਿੱਚੋਂ ਇੱਕ ਨਿੱਜੀ ਹਸਪਤਾਲ ਵਿੱਚ ਇਲਾਜ ਲਈ ਤਬਦੀਲ ਹੋ ਗਏ। ਇਸ ਮਗਰੋਂ ਜਿੱਥੇ ਵਿਧਾਇਕ 'ਤੇ ਉਸ ਵੀਡੀਓ ਨੂੰ ਲੈ ਕੇ ਕਈ ਸਵਾਲ ਖੜ੍ਹੇ ਹੋਏ ਹਨ ਉਥੇ ਹੀ ਪੰਜਾਬ ਸਰਕਾਰ ਦੇ ਸਿਹਤ ਪ੍ਰਬੰਧ ਵੀ ਸਵਾਲਾਂ ਦੇ ਘੇਰੇ ਵਿੱਚ ਹਨ। ਸੂਤਰਾਂ ਦਾ ਆਖਣਾ ਹੈ ਕਿ ਵਿਧਾਇਕ ਜੀ ਨੇ ਹਸਪਤਾਲ ਇਸ ਲਈ ਤਬਦੀਲ ਕੀਤਾ ਹੈ ਕਿਉਂਕਿ ਰਜਿੰਦਰਾ ਹਸਪਤਾਲ ਵਿੱਚ ਸਫਾਈ ਦੇ ਉਚਿਤ ਪ੍ਰਬੰਧ ਨਹੀਂ ਹਨ।
ਇਸ ਘਟਨਾ ਤੋਂ ਬਾਅਦ ਵਿਰੋਧੀ ਪਾਰਟੀਆਂ ਪੰਜਾਬ ਸਰਕਾਰ ਦੇ ਸਿਹਤ ਪ੍ਰਬੰਧਾਂ 'ਤੇ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਕਰ ਰਹੀਆਂ ਹਨ। ਇਸ ਤੋਂ ਇਲਾਵਾ ਸਰਕਾਰ ਦੇ ਕੋਰੋਨਾ ਦੇ ਇਲਾਜ ਲਈ ਪ੍ਰਬੰਧਾਂ ਦੀ ਪੋਲ ਤਾਂ ਪਹਿਲਾਂ ਕੋਰੋਨਾ ਪੀੜਤ ਪਾਏ ਗਏ ਮੰਤਰੀਆਂ ਅਤੇ ਵਿਧਾਇਕ ਨੇ ਹੀ ਖੋਲ੍ਹ ਦਿੱਤੀ ਜਦੋਂ ਇਨ੍ਹਾਂ ਵਿੱਚੋਂ ਬਹੁਤਿਆਂ ਨੇ ਆਪਣੇ ਇਲਾਜ ਲਈ ਨਿੱਜੀ ਹਸਪਤਾਲਾਂ ਨੂੰ ਤਰਜੀਹ ਦਿੱਤੀ ਸੀ।