ਪਟਿਆਲਾ : ਆਮ ਆਦਮੀ ਪਾਰਟੀ ਵੱਲੋਂ ਸ਼ਹਿਰ 'ਚ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ। ਇਸ ਦੌਰਾਨ "ਆਪ" ਦੇ ਸੀਨੀਅਰ ਲੀਡਰ ਡਾ. ਬਲਬੀਰ ਸਿੰਘ ਨੇ ਕਾਂਗਰਸ ਅਤੇ ਅਕਾਲੀ-ਭਾਜਪਾ ਸਰਕਾਰ ਉੱਤੇ ਨਿਸ਼ਾਨੇ ਸਾਧੇ।
ਡਾ. ਬਲਬੀਰ ਸਿੰਘ ਨੇ ਕਿਹਾ ਕਿ ਕਾਂਗਰਸ ਤੇ ਅਕਾਲੀ ਭਾਜਪਾ ਸਰਕਾਰ ਆਪਸੀ ਮਿਲੀਭੁਗਤ ਨਾਲ ਪੰਜਾਬ 'ਚ ਨਸ਼ੇ ਦਾ ਕਾਰੋਬਾਰ ਕਰ ਰਹੀਆਂ ਹਨ। ਦੋਹਾਂ ਵਿਰੋਧੀ ਪਾਰਟੀਆਂ ਉੱਤੇ ਵਰ੍ਹਦਿਆਂ ਉਨ੍ਹਾਂ ਕਿਹਾ ਕਿ ਜਿਥੇ ਇੱਕ ਪਾਸੇ ਅਕਾਲੀ-ਭਾਜਪਾ ਸਰਕਾਰ ਵੱਲੋਂ ਨਸ਼ੇ ਦਾ ਕਾਰੋਬਾਰ ਕੀਤਾ ਜਾ ਰਿਹਾ ਹੈ ਉਥੇ ਹੀ ਦੂਜੇ ਪਾਸੇ ਘਨੌਰ ਇਲਾਕੇ ਦੇ ਕਾਂਗਰਸੀ ਆਗੂ ਨਕਲੀ ਸ਼ਰਾਬ ਦਾ ਕਾਰੋਬਾਰ ਕਰ ਰਹੇ ਹਨ।
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਆਮ ਲੋਕਾਂ ਬਾਰੇ ਕੁੱਝ ਵੀ ਨਹੀਂ ਸੋਚਦੀ। ਉਨ੍ਹਾਂ ਆਖਿਆ ਕਿ ਨਸ਼ੇ ਦਾ ਕਾਰੋਬਾਰ ਹੋਵੇ ਜਾਂ ਰੇਤ ਮਾਫੀਏ ਦੀ ਗੱਲ ਹੋਵੇ, ਸੂਬੇ 'ਚ ਸ਼ਰੇਆਮ ਗ਼ੈਰ-ਕਾਨੂੰਨੀ ਕੰਮ ਕੀਤੇ ਜਾ ਰਹੇ ਹਨ। ਬਲਬੀਰ ਸਿੰਘ ਨੇ ਕਿਹਾ ਕਿ ਨਕਲੀ ਸ਼ਰਾਬ ਮਾਫੀਆ ਦੇ ਚਲਦੇ ਪੰਜਾਬ 'ਚ ਹਰ ਸਾਲ 30 ਹਜ਼ਾਰ ਕਰੋੜ ਰੁਪਏ ਦਾ ਘਾਟਾ ਪੈ ਰਿਹਾ ਹੈ। ਉਨ੍ਹਾਂ ਰੇਤਾ-ਬਜ਼ਰੀ ਸਣੇ ਹਰ ਘੁਟਾਲੇ ਦੇ ਪਿੱਛੇ ਅਕਾਲੀ-ਭਾਜਪਾ ਅਤੇ ਕਾਂਗਰਸ ਦਾ ਹੱਥ ਦੱਸਿਆ।
ਉਨ੍ਹਾਂ ਕਿਹਾ ਕਿ ਇਨ੍ਹਾਂ ਵੱਖ-ਵੱਖ ਮਾਫੀਆ ਕਾਰੋਬਾਰਾਂ ਦੇ ਚਲਦੇ ਪੰਜਾਬ ਦਾ ਸਰਕਾਰੀ ਖ਼ਜਾਨਾ ਘੱਟਦਾ ਜਾ ਰਿਹਾ ਹੈ। ਡਾ. ਬਲਬੀਰ ਸਿੰਘ ਨੇ ਆਖਿਆ ਕਿ ਭਾਵੇਂ ਕਿਸੇ ਵੀ ਮਹਿਕਮੇ 'ਚ ਘੁਟਾਲੇ ਦੀ ਗੱਲ ਕੀਤੀ ਜਾਵੇ ਉਸ ਪਿਛੇ ਇਨ੍ਹਾਂ ਦੋਹਾਂ ਪਾਰਟੀਆਂ ਦਾ ਹੱਥ ਹੁੰਦਾ ਹੈ।
ਉਨ੍ਹਾਂ ਆਖਿਆ ਕਿ ਹਰ ਸਾਲ ਪੰਜਾਬ ਦੇ ਸਰਕਾਰੀ ਖ਼ਜਾਨੇ ਵਿੱਚ ਜੋ ਇੱਕ ਲੱਖ ਕੋਰੜ ਰੁਪਏ ਪਹੁੰਚਣੇ ਚਾਹੀਦੇ ਹਨ ਉਹ ਨਹੀਂ ਪਹੁੰਚ ਪਾ ਰਹੇ। ਬਿਜਲੀ ਦੇ ਰੇਟ ਵਿੱਚ ਵਾਧੇ ਨੂੰ ਲੈ ਕੇ ਉਨ੍ਹਾਂ ਆਖਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਬਿਜਲੀ ਦੇ ਰੇਟ ਅਗਲੇ ਸਾਲ ਵਧਾਏ ਜਾਣਗੇ।
ਇਸ ਦੇ ਪਿਛੇ ਦਾ ਕਾਰਨ ਇਹ ਹੈ ਕਿ 2022 ਵਿੱਚ ਮੁੜ ਚੋਣਾਂ ਆ ਜਾਣਗੀਆਂ। ਉਨ੍ਹਾਂ ਆਖਿਆ ਕਿ ਇੱਕ ਸਾਲ ਬਿਜਲੀ ਦਰਾਂ ਘਟਾ ਕੇ ਅਗਲੇ ਚਾਰ ਸਾਲ ਤੱਕ ਆਮ ਲੋਕਾਂ ਕੋਲੋਂ ਲੁੱਟ ਕੀਤੀ ਜਾਂਦੀ ਹੈ।