ਲੁਧਿਆਣਾ: ਜਗਰਾਉਂ ਵਿਖੇ ਨਗਰ ਕੌਂਸਲ ਦੀਆਂ ਚੋਣਾਂ 'ਚ ਮਿਲੀ ਕਰਾਰੀ ਹਾਰ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਜਗਰਾਉਂ ਦੀ ਵਿਧਾਇਕਾ ਬੀਬੀ ਸਰਬਜੀਤ ਕੌਰ ਮਾਣੂਕੇ ਨੇ ਆਪਣੇ ਵਰਕਰਾਂ ਨਾਲ ਮਿਲ ਕੇ ਧਰਨੇ ਲਗਾਏ। ਇਸ ਦੇ ਚਲਦੇ ਜਗਰਾਉਂ ਪੁਲਿਸ ਨੇ ਵਿਧਾਇਕਾ ਤੇ 'ਆਪ' ਵਰਕਰਾਂ 'ਤੇ ਪਰਚੇ ਦਰਜ ਕਰ ਦਿੱਤੇ। ਵਿਧਾਇਕਾ ਤੇ 'ਆਪ' ਵਰਕਰਾਂ ਉੱਤੇ ਕੀਤੇ ਗਏ ਪਰਚੇ ਰੱਦ ਕਰਵਾਉਣ ਲਈ ਜਗਰਾਉਂ ਆਮ ਆਦਮੀ ਪਾਰਟੀ ਨੇ ਧਰਨਾ ਲਾਇਆ।
ਆਮ ਆਦਮੀ ਪਾਰਟੀ ਵੱਲੋਂ ਆਪਣੀਆਂ ਮੰਗਾਂ ਨੂੰ ਮਨਵਾਉਣ ਲਈ ਜਗਰਾਉਂ ਵਿਖੇ ਧਰਨਾ ਲਾਇਆ ਗਿਆ। 'ਆਪ' ਦੀ ਸਮੁੱਚੀ ਲੀਡਰਸ਼ਿਪ ਇਸ ਧਰਨੇ 'ਚ ਪਹੁੰਚੀ। ਇਸ ਮੌਕੇ ਵਿਰੋਧੀ ਧਿਰ ਨੇਤਾ ਹਰਪਾਲ ਸਿੰਘ ਚੀਮਾ, ਵਿਧਾਇਕ ਅਮਨ ਅਰੋੜਾ ਸਣੇ ਕਈ ਆਗੂ ਪਹੁੰਚੇ।
ਪੰਜਾਬ ਦੀ ਵਿਧਾਇਕਾ ਤੇ ਸੀਨੀਅਰ 'ਆਪ' ਆਗੂਆਂ ਨੇ ਮਿਲ ਕੇ ਜਗਰਾਉਂ ਪੁਲਿਸ ਪ੍ਰਸ਼ਾਸਨ ਖਿਲਾਫ਼ ਨਾਅਰੇ ਲਗਾਏ। ਪਰਚੇ ਰੱਦ ਕਰਵਾਉਣ ਲਈ ਸੰਮੁਚੀ ਲੀਡਰਸ਼ਿਪ ਦਾ ਇੱਕ ਸਮੂਹ ਨੇ ਐਸਐਸਪੀ ਜਗਰਾਉਂ ਚਰਨਜੀਤ ਸਿੰਘ ਸੋਹਲ ਨਾਲ ਮੁਲਾਕਾਤ ਕੀਤੀ। ਇਸ ਮੌਕੇ ਹਰਪਾਲ ਚੀਮਾ ਅਤੇ ਹੋਰਨਾਂ ਵਿਧਾਇਕਾਂ ਨੇ ਕਿਹਾ ਕਿ ਸ਼ਰੇਆਮ ਸਰਕਾਰ ਦੇ ਦਵਾਬ ਹੇਠਾਂ ਇਹ ਕਾਰਵਾਈ ਹੋਈ ਹੈ ਤੇ ਚੋਣਾਂ ਦੌਰਾਨ 'ਆਪ' ਨਾਲ ਧੱਕੇਸ਼ਾਹੀ ਕੀਤੀ ਗਈ ਹੈ।
ਦੂਜੇ ਪਾਸੇ ਜਦ ਇਸ ਸਬੰਧੀ ਐਸਐਸਪੀ ਚਰਨਜੀਤ ਸਿੰਘ ਸੋਹਲ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਪੁਲਿਸ ਵੱਲੋਂ ਇਹ ਕਾਰਵਾਈ ਕਿਸੇ ਦਬਾਅ ਹੇਠ ਨਹੀਂ ਸਗੋਂ ਕਾਨੂੰਨ ਦੀ ਉਲੰਘਣਾ ਕਰਨ 'ਤੇ ਕੀਤੀ ਗਈ ਹੈ। ਇਸ ਤੋਂ ਇਲਾਵਾ ਉਨ੍ਹਾਂ ਨਿਰਪੱਖ ਚੋਣਾਂ ਹੋਣ ਦੀ ਗੱਲ ਆਖੀ।