ਲੁਧਿਆਣਾ: ਪੰਜਾਬ ਵਿਧਾਨਸਭਾ ਚੋਣਾਂ 2022 (Punjab Assembly Election 2022) ਨੂੰ ਕੁਝ ਹੀ ਸਮਾਂ ਰਹਿ ਗਿਆ ਹੈ। ਜਿਸਦੇ ਚੱਲਦੇ ਉਮੀਦਵਾਰਾਂ ਵੱਲੋਂ ਆਪਣੇ ਆਪਣੇ ਹਲਕੇ ’ਚ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ। ਉੱਥੇ ਹੀ ਦੂਜੇ ਪਾਸੇ ਪ੍ਰਸ਼ਾਸਨ ਵੱਲੋਂ ਵੀ ਆਪਣੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਇਸੇ ਦੇ ਚੱਲਦੇ ਪ੍ਰਸ਼ਾਸਨ ਵੱਲੋਂ ਸਰਕਾਰੀ ਮੁਲਾਜ਼ਮਾਂ ਦੀਆਂ ਵੱਖ ਵੱਖ ਡਿਊਟੀਆਂ ਲਗਾਈਆਂ ਜਾ ਰਹੀਆਂ ਹਨ।
ਦੱਸ ਦਈਏ ਕਿ ਵਿਧਾਨਸਭਾ ਚੋਣਾਂ ਨੂੰ ਲੈ ਕੇ ਸਰਕਾਰੀ ਮੁਲਾਜ਼ਮਾਂ ਦੀਆਂ ਵੱਖ ਵੱਖ ਡਿਊਟੀਆਂ ਲੱਗ ਰਹੀਆਂ ਹਨ ਪਰ ਮੁਲਾਜ਼ਮ ਵੱਖ-ਵੱਖ ਬਹਾਨੇ ਲਗਾ ਕੇ ਆਪਣੀਆਂ ਡਿਊਟੀਆਂ ਹਟਵਾਉਣ ਲਈ ਅਰਜ਼ੀਆਂ ਭੇਜ ਰਹੇ ਹਨ। ਜਿਸ ਦੀ ਪੁਸ਼ਟੀ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਕਮ ਚੋਣ ਅਫਸਰ ਵਰਿੰਦਰ ਸ਼ਰਮਾ ਨੇ ਕੀਤੀ ਹੈ।
ਵਰਿੰਦਰ ਸ਼ਰਮਾ ਨੇ ਕਿਹਾ ਕਿ ਉਨ੍ਹਾਂ ਕੋਲ ਅਜਿਹੀਆਂ ਛੁੱਟੀਆਂ ਲਈ ਇੱਕ ਹਜ਼ਾਰ ਤੋਂ ਵੱਧ ਅਰਜ਼ੀਆਂ ਆਈਆਂ ਹਨ। ਇਸ ਸਬੰਧੀ ਪ੍ਰਸ਼ਾਸਨ ਵੱਲੋਂ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ।
ਡਿਪਟੀ ਕਮਿਸ਼ਨਰ ਵਰਿੰਦਰ ਸ਼ਰਮਾ ਨੇ ਕਿਹਾ ਕਿ ਜੋ ਲੋਕ ਆਪਣੀ ਡਿਊਟੀ ਤੋਂ ਭੱਜ ਰਹੇ ਹਨ ਜਾਂ ਬਿਨਾਂ ਵਜ੍ਹਾ ਛੁੱਟੀ ਲੈ ਰਹੇ ਹਨ ਮੈਡੀਕਲ ਪੈਨਲ ਬਣਾ ਕੇ ਚੋਣਾਂ ਤੋਂ ਬਾਅਦ ਉਨ੍ਹਾਂ ਨੂੰ ਪੱਕੇ ਤੌਰ ’ਤੇ ਹੀ ਘਰ ਬਿਠਾਇਆ ਜਾਵੇਗਾ ਅਤੇ ਜਾਂ ਉਨ੍ਹਾਂ ਨੂੰ ਜਲਦੀ ਰਿਟਾਇਰਮੈਂਟ ਦਿੱਤੀ ਜਾਵੇਗੀ।
ਉਨ੍ਹਾਂ ਇਹ ਵੀ ਕਿਹਾ ਕਿ ਕਈ ਮਹਿਲਾਵਾਂ ਨੇ ਇਹ ਬਹਾਨਾ ਲਗਾਇਆ ਕਿ ਉਹ ਆਪਣੇ ਬਜ਼ੁਰਗ ਸੱਸ ਸਹੁਰੇ ਦੀ ਸੇਵਾ ਕਰ ਰਹੇ ਹਨ ਡੀਸੀ ਨੇ ਤੰਜ ਕੱਸਦਿਆਂ ਕਿਹਾ ਕਿ ਉਹ ਉਨ੍ਹਾਂ ਦੀ ਸੇਵਾ ਦੀ ਬੜੀ ਕਦਰ ਕਰਦੇ ਹਨ ਇਸ ਕਰਕੇ ਜੋ ਅਜਿਹੇ ਬਹਾਨੇ ਲਗਾ ਰਹੇ ਹਨ ਉਨ੍ਹਾਂ ’ਤੇ ਸਖਤ ਕਾਰਵਾਈ ਹੋਵੇਗੀ।
ਇਹ ਵੀ ਪੜੋ: ਗੁਰਮੀਤ ਰਾਮ ਰਹੀਮ ਜੇਲ੍ਹ ਤੋਂ ਆਇਆ ਬਾਹਰ, 21 ਦਿਨ੍ਹਾਂ ਦੀ ਮਿਲੀ ਫਰਲੋ.....