ਲੁਧਿਆਣਾ: ਪੱਛਮੀ ਹਲਕੇ ਦੇ ਸਾਰੇ ਸਰਕਾਰੀ ਸਕੂਲਾਂ ਵਿੱਚ ਹੁਣ ਬਿਜਲੀ ਸੋਲਰ ਊਰਜਾ ਪ੍ਰਾਜੈਕਟ ਰਾਹੀਂ ਸਪਲਾਈ ਕੀਤੀ ਜਾਵੇਗੀ। ਸਕੂਲ ਵਿੱਚ ਪਲਾਂਟ ਲੱਗਣਗੇ ਜਿਸ ਦੀ ਮਨਜ਼ੂਰੀ ਪੰਜਾਬ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ਲੈ ਲਈ ਹੈ। ਉਨ੍ਹਾਂ ਦੱਸਿਆ ਕਿ ਪਹਿਲੇ ਪੜਾਅ ਦੇ ਤਹਿਤ 29 ਸਕੂਲਾਂ ਵਿੱਚ ਇਹ ਪਲਾਂਟ ਲੱਗਣਗੇ, ਜਿਸ ਨਾਲ ਨਾ ਸਿਰਫ ਸਕੂਲਾਂ ਦੇ ਬਿਜਲੀ ਦੇ ਬਿੱਲ ਬਚਣਗੇ ਸਗੋਂ ਬਿਜਲੀ ਜਾਣ ਦੀ ਸੂਰਤ 'ਚ ਵੀ ਨਿਰਵਿਘਨ ਸਿੱਖਿਆ ਜਾਰੀ ਰਹੇਗੀ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਲਗਭਗ ਸਵਾ ਕਰੋੜ ਰੁਪਏ ਦਾ ਪ੍ਰਾਜੈਕਟ ਪਾਸ ਹੋ ਗਿਆ ਹੈ ਅਤੇ ਸਿੱਖਿਆ ਵਿਭਾਗ ਲਈ ਪੰਜਾਬ ਸਰਕਾਰ ਵੱਲੋਂ ਇਹ ਉਪਰਾਲੇ ਕੀਤੇ ਜਾ ਰਹੇ ਹਨ।
ਉਧਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੀ ਪ੍ਰਿੰਸੀਪਲ ਤਸਕੀਨ ਅਖ਼ਤਰ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਵੀ ਇਸ ਦਾ ਪ੍ਰਪੋਜ਼ਲ ਸਿੱਖਿਆ ਵਿਭਾਗ ਨੂੰ ਭੇਜਿਆ ਗਿਆ ਸੀ ਜਿਸ ਦੀ ਮਨਜੂਰੀ ਮਿਲ ਰਹੀ ਹੈ। ਉਨ੍ਹਾਂ ਦੱਸਿਆ ਕਿ ਹਰ ਮਹੀਨੇ ਸਕੂਲ ਦੇ ਬਿਜਲੀ ਦਾ ਬਿੱਲ 25-50 ਹਜ਼ਾਰ ਰੁਪਏ ਤੱਕ ਆਉਂਦਾ ਹੈ। ਸੋਲਰ ਪਲਾਂਟ ਲੱਗਣ ਨਾਲ ਇਸ ਤੋਂ ਛੁਟਕਾਰਾ ਮਿਲੇਗਾ ਨਾਲ ਹੀ ਬਿਜਲੀ ਜਾਣ ਦੀ ਸੂਰਤ 'ਚ ਬੱਚਿਆਂ ਦੀ ਪੜ੍ਹਾਈ ਦਾ ਨੁਕਸਾਨ ਨਹੀਂ ਹੋਵੇਗਾ।
ਪੰਜਾਬ ਸਿੱਖਿਆ ਵਿਭਾਗ ਵੱਲੋਂ ਜਿੱਥੇ ਇੱਕ ਪਾਸੇ ਸਕੂਲਾਂ ਦਾ ਸਿੱਖਿਆ ਦਾਵ ਮਿਆਰ ਉੱਚਾ ਚੁੱਕਣ ਲਈ ਉਪਰਾਲੇ ਕੀਤੇ ਜਾ ਰਹੇ ਹਨ। ਉਥੇ ਹੀ ਦੂਜੇ ਪਾਸੇ ਸਕੂਲਾਂ ਦੇ ਵਿੱਚ ਨਿਰਵਿਘਨ ਬਿਜਲੀ ਸਪਲਾਈ ਕਰਨ ਲਈ ਸੋਲਰ ਸਿਸਟਮ ਪਲਾਂਟ ਵੀ ਲਾਏ ਜਾ ਰਹੇ ਹਨ, ਜੋ ਕਿ ਇੱਕ ਸ਼ਲਾਘਾਯੋਗ ਕਦਮ ਹੈ।