ਲੁਧਿਆਣਾ: ਪੰਜਾਬ 'ਚ ਮਈ ਮਹੀਨੇ 'ਚ ਆਮ ਨਾਲੋਂ ਘੱਟ ਗਰਮੀ ਪਈ ਹੈ। ਇਹ ਦਾਅਵਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮੌਸਮ ਵਿਭਾਗ ਨੇ ਕੀਤਾ ਹੈ। ਉਨ੍ਹਾਂ ਦਾ ਕਹਿਣਾ ਕਿ ਮਈ ਮਹੀਨੇ ਵਿੱਚ ਜ਼ਿਆਦਾਤਰ ਆਮ ਨਾਲੋਂ ਪਾਰਾ 2-3 ਡਿਗਰੀ ਘੱਟ ਰਿਹਾ ਹੈ, ਉਨ੍ਹਾਂ ਦੱਸਿਆ ਕਿ ਆਉਣ ਵਾਲੇ 48 ਘੰਟਿਆਂ ਅੰਦਰ ਪੰਜਾਬ ਵਿੱਚ ਮੌਸਮ ਬੱਦਲਵਾਈ ਵਾਲਾ ਜਾਂ ਕਿਤੇ-ਕਿਤੇ ਹਲਕੀ ਬਾਰਿਸ਼ ਵਾਲਾ ਰਹੇਗਾ। ਜਿਸ ਨਾਲ ਲੋਕਾਂ ਨੂੰ ਗਰਮੀ ਤੋਂ ਕੁਝ ਰਾਹਤ ਮਿਲੇਗੀ। ਡਾ. ਪ੍ਰਭਜੋਤ ਕੌਰ ਨੇ ਕਿਹਾ ਕਿ ਮੌਸਮ ਵਿੱਚ ਵੱਡੀਆਂ ਤਬਦੀਲੀਆਂ ਵੀ ਵੇਖਣ ਨੂੰ ਮਿਲ ਰਹੀਆਂ ਹਨ, ਪਰ ਚੰਗੀ ਖ਼ਬਰ ਇਹ ਹੈ ਕਿ ਮੌਨਸੂਨ ਸਮੇਂ ਸਿਰ ਦੇਸ਼ ਅੰਦਰ ਆ ਰਿਹਾ ਹੈ ਅਤੇ ਉਮੀਦ ਹੈ ਕਿ ਪਹਿਲੀ ਜੁਲਾਈ ਤੱਕ ਪੰਜਾਬ 'ਚ ਵੀ ਦਾਖਲ ਹੋ ਜਾਵੇਗਾ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਮੌਸਮ ਵਿਭਾਗ ਦੀ ਮੁਖੀ ਡਾ. ਪ੍ਰਭਜੋਤ ਕੌਰ ਨੇ ਦੱਸਿਆ ਕਿ ਮਈ ਮਹੀਨੇ ਵਿੱਚ ਜ਼ਿਆਦਾਤਰ ਪਾਰਾ ਚਾਲੀ ਡਿਗਰੀ ਤੋਂ ਹੇਠਾਂ ਰਿਹਾ ਹੈ। ਸਿਰਫ਼ ਇੱਕ ਅੱਧੇ ਦਿਨ ਹੀ ਗਰਮੀ ਜ਼ਿਆਦਾ ਵਧੀ ਹੈ। ਉਨ੍ਹਾਂ ਦੱਸਿਆ ਕਿ ਲਗਾਤਾਰ ਆ ਰਹੇ ਸਾਈਕਲੋਨ ਅਤੇ ਚੱਕਰਵਾਤ ਕਾਰਨ ਗਰਮੀ ਉਸ ਪੱਧਰ ਦੀ ਨਹੀਂ ਪੈ ਰਹੀ ਅਤੇ ਨਾਲ ਹੀ ਉਨ੍ਹਾਂ ਇਹ ਵੀ ਕਿਹਾ ਕਿ ਆਉਂਦੇ ਦਿਨਾਂ 'ਚ ਮੌਸਮ ਗਰਮੀ ਤੋਂ ਕੁਝ ਰਾਹਤ ਦੇਵੇਗਾ।
ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਵਿਸ਼ਵ ਭਰ ਵਿੱਚ ਵੱਡੇ ਕਲਾਈਮੇਟ ਚੇਂਜ ਹੋ ਰਹੇ ਹਨ, ਜਿਸ ਕਰਕੇ ਧਰਤੀ ਦੇ ਅੰਦਰੂਨੀ ਤਾਪਮਾਨ 'ਚ ਸਿਰਫ਼ ਇੱਕ ਡਿਗਰੀ ਦਾ ਹੀ ਫ਼ਰਕ ਪਿਆ ਹੈ। ਉਨ੍ਹਾਂ ਦੱਸਿਆ ਕਿ ਇਸਦਾ ਜਾਨਵਰਾਂ ਅਤੇ ਬਨਸਪਤੀ 'ਤੇ ਜ਼ਿਆਦਾ ਅਸਰ ਵੇਖਣ ਨੂੰ ਮਿਲ ਰਿਹਾ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਇਸੀ ਕਾਰਨ ਗਰਮੀ ਅਤੇ ਸਰਦੀਆਂ ਆਪਣੇ ਸਮੇਂ ਤੋਂ ਦੇਰੀ ਨਾਲ ਜਾਂ ਪਹਿਲਾਂ ਆ ਜਾਂਦੀਆਂ ਹਨ। ਜਿਸ ਨਾਲ ਇਕਦਮ ਗਰਮੀ ਕਦੇ ਵੱਧ ਜਾਂਦੀ ਹੈ ਅਤੇ ਕਦੇ ਸਰਦੀ ਵੱਧ ਜਾਂਦੀ ਹੈ। ਉਨ੍ਹਾਂ ਕਿਹਾ ਕਿ ਇਸ ਦਾ ਇੱਕੋ-ਇੱਕ ਕਾਰਨ ਹੈ, ਜੋ ਲਗਾਤਾਰ ਪ੍ਰਦੂਸ਼ਣ ਵਧ ਰਿਹਾ ਹੈ ਅਤੇ ਅਸੀਂ ਹਰਿਆਲੀ ਤੋਂ ਲਗਾਤਾਰ ਦੂਰ ਹੁੰਦੇ ਜਾ ਰਹੇ ਹਾਂ। ਉਨ੍ਹਾਂ ਦੱਸਿਆ ਕਿ ਪੰਜਾਬ ਜੋ ਕਿ ਖੇਤੀਬਾੜੀ ਸੂਬਾ ਹੈ, ਉਸ ਥਾਂ 'ਤੇ ਏਅਰ ਕੁਆਲਿਟੀ ਇੰਡੈਕਸ ਹੇਠਾਂ ਡਿੱਗ ਰਿਹਾ ਹੈ ਜੋ ਕਿ ਚਿੰਤਾ ਦਾ ਵਿਸ਼ਾ ਹੈ।
ਇਹ ਵੀ ਪੜ੍ਹੋ:Bargari Beadavi Case: 6 ਮਹੀਨੇ ’ਚ ਹੋਵੇਗਾ ਇਨਸਾਫ, ਸਰਕਾਰ ਕੋਲ ਅਜੇ 9 ਮਹੀਨੇ ਬਾਕੀ..