ਲੁਧਿਆਣਾ: ਲੁਧਿਆਣਾ ਦਾ ਬੁੱਢਾ ਨਾਲਾ ਇੱਕ ਵੱਡੀ ਸਮੱਸਿਆ ਬਣਿਆ ਹੋਇਆ ਹੈ। ਈਟੀਵੀ ਭਾਰਤ ਵੱਲੋਂ ਚਲਾਈ ਗਈ ਮੁਹਿੰਮ ਦੇ ਚਲਦੇ ਐਨਜੀਟੀ ਵੱਲੋਂ ਹੁਣ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵਿਰੁੱਧ ਸਖ਼ਤੀ ਵਰਤੀ ਜਾ ਰਹੀ ਹੈ। ਪ੍ਰਦੂਸ਼ਣ ਕੰਟਰੋਲ ਬੋਰਡ ਨੇ ਨਗਰ ਨਿਗਮ ਦੇ ਮੇਅਰ ਕਮਿਸ਼ਨਰ ਸਣੇ 4 ਅਫ਼ਸਰਾਂ ਅਤੇ 2 ਆਮ ਲੋਕਾਂ 'ਤੇ ਮਾਮਲਾ ਦਰਜ ਕਰ ਲਿਆ ਹੈ। ਵੀਰਵਾਰ ਨਗਰ ਨਿਗਮ ਦੇ ਮੇਅਰ ਅਤੇ ਕਮਿਸ਼ਨਰ ਸਣੇ ਹੋਰਨਾਂ ਅਫ਼ਸਰਾਂ ਨੂੰ ਲੁਧਿਆਣਾ ਜ਼ਿਲ੍ਹਾ ਅਦਾਲਤ ਤੋਂ ਜ਼ਮਾਨਤ ਮਿਲ ਗਈ ਹੈ।
ਇਸ ਮੌਕੇ ਮੇਅਰ ਅਤੇ ਕਮਿਸ਼ਨਰ ਮੀਡੀਆ ਤੋਂ ਬਚਦੇ ਹੋਏ ਵੀ ਵਿਖਾਈ ਦਿੱਤੇ। ਜਦ ਕਿ ਨਗਰ ਨਿਗਮ ਦੇ ਵਕੀਲ ਨੇ ਦੱਸਿਆ ਕਿ ਮੇਅਰ ਅਤੇ ਕਮਿਸ਼ਨਰ ਸਣੇ 6 ਅਫ਼ਸਰਾਂ ਨੂੰ ਜ਼ਮਾਨਤ ਮਿਲ ਗਈ ਹੈ। ਕਮਿਸ਼ਨਰ ਕੰਵਲਪ੍ਰੀਤ ਕੌਰ ਬਰਾੜ ਨੂੰ ਸਵਾਲ ਕੀਤਾ ਗਿਆ ਤਾਂ ਉਹ ਮੀਡੀਆ ਤੋਂ ਬਚਦੀ ਹੋਈ ਨਜ਼ਰ ਆਈ।
ਦੂਜੇ ਪਾਸੇ ਮੇਅਰ ਨੇ ਕਿਹਾ ਕਿ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਮਾਮਲਾ ਦਰਜ ਕਰਵਾਇਆ ਗਿਆ ਸੀ ਜਿਸ ਦੀ ਉਨ੍ਹਾਂ ਨੇ ਵੀਰਵਾਰ ਨੂੰ ਲੁਧਿਆਣਾ ਜ਼ਿਲ੍ਹਾ ਅਦਾਲਤ ਤੋਂ ਜ਼ਮਾਨਤ ਲਈ ਹੈ। ਉਧਰ ਨਗਰ ਨਿਗਮ ਦੇ ਵਕੀਲ ਗੁਰਕਿਰਪਾਲ ਸਿੰਘ ਗਿੱਲ ਨੇ ਦੱਸਿਆ ਕਿ ਬੁੱਢੇ ਨਾਲ਼ੇ ਨੂੰ ਲੈ ਕੇ ਲੁਧਿਆਣਾ ਦੇ ਮੇਅਰ ਕਮਿਸ਼ਨਰ ਅਤੇ 4 ਹੋਰ ਅਫ਼ਸਰਾਂ 'ਤੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਮਾਮਲਾ ਦਰਜ ਕਰਵਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਮੇਅਰ ਕਮਿਸ਼ਨਰ ਅਤੇ ਬਾਕੀ ਅਫ਼ਸਰਾਂ ਨੂੰ ਜ਼ਮਾਨਤ ਮਿਲ ਗਈ ਹੈ ਅਤੇ ਇਹ ਮੁੱਦਾ ਉਹ ਸੈਸ਼ਨ ਕੋਰਟ ਵਿੱਚ ਵੀ ਚੁੱਕਣਗੇ ਨਾਲ ਉਨ੍ਹਾਂ ਕਿਹਾ ਕਿ ਇਸ ਮਾਮਲੇ ਦੀ ਹੁਣ ਅਗਲੀ ਸੁਣਵਾਈ 5 ਅਕਤੂਬਰ ਨੂੰ ਹੋਵੇਗੀ।
ਜ਼ਿਕਰਯੋਗ ਹੈ ਕਿ ਬੀਤੀ 1 ਮਈ ਨੂੰ ਐਨਜੀਟੀ ਦੀ ਇੱਕ ਟੀਮ ਵੱਲੋਂ ਜਮਾਲਪੁਰ ਵਿਖੇ ਲੱਗੇ ਐਸਟੀਪੀ ਦਾ ਦੌਰਾ ਕੀਤਾ ਗਿਆ ਸੀ, ਜਿਸ ਦੀ ਪ੍ਰਧਾਨਗੀ ਐਨਜੀਟੀ ਦੇ ਵੱਲੋਂ ਚੁਣੇ ਜਸਟਿਸ ਪ੍ਰੀਤਮਪਾਲ ਸਿੰਘ ਨੇ ਖ਼ੁਦ ਕੀਤੀ ਸੀ ਅਤੇ ਦੌਰੇ ਦੌਰਾਨ ਇਹ ਸਾਹਮਣੇ ਆਇਆ ਸੀ ਕਿ ਐਸਟੀਪੀ ਪਲਾਂਟ ਬੰਦ ਹੈ ਅਤੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਇਸ ਦਾ ਸਾਰਾ ਠੀਕਰਾ ਨਗਰ ਨਿਗਮ ਤੇ ਪਾਉਂਦਿਆਂ ਮੇਅਰ ਕਮਿਸ਼ਨਰ ਅਤੇ 4 ਹੋਰ ਅਫ਼ਸਰਾਂ ਤੇ ਮਾਮਲਾ ਦਰਜ ਕਰਵਾਇਆ ਸੀ।