ਲੁਧਿਆਣਾ: ਮੱਤੇਵਾੜਾ ਜੰਗਲਾਂ ਵਿੱਚ ਟੈਕਸਟਾਈਲ ਪਾਰਕ ਬਣਾਉਣ ਦੇ ਫੈਸਲੇ ਨੂੰ ਭਗਵੰਤ ਮਾਨ ਸਰਕਾਰ ਨੇ ਵਾਪਸ ਲੈ ਲਿਆ ਹੈ। ਨਾਲ ਹੀ ਕਿਹਾ ਹੈ ਕਿ ਹੁਣ ਇਸ ਥਾਂ ’ਤੇ ਸੈਰ ਸਪਾਟੇ ਨੂੰ ਪ੍ਰਫੁੱਲਿਤ ਕਰਨ ਲਈ ਸਰਕਾਰ ਵੱਲੋਂ ਕਦਮ ਚੁੱਕੇ ਜਾਣਗੇ। ਇਸ ਤੋਂ ਇਲਾਵਾ ਇਲਾਕਾ ਵਾਸੀਆਂ ਦੀ ਮੰਗ ਦੇ ਮੁਤਾਬਕ ਇਕ ਸਪੋਰਟਸ ਗਰਾਊਂਡ ਵੀ ਇਲਾਕੇ ਵਿੱਚ ਬਣਾਇਆ ਜਾਵੇਗਾ।
ਦੱਸ ਦਈਏ ਕਿ ਪਿਛਲੀ ਦਿਨੀਂ ਪਬਲਿਕ ਐਕਸ਼ਨ ਕਮੇਟੀ ਦੇ ਮੈਂਬਰਾਂ ਦੇ ਨਾਲ ਮੀਟਿੰਗ ਤੋਂ ਬਾਅਦ ਸੀਐਮ ਭਗਵੰਤ ਮਾਨ ਨੇ ਬਜਟ ਇਜਲਾਸ ਦੌਰਾਨ ਪਾਸ ਕੀਤੇ ਇਸ ਪ੍ਰਾਜੈਕਟ ਨੂੰ ਰੱਦ ਕਰਨ ਦਾ ਫ਼ੈਸਲਾ ਲਿਆ ਹੈ, ਜਿਸ ਤੋਂ ਬਾਅਦ ਇਲਾਕਾ ਵਾਸੀਆਂ ਦੇ ਅੰਦਰ ਵੀ ਖੁਸ਼ੀ ਦੀ ਲਹਿਰ ਹੈ। ਸਤਲੁਜ ਬੰਨ੍ਹ ਦੇ ਨਾਲ ਲੱਗਦੇ ਪਿੰਡਾਂ ਦੇ ਲੋਕਾਂ ਨੇ ਖੁਸ਼ੀ ਜਤਾਈ ਹੈ ਅਤੇ ਸਰਕਾਰ ਦਾ ਧੰਨਵਾਦ ਵੀ ਕੀਤਾ ਹੈ।
ਪਿੰਡ ਵਾਸੀਆਂ ਚ ਖੁਸ਼ੀ ਦੀ ਲਹਿਰ: ਮੱਤੇਵਾੜਾ ਦੇ ਨੇੜੇ ਤੇੜੇ ਕਈ ਪਿੰਡ ਲੱਗਦੇ ਹਨ ਜਿਨ੍ਹਾਂ ਦਾ ਮੁੱਖ ਕਿੱਤਾ ਖੇਤੀ ਹੀ ਹੈ ਅਤੇ ਇਨ੍ਹਾਂ ਪਿੰਡ ਵਾਸੀਆਂ ਵੱਲੋਂ ਲਗਾਤਾਰ ਮੱਤੇਵਾੜਾ ਟੈਕਸਟਾਈਲ ਪਾਰਕ ਦਾ ਵਿਰੋਧ ਕੀਤੇ ਜਾਣ ਤੋਂ ਬਾਅਦ ਸਮਾਜ ਸੇਵੀ ਸੰਸਥਾਵਾਂ ਅਤੇ ਵਾਤਾਵਰਣ ਪ੍ਰੇਮੀ ਐਕਸ਼ਨ ਵਿਚ ਆਏ ਸਨ ਅਤੇ ਹੁਣ ਟੈਕਸਟਾਈਲ ਪਾਰਕ ਰੱਦ ਹੋਣ ਤੋਂ ਬਾਅਦ ਇਲਾਕਾ ਵਾਸੀਆਂ ਦੇ ਵਿਚ ਕਾਫੀ ਖੁਸ਼ੀ ਦੀ ਲਹਿਰ ਵੇਖਣ ਨੂੰ ਮਿਲ ਰਹੀ ਹੈ। ਪਿੰਡ ਸੇਖੇਵਾਲ ਦੇ ਲੋਕਾਂ ਨੇ ਇੱਕ ਦੂਜੇ ਦਾ ਮੂੰਹ ਮਿੱਠਾ ਕਰ ਕੇ ਲੱਡੂ ਵੰਡ ਕੇ ਖੁਸ਼ੀ ਮਨਾਈ ਅਤੇ ਸਰਕਾਰ ਦਾ ਧੰਨਵਾਦ ਕੀਤਾ ਤੇ ਨਾਲ ਹੀ ਕਿਹਾ ਕਿ ਇਹ ਇਕ ਚੰਗਾ ਕਦਮ ਹੈ।
ਇਲਾਕੇ ਚ ਸੈਰ ਸਪਾਟਾ ਹੋਵੇਗਾ ਵਿਕਸਿਤ: ਭਗਵੰਤ ਮਾਨ ਨੇ ਪਬਲਿਕ ਐਕਸ਼ਨ ਕਮੇਟੀ ਨੂੰ ਜਿੱਥੇ ਟੈਕਸਟਾਈਲ ਪਾਰਕ ਰੱਦ ਕਰਨ ਦਾ ਆਪਣਾ ਫ਼ੈਸਲਾ ਦੱਸਿਆ ਉੱਥੇ ਹੀ ਉਨ੍ਹਾਂ ਭਰੋਸਾ ਵੀ ਦਿਵਾਇਆ ਕਿ ਹੁਣ ਮੱਤੇਵਾੜਾ ਇਲਾਕੇ ਵਿਚ ਇਕ ਸਪੋਰਟਸ ਕੰਪਲੈਕਸ ਦੀ ਉਸਾਰੀ ਕੀਤੀ ਜਾਵੇਗੀ। ਇਸ ਤੋਂ ਇਲਾਵਾ ਇਸ ਇਲਾਕੇ ਨੂੰ ਸੈਰ ਸਪਾਟੇ ਵਜੋਂ ਵਿਕਸਿਤ ਕਰਨ ਲਈ ਵੀ ਸਰਕਾਰ ਕੰਮ ਕਰੇਗੀ, ਜਿਸ ਨੂੰ ਲੈ ਕੇ ਪਿੰਡ ਵਾਸੀ ਵੀ ਕਾਫੀ ਖੁਸ਼ ਨੇ ਉਨ੍ਹਾਂ ਦਾ ਕਹਿਣਾ ਹੈ ਕਿ ਇਸ ਨਾਲ ਨੌਜਵਾਨ ਨਸ਼ੇ ਤੋਂ ਦੂਰ ਰਹਿਣਗੇ ਅਤੇ ਜਦੋਂ ਇਸ ਨੂੰ ਸੈਰ ਸਪਾਟੇ ਵਜੋਂ ਵਿਕਸਿਤ ਕੀਤਾ ਜਾਵੇਗਾ ਤਾਂ ਇੱਥੇ ਟੂਰਿਸਟ ਆਉਣਗੇ ਤੇ ਨਾਲ ਹੀ ਉਨ੍ਹਾਂ ਦੇ ਨੌਜਵਾਨਾਂ ਨੂੰ ਵੀ ਕੋਈ ਨਾ ਕੋਈ ਰੁਜ਼ਗਾਰ ਜ਼ਰੂਰ ਮਿਲ ਜਾਵੇਗਾ।
ਜ਼ਮੀਨ ਵਾਪਸ ਦੇਣ ਦੀ ਮੰਗ: ਇਲਾਕਾ ਵਾਸੀਆਂ ਨੇ ਗਲਾਡਾ ਵੱਲੋਂ ਐਕਵਾਇਰ ਕੀਤੀ ਜ਼ਮੀਨ ਵੀ ਵਾਪਸ ਦੇਣ ਦੀ ਮੰਗ ਕੀਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਮੁੱਖ ਕਿੱਤਾ ਖੇਤੀ ਹੀ ਹੈ, ਉਨ੍ਹਾਂ ਕੋਲ ਜੋ ਪੰਚਾਇਤੀ ਜ਼ਮੀਨ ਸੀ ਉਹ ਪੰਚਾਇਤ ਨੇ ਉਨ੍ਹਾਂ ਨੂੰ ਕੁਝ ਪੈਸੇ ਦੇ ਕੇ ਵਾਪਿਸ ਲੈ ਲਈ। ਇਲਾਕਾ ਵਾਸੀਆਂ ਨੇ ਕਿਹਾ ਕਿ ਉਹ ਪੈਸੇ ਦੇਣ ਨੂੰ ਤਿਆਰ ਨਹੀਂ ਜੇਕਰ ਉਨ੍ਹਾਂ ਨੂੰ ਉਹ ਜ਼ਮੀਨ ਮੁੜ ਤੋਂ ਦਿੱਤੀ ਜਾਵੇ ਤਾਂ ਜੋ ਉਹ ਪਹਿਲਾਂ ਵਾਂਗ ਇਸ ਜ਼ਮੀਨ ਤੇ ਖੇਤੀ ਕਰ ਸਕਣ। ਉਨ੍ਹਾਂ ਨੇ ਕਿਹਾ ਕਿ ਇਹ ਜ਼ਮੀਨ ਹੀ ਸਾਡੇ ਲਈ ਸਭ ਕੁਝ ਸੀ ਅਤੇ ਇਲਾਕਾ ਪਛੜਿਆ ਹੋਣ ਕਰਕੇ ਇੱਥੇ ਖੇਤੀ ਹੀ ਇਕ ਮੁੱਖ ਕੀਤਾ ਹੈ ਜਿਸ ਦੇ ਆਧਾਰ ਤੇ ਪਿੰਡਾਂ ਦੇ ਵਿੱਚ ਲੋਕਾਂ ਦੀ ਰੋਜ਼ੀ ਰੋਟੀ ਚਲਦੀ ਹੈ।
ਇਹ ਵੀ ਪੜੋ: ਸਰਕਾਰੀ ਬੱਸਾਂ ਤੋਂ ਭਿਡਰਾਂਵਾਲੇ ਦੀਆਂ ਤਸਵੀਰਾਂ ਲਾਹਉਣ ਦਾ ਫੈਸਲਾ ਵਾਪਸ, ਵਿਰੋਧੀਆਂ ਨੇ ਘੇਰੀ ਮਾਨ ਸਰਕਾਰ