ਲੁਧਿਆਣਾ : ਸ਼ਹਿਰ ਦੀ ਲਾਈਫਲਾਈਨ ਕਹੇ ਜਾਣ ਵਾਲੇ ਜਗਰਾਓਂ ਪੁੱਲ ਦਾ ਕੰਮ ਪਿਛਲੇ ਕਈ ਸਾਲਾਂ ਤੋਂ ਅੱਧ ਵਿਚਾਲੇ ਲਟਕਿਆ ਹੋਇਆ ਹੈ। ਹੁਣ ਇਸ ਪੁੱਲ ਦਾ ਕੰਮ ਆਪਣੀ ਅੰਤਮ ਪੜਾਅ ਤੱਕ ਪੁੱਜ ਚੁੱਕਾ ਹੈ ਅਤੇ ਸ਼ਹਿਰ ਦੇ ਡਿਪਟੀ ਮੇਅਰ ਨੇ 2 ਅਕਤੂਬਰ ਤੱਕ ਪੂਰਾ ਹੋਣ ਦੀ ਉਮੀਂਦ ਪ੍ਰਗਟਾਈ ਹੈ।
ਇਸ ਪੁੱਲ ਨੂੰ ਪੂਰਾ ਕੀਤੇ ਜਾਣ ਬਾਰੇ ਰੇਲਵੇ ਵਿਭਾਗ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਕੰਮ ਪੂਰਾ ਹੋ ਚੁੱਕਾ ਹੈ ਤੇ ਬਾਕੀ ਦਾ ਕੰਮ ਕਾਰਪੋਰੇਸ਼ਨ ਵੱਲੋਂ ਕੀਤਾ ਜਾਣਾ ਹੈ। ਦੱਸਣਯੋਗ ਹੈ ਕਿ ਇਸ ਪੁੱਲ ਦਾ ਕੰਮ ਖ਼ਤਮ ਕਰਨ ਲਈ 30 ਸਤੰਬਰ ਤੱਕ ਦੀ ਡੈਡਲਾਈਨ ਦਿੱਤੀ ਗਈ ਹੈ।ਸ਼ਹਿਰ ਦੇ ਡਿਪਟੀ ਮੇਅਰ ਜਗਰਾਓਂ ਪੁੱਲ ਦਾ ਜਾਇਜ਼ਾ ਲੈਣ ਪੁੱਜੇ। ਡਿਪਟੀ ਮੇਅਰ ਸੁੰਦਰ ਸ਼ਾਮ ਮਲਹੋਤਰਾ ਨੇ ਆਗਮੀ 2 ਅਕਤੂਬਰ ਤੱਕ ਇਸ ਦੇ ਮੁਕੰਮਲ ਹੋਣ ਦੀ ਉਮੀਂਦ ਪ੍ਰਗਟਾਈ ਹੈ। ਉਨ੍ਹਾਂ ਦੱਸਿਆ ਕਿ ਨਿਰਦੇਸ਼ਾਂ ਮੁਤਾਬਕ ਕੰਮ ਜਾਰੀ ਤੇ ਜਲਦ ਤੋਂ ਜਲਦ ਇਸ ਨੂੰ ਪੂਰਾ ਕਰ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਮੁਕੰਮਲ ਹੋਣ ਮਗਰੋਂ ਜਲਦ ਹੀ ਇਸ ਪੁੱਲ ਨੂੰ ਲੋਕਾਂ ਲਈ ਖੋਲ੍ਹ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪਿਛਲੇ ਸਮੇਂ ਲਗਾਤਾਰ ਮੀਂਹ ਪੈਣ ਕਾਰਨ ਪੁੱਲ ਦੀ ਉਸਾਰੀ ਦੇ ਕੰਮ 'ਚ ਦਿੱਕਤਾਂ ਆ ਰਹੀਆਂ ਸਨ।
ਇੱਕ ਪਾਸੇ ਜਿੱਥੇ ਜਗਰਾਉਂ ਪੁੱਲ ਦਾ ਕੰਮ ਮੁਕੰਮਲ ਕਰਵਾਉਣ ਵਾਲੇ ਰੇਲਵੇ ਵਿਭਾਗ ਦੇ ਠੇਕੇਦਾਰ ਨੇ ਕਿਹਾ ਹੈ ਕਿ ਹੁਣ ਰੇਲਵੇ ਵੱਲੋਂ ਆਪਣਾ ਸਾਰਾ ਕੰਮ ਮੁਕੰਮਲ ਕਰ ਲਿਆ ਗਿਆ ਹੈ। ਇਸ ਉੱਤੇ ਸੜਕ ਬਣਾ ਦਿੱਤੀ ਗਈ ਹੈ ਤੇ ਬਾਕੀ ਕੰਮ ਕਾਰਪੋਰੇਸ਼ਨ ਵਿਭਾਗ ਦਾ ਰਹਿ ਗਿਆ ਹੈ। ਠੇਕੇਦਾਰ ਨੇ ਦੱਸਿਆ ਕਿ ਕਾਰਪੋਰੇਸ਼ਨ ਵੱਲੋਂ ਤੇਜ਼ੀ ਨਾਲ ਕੰਮ ਜਾਰੀ ਹੈ ਤੇ 30 ਸਤੰਬਰ ਤੱਕ ਇਹ ਖ਼ਤਮ ਹੋ ਜਾਵੇਗਾ।