ਲੁਧਿਆਣਾ: ਸਮਾਰਟ ਸਿੱਟੀ ਲੁਧਿਆਣਾ 'ਚ ਹਰ ਪਾਸੇ ਲਗਭਗ ਸੜਕ ਦਾ ਕੰਮ ਕਰਵਾਇਆ ਜਾ ਰਿਹਾ ਹੈੈ, ਭਾਵੇਂ ਉਹ ਫਿਰੋਜ਼ਪੁਰ ਰੋਡ ,ਪੱਖੋਵਾਲ ਰੋਡ ਹੋਵੇ ਜਾਂ ਮਲਹਾਰ ਰੋਡ ਹੋਵੇ ਹਰ ਪਾਸੇ ਤੁਹਾਨੂੰ ਵਿਕਾਸ ਕਾਰਜ ਹੁੰਦੇ ਹੋਏ ਨਜ਼ਰ ਆਉਣਗੇ। ਸ਼ਹਿਰ ਵਿੱਚ ਹਰ ਪਾਸੇ ਉਸਾਰੀ ਕਾਰਜ ਜਾਰੀ ਹਨ, ਪਰ ਇਹ ਵਿਕਾਸ ਕਾਰਜ ਸ਼ਹਿਰ ਵਾਸੀਆਂ ਲਈ ਮੁਸੀਬਤ ਬਣਦੇ ਜਾ ਰਹੇ ਹਨ।
ਦਰਅਸਲ ਸ਼ਹਿਰ ਦੇ ਵੱਖ-ਵੱਖ ਇਲਾਕਿਆਂ 'ਚ ਚੱਲ ਰਹੇ ਵਿਕਾਸ ਕਾਰਜਾਂ ਦੇ ਕਾਰਨ ਲੋਕਾਂ ਨੂੰ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਨਗਰ ਨਿਗਮ ਲੁਧਿਆਣਾ ਤੇ ਹੋਰਨਾਂ ਠੇਕੇਦਾਰਾਂ ਵੱਲੋਂ ਇੱਕ ਪਾਸੇ ਵੱਖ-ਵੱਖ ਥਾਵਾਂ 'ਤੇ ਕੀਤੇ ਜਾ ਰਹੇ ਵਿਕਾਸ ਕਾਰਜ ਹਾਦਸਿਆਂ ਨੂੰ ਸੱਦਾ ਦੇ ਰਹੇ ਹਨ। ਕਿਉਂਕਿ ਠੇਕੇਦਾਰਾਂ ਵੱਲੋਂ ਸਾਈਨ ਬੋਰਡ, ਚੇਤਾਵਨੀ ਬੋਰਡ ਤੇ ਬੈਰੀਕੇਡਸ ਆਦਿ ਨਹੀਂ ਲਾਏ ਜਾ ਰਹੇ ਤੇ ਮੀਂਹ ਦੇ ਮੌਸਮ 'ਚ ਸੜਕਾਂ ਟੁੱਟਿਆਂ ਹੋਣ ਕਾਰਨ ਸੜਕ ਹਾਦਸੇ ਵੱਧ ਗਏ ਹਨ।
ਇਸ ਬਾਰੇ ਈਟੀਵੀ ਭਾਰਤ ਨਾਲ ਗੱਲਬਾਤ ਕਰਦਿਆਂ ਸਥਾਨਕ ਲੋਕਾਂ ਨੇ ਕਿਹਾ ਕਿ ਨਗਰ ਨਿਗਮ ਵੱਲੋਂ ਸ਼ਹਿਰ ਭਰ ਵਿੱਚ ਚਾਰੇ ਪਾਸੇ ਘੰਟਾ ਘਰ, ਜਗਰਾਓਂ ਰੋਡ, ਭਰਤ ਚੌਂਕ ਲਗਭਗ ਹਰ ਪਾਸੇ ਸੜਕਾਂ ਪੱਟਿਆਂ ਹੋਈਆਂ ਹਨ। ਲੋਕਾਂ ਦਾ ਕਹਿਣਾ ਹੈ ਕਿ ਸਾਰੇ ਸ਼ਹਿਰ ਦੀਆਂ ਸੜਕਾਂ ਤਾਂ ਪੁੱਟਿਆ ਹੋਇਆ ਹੈ, ਪਰ ਇਸ ਦੌਰਾਨ ਕਿਤੇ ਵੀ ਸੁਰੱਖਿਆ ਗਾਰਡਸ, ਚੇਤਾਵਨੀ ਬੋਰਡ ਤੇ ਬੈਰੇਕੇਡਸ ਆਦਿ ਨਹੀਂ ਲਗਾਏ ਗਏ ਹਨ। ਇਸ ਕਾਰਨ ਲੋਕ ਜਾਣੇ-ਅਣਜਾਣੇ ਹਾਦਸਿਆਂ ਦਾ ਸ਼ਿਕਾਰ ਹੋ ਰਹੇ ਹਨ।
ਕੌਮੀ ਸੜਕ ਸੁਰੱਖਿਆ ਕੌਂਸਲ ਦੇ ਮੈਂਬਰ ਕਮਲਜੀਤ ਸੋਈ ਨੇ ਕਿਹਾ ਕਿ ਰੋਜ਼ਾਨਾ ਸੜਕ ਹਾਦਸੇ ਹੋਣ ਕਾਰਨ ਲੁਧਿਆਣਾ ਸ਼ਹਿਰ ਸੜਕ ਹਾਦਸਿਆਂ ਦਾ ਗੜ੍ਹ ਬਣ ਗਿਆ ਹੈ। । ਬੀਤੇ ਦਿਨੀਂ ਇੱਕ ਸਰਵੇ ਵਿੱਚ ਲੁਧਿਆਣਾ ਨੂੰ ਸਭ ਤੋਂ ਵੱਧ ਸੜਕ ਹਾਦਸਿਆਂ ਵਾਲਾ ਸ਼ਹਿਰ ਐਲਾਨਿਆ ਗਿਆ ਸੀ। ਟ੍ਰੈਫਿਕ ਕੌਂਸਲ ਦੇ ਮੁਤਾਬਕ ਵੀ ਸ਼ਹਿਰ ਵਿੱਚ ਸਭ ਤੋਂ ਵੱਧ ਹਾਦਸੇ ਹੋਣ ਦਾ ਕਾਰਨ ਸ਼ਹਿਰ ਵਿੱਚ ਹਰ ਥਾਂ ਸੜਕਾਂ ਵਿੱਚ ਖੱਡੇ ਆਦਿ ਹੋਣਾ ਹੈ। ਉਨ੍ਹਾਂ ਰੋਜ਼ਾਨਾ 10 ਤੋਂ ਵੱਧ ਲੋਕਾਂ ਦੀ ਜਾਨ ਸੜਕ ਹਾਦਸੇ 'ਚ ਜਾਂਦੀ ਹੈ। ਮੌਨਸੂਨ ਦੇ ਵਿੱਚ ਸ਼ਹਿਰ ਭਰ 'ਚ ਅਜਿਹਾ ਕੀਤਾ ਜਾਣਾ ਗ਼ਲਤ ਹੈ।
ਉਨ੍ਹਾਂ ਕਿਹਾ ਕਿ ਨਗਰ ਨਿਗਮ ਨੂੰ ਸ਼ਹਿਰ ਦੇ ਕੰਮ ਕ੍ਰਮਵਾਰ ਕਰਵਾਉਣੇ ਚਾਹੀਦੇ ਹਨ ਤਾਂ ਜੋ ਲੋਕਾਂ ਨੂੰ ਮੁਸ਼ਕਲ ਨਾ ਪੇਸ਼ ਆਵੇ। ਉਨ੍ਹਾਂ ਕਿਹਾ ਕਿ ਹਾਈਵੇ ਤੇ ਸੜਕਾਂ ਆਦਿ 'ਤੇ ਵਿਕਾਸ ਕਾਰਜ ਦੇ ਕੰਮ ਦੌਰਾਨ ਚੇਤਾਵਨੀ ਬੋਰਡ ਤੇ ਬੈਰੀਕੇਡਸ ਲਗਾਉਣੇ ਜ਼ਰੂਰੀ ਹਨ, ਜੇਕਰ ਕੋਈ ਠੇਕੇਦਾਰ ਤੇ ਸਬੰਧਤ ਅਧਿਕਾਰੀ ਇਨ੍ਹਾਂ ਨਿਯਮਾਂ ਦੀ ਉਲੰਘਣਾ ਕਰਦਾ ਹੈ ਤਾਂ ਉਨ੍ਹਾਂ ਖਿਲਾਫ ਐਫਆਈਆਰ ਦਰਜ ਕੀਤੀ ਜਾ ਸਕਦੀ ਹੈ। ਕਮਲਜੀਤ ਸੋਈ ਨੇ ਕਿਹਾ ਕਿ ਉਹ ਸ਼ਹਿਰ ਵਿੱਚ ਦੌਰਾ ਕਰਨਗੇ ਤੇ ਜਿਥੇ ਵੀ ਵਿਕਾਸ ਕਾਰਜਾਂ ਦੌਰਾਨ ਸਾਈਨ ਬੋਰਡ ਤੇ ਚੇਤਾਵਨੀ ਆਦਿ ਨਹੀਂ ਦਿੱਤੀ ਗਈ, ਉਥੇ ਸਬੰਧਤ ਅਧਿਕਾਰੀਆਂ ਖਿਲਾਫ ਪੁਲਿਸ ਕੋਲ ਸ਼ਿਕਾਇਤ ਦੇ ਕੇ ਉਨ੍ਹਾਂ 'ਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ। ਇਸ ਸਬੰਧੀ ਉਹ ਜ਼ਿਲ੍ਹਾ ਪ੍ਰਸ਼ਾਸਨ ਤੱਕ ਵੀ ਪਹੁੰਚ ਕਰਨਗੇ।
ਇਹ ਵੀ ਪੜ੍ਹੋ: ਨਵਜੋਤ ਸਿੱਧੂ ਨੇ ਸੁਖਜਿੰਦਰ ਰੰਧਾਵਾ ਦੇ ਲਾਏ ਪੈਰੀ ਹੱਥ, ਜਾਣੋ ਕਿਉਂ...