ਲੁਧਿਆਣਾ: ਤਿੰਨ ਖੇਤੀ ਕਾਨੂੰਨਾਂ ( 3 agriculture bill) ਦੇ ਖਿਲਾਫ ਜਿੱਥੇ ਇੱਕ ਪਾਸੇ ਕਿਸਾਨ ਦਿੱਲੀ ਬਾਰਡਰ ’ਤੇ ਬੈਠ ਕੇ ਧਰਨਾ ਪ੍ਰਦਰਸ਼ਨ ਕਰ ਰਹੇ ਹਨ, ਉੱਥੇ ਹੀ ਦੂਜੇ ਪਾਸੇ ਕਿਸਾਨ ਮਹਾਪੰਚਾਇਤਾਂ ਹੋ ਰਹੀਆਂ ਹਨ, ਜਿਨ੍ਹਾਂ ਦਾ ਅਸਰ ਪਿੰਡਾਂ ’ਚ ਵਿਖਾਈ ਦੇਣ ਲੱਗਾ ਹੈ।
ਪਿੰਡ ’ਚ ਲਗਾਏ ਗਏ ਪੋਸਟਰ
ਇਸੇ ਦੇ ਚੱਲਦੇ ਲੁਧਿਆਣਾ (Ludhiana) ਦੇ ਵਿਧਾਨਸਭਾ ਹਲਕਾ ਰਾਏਕੋਟ ਦੇ ਪਿੰਡ ਟੂਸਾ ’ਚ ਪਿੰਡਵਾਸੀਆਂ ਅਤੇ ਕਿਸਾਨਾਂ ਨੇ ਵਿਸ਼ੇਸ਼ ਪੋਸਟਰ ਲਗਵਾ ਦਿੱਤਾ ਹੈ। ਪਿੰਡ ਵਾਸੀਆਂ ਨੇ ਪੋਸਟਰ ਚ ਸਾਫ ਲਿਖ ਦਿੱਤਾ ਹੈ ਕਿ ਚੋਣਾਂ ਦੌਰਾਨ ਕੋਈ ਵੀ ਪਾਰਟੀ ਦਾ ਲੀਡਰ ਉਨ੍ਹਾਂ ਤੋਂ ਵੋਟਾਂ ਮੰਗਣ ਨਾ ਆਉਣ, ਜੇਕਰ ਉਹ ਆਉਣਗੇ ਤਾਂ ਉਨ੍ਹਾਂ ਦਾ ਵਿਰੋਧ ਹੋਵੇਗਾ ਅਤੇ ਪਿੰਡ ਦੇ ਨੌਜਵਾਨਾਂ (Youth) ਵੱਲੋਂ ਉਨ੍ਹਾਂ ਤੋਂ ਸਵਾਲ ਪੁੱਛੇ ਜਾਣਗੇ।
'ਸਿਆਸੀ ਲੀਡਰਾਂ ਕੋਲੋਂ ਪੁੱਛੇ ਜਾਣਗੇ ਸਵਾਲ'
ਇਸ ਦੌਰਾਨ ਪਿੰਡ ਦੇ ਲੋਕਾਂ ਨੇ ਕਿਹਾ ਕਿ ਸਾਰੀਆਂ ਹੀ ਸਿਆਸੀ ਪਾਰਟੀਆਂ ਦੇ ਲੀਡਰ ਸਿਰਫ ਚੋਣਾਂ ਸਮੇਂ ਹੀ ਪਿੰਡਾਂ ’ਚ ਆਉਂਦੇ ਹਨ, ਪਰ ਇਸ ਤੋਂ ਪਹਿਲਾਂ ਉਨ੍ਹਾਂ ਦੀ ਕੋਈ ਸਾਰ ਨਹੀਂ ਲੈਂਦਾ ਹੈ। ਪਿੰਡਵਾਲਿਆਂ ਨੇ ਕਿਹਾ ਕਿ ਉਹ ਭਾਜਪਾ ਦੇ ਲੀਡਰਾਂ ਨੂੰ ਤਾਂ ਪਿੰਡ ਵਿੱਚ ਵੜਨ ਨਹੀਂ ਦੇਣਗੇ ਅਤੇ ਜੇਕਰ ਅਕਾਲੀ ਦਲ ਅਤੇ ਕਾਂਗਰਸ ਦੇ ਆਗੂ ਆਉਂਦੇ ਹਨ ਤਾਂ ਉਨ੍ਹਾਂ ਨੂੰ ਇਹ ਸਵਾਲ ਕੀਤੇ ਜਾਣਗੇ।
- ਜਦੋਂ ਖੇਤੀ ਕਾਨੂੰਨ ਪਾਸ ਹੋਏ ਉਸ ਸਮੇਂ ਇਨ੍ਹਾਂ ਪਾਰਟੀਆਂ ਨੇ ਇਸ ਦਾ ਵਿਰੋਧ ਕਿਉ ਨਹੀਂ ਕੀਤਾ ?
- ਅਕਾਲੀ-ਭਾਜਪਾ ਸਰਕਾਰ ਨੇ 10 ਸਾਲ ਦੇ ਕਾਰਜਕਾਲ ਦੌਰਾਨ ਲੋਕਾਂ ਨੂੰ ਕੀ ਸੁਵਿਧਾਵਾਂ ਦਿਤੀਆਂ ?
- ਕਾਂਗਰਸ ਨੇ ਕਿਹਾ ਸੀ ਕਿ ਬੇਅਦਬੀਆਂ ਦਾ ਇਨਸਾਫ ਦਵਾਇਆ ਜਾਵੇਗਾ, ਹਾਲੇ ਤੱਕ ਕਿਉਂ ਨਹੀਂ ਮਿਲਿਆ ?
- ਕਾਂਗਰਸ ਨੇ ਆਪਣੇ ਕੀਤੇ ਕਿੰਨੇ ਵਾਅਦੇ ਪੂਰੇ ਕੀਤੇ ?
- ਕਿਉਂ ਨੌਜਵਾਨ ਅੱਜ ਵੀ ਬੇਰੁਜ਼ਗਾਰ ਹਨ ?
- ਪਿੰਡਾਂ ਚੋਂ ਹਾਲੇ ਤੱਕ ਨਸ਼ਾ ਖਤਮ ਕਿਉਂ ਨਹੀਂ ਹੋਇਆ ?
- ਕਿਉ ਅੱਜ ਵੀ ਨੌਜਵਾਨ ਵਿਦੇਸ਼ਾਂ ’ਚ ਰੁਜ਼ਗਾਰ ਲੱਭਣ ਜਾਂਦੇ ਹਨ ?
ਕਿਸਾਨਾਂ ਅਤੇ ਪਿੰਡ ਵਾਸੀਆਂ ਨੇ ਇਹ ਵੀ ਕਿਹਾ ਕਿ ਪਿੰਡਾਂ ਵਿੱਚ ਵਿਕਾਸ ਦੇ ਨਾਂ ਤੇ ਕੋਈ ਵੀ ਸੁਵਿਧਾ ਨਹੀਂ ਹੈ। ਪਿੰਡ ਦੇ ਬਜ਼ੁਰਗਾਂ ਨੇ ਵੀ ਕਿਹਾ ਕਿ ਹੁਣ ਕਮਾਨ ਨੌਜਵਾਨਾਂ ਦੇ ਕੋਲ ਹੈ ਅਤੇ ਉਹ ਹੀ ਆਪਣਾ ਭਵਿੱਖ ਤੈਅ ਕਰਨਗੇ, ਹਾਲਾਂਕਿ ਉਨ੍ਹਾਂ ਨੇ ਇਹ ਵੀ ਕਿਹਾ ਕਿ ਉਨ੍ਹਾਂ ਵੱਲੋਂ ਚੋਣ ਪ੍ਰਕ੍ਰਿਆ ’ਚ ਕੋਈ ਵੀ ਰੁਕਾਵਟ ਨਹੀਂ ਪਾਈ ਜਾਵੇਗੀ, ਜਿਸ ਕਿਸੇ ਨੇ ਜਿਸ ਵੀ ਪਾਰਟੀ ਨੂੰ ਵੋਟ ਪਾਉਣੀ ਹੈ ਉਹ ਪਾ ਸਕਦਾ ਪਰ ਉਹ ਹੁਣ ਸਿਆਸੀ ਲੀਡਰਾਂ ਨੂੰ ਲੋਕਾਂ ਨੂੰ ਭਰਮਾਉਣ ਨਹੀਂ ਦੇਣਗੇ।